ਸ਼੍ਰੋਮਣੀ ਕਮੇਟੀ ਦੀ ਸੇਵਾ ਮੁਕਤ ਕਰਮਚਾਰੀ ਐਸੋਸ਼ੀਏਸ਼ਨ ਦੀ ਕਾਰਜਕਾਰਨੀ ਦੀ ਇਕੱਤਰਤਾ
ਸਾਬਕਾ ਸਕੱਤਰ ਸ. ਰਘਬੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀ.ਏ.ਸੀ. ਦਾ ਮੈਂਬਰ ਲੈਣ ਦਾ ਨਿੱਘਾ ਸਵਾਗਤ
ਦਿਲਜੀਤ ਸਿੰਘ ਬੇਦੀ ਐਸੋਸ਼ੀਏਸ਼ਨ ਦੇ ਸਰਬਸੰਮਤੀ ਨਾਲ ਬਣੇ ਪ੍ਰੈੱਸ ਸਕੱਤਰ
ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਮੁਕਤ ਕਰਮਚਾਰੀ ਐਸੋਸ਼ੀਏਸ਼ਨ ਦੀ ਕਾਰਜਕਾਰਨੀ ਦੀ ਵਿਸ਼ੇਸ ਇਕੱਤਰਤਾ ਐਸੋਸ਼ੀਏਸ਼ਨ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਅਦਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਸਮੇਂ ਮੂਲਮੰਤਰ ਦੇ ਪਾਠ ਕਰਕੇ ਪੁਲਵਾਮਾ ਵਿਚ ਸ਼ਹੀਦ ਹੋਏ ਫੌਜੀ ਜਵਾਨਾ ਨੂੰ ਸ਼ਰਧਾਂਜਲੀ ਅਰਪਨ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਪੂਰਨ ਹਮਦਰਦੀ ਪ੍ਰਗਟਾਈ ਗਈ।
ਇਕੱਤਰਤਾ ਦੀ ਜਾਣਕਾਰੀ ਦਿੰਦਿਆਂ ਸ. ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਰਘਬੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀ.ਏ.ਸੀ. ਦਾ ਮੈਂਬਰ ਲੈਣ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਤੇ ਬੁਲਾਰੇ ਵਜੋਂ ਨਿਭਾਈਆਂ ਵਡਮੁਲੀਆਂ ਸੇਵਾਵਾਂ ਕਾਰਨ ਸ. ਦਿਲਜੀਤ ਸਿੰਘ ਬੇਦੀ ਨੂੰ ਸਰਬਸੰਮਤੀ ਨਾਲ ਐਸੋਸ਼ੀਏਸ਼ਨ ਦਾ ਪ੍ਰੈੱਸ ਸਕੱਤਰ ਚੁਣ ਲਿਆ ਗਿਆ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸ. ਜੋਗਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮੰਗ ਅਨੁਸਾਰ ਸ਼ਤਾਬਦੀ ਸਮਾਗਮਾਂ ਸਮੇਂ ਐਸੋਸ਼ੀਏਸ਼ਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਜੋ ਵੀ ਸੇਵਾ ਲਾਏਗੀ ਐਸੋਸ਼ੀਏਸ਼ਨ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਏਗੀ।
ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਸਾਬਕਾ ਮੁਲਾਜਮਾਂ ਅਤੇ ਸਿੱਖ ਮਸਲਿਆਂ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਧਿਕਾਰੀਆਂ ਨਾਲ ਗਲਬਾਤ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸ. ਰਘਬੀਰ ਸਿੰਘ ਰਾਜਾਸਾਸੀ ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਦਿਲਜੀਤ ਸਿੰਘ ਬੇਦੀ, ਸ. ਸਤਬੀਰ ਸਿੰਘ ਧਾਮੀ, ਸ. ਜਗਜੀਤ ਸਿੰਘ ਜੱਗੀ, ਸ. ਬਲਬੀਰ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਇਹ ਕਮੇਟੀ ਜਲਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲ ਕੇ ਬੇਨਤੀ ਕਰੇਗੀ ਕਿ ਸ਼੍ਰੋਮਣੀ ਕਮੇਟੀ ਮੁਲਾਜਮਾਂ ਅਤੇ ਸਾਬਕਾ ਮੁਲਾਜਮਾਂ ਦਾ ਮੈਡੀਕਲ ਬੀਮਾਂ ਕਿਸੇ ਸਰਕਾਰੀ ਕੰਪਨੀ ਤੋਂ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇ। ਇਸੇ ਦੌਰਾਨ ਨਵ ਨਿਯੁਕਤ ਪ੍ਰੈਸ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸੇਵਾ ਮੁਕਤ ਕਰਮਚਾਰੀ ਐਸੋਸ਼ੀਏਸ਼ਨ ਵੱਲੋਂ ਸੇਵਾਮੁਕਤ ਕਰਮਚਾਰੀਆਂ ਦੀ ਇਕ ਡਾਇਰੈਕਟਰੀ ਤਿਆਰ ਕੀਤੀ ਜਾਵੇਗੀ, ਜਿਸ ਵਿਚ ਕਰਮਚਾਰੀ ਦੀ ਫੋਟੋ ਪੱਕਾ ਪਤਾ ਟੈਲੀਫੋਨ ਨੰਬਰ ਤੇ ਉਸ ਬਾਰੇ ਹੋਰ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਵੇਗੀ। ਐਸੋਸ਼ੀਏਸ਼ਨ ਦੇ ਸਾਰੇ ਮੈਂਬਰ ਇਸ ਸਬੰਧੀ ਦਫਤਰ ਨਾਲ ਸੰਪਰਕ ਬਣਾਉਣ। ਅੱਜ ਦੀ ਕਾਰਜਕਾਰਨੀ ਦੀ ਇਕੱਤਰਤਾ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤੇ ਨੂੰ ਸਾਫ ਸੁਥਰਾ ਬਣਾਉਦਿਆਂ ਚਹੁੰ ਦਰਵਾਜਿਆਂ ਦੀ ਦਿੱਖ ਵੀ ਸੁਧਾਰੀ ਜਾਵੇ। ਇਸ ਵੇਲੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਕੇਵਲ ਸੁਲਤਾਨਵਿੰਡ ਗੇਟ ਵਾਲੇ ਪਾਸੇ ਤੋਂ ਹੀ ਵਹੀਕਲ ਅੰਦਰ ਜਾ ਰਹੇ ਹਨ ਜੋ ਰਸਤਾ ਤੰਗ ਹੋਣ ਕਾਰਨ ਅਕਸਰ ਜਾਮ ਲਗਾ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚਾਟੀਵਿੰਡ ਗੇਟ ਸਹਿਤ ਬਾਕੀ ਪ੍ਰਵਾਨਿਤ ਰਸਤਿਆਂ ਤੋਂ ਨਜਾਇਜ ਕਬਜੇ ਹਟਾ ਕੇ ਰਸਤੇ ਖਾਲੀ ਕਰਵਾਏ ਜਾਣ।
ਅੱਜ ਦੀ ਇਸ ਇਕੱਤਰਤਾ ਵਿਚ ਸ. ਚਰਨਜੀਤ ਸਿੰਘ, ਸ. ਹਰਭਜਨ ਸਿੰਘ, ਸ. ਪਰਮਿੰਦਰ ਸਿੰਘ ਡੰਡੀ, ਸ. ਰਾਜ ਸਿੰਘ, ਸ. ਹਰਿੰਦਰਪਾਲ ਸਿੰਘ, ਸ. ਜਤਿੰਦਰ ਸਿੰਘ, ਸ. ਸਵਿੰਦਰ ਸਿੰਘ ਆਈ.ਏ., ਸ. ਗੁਰਬਚਨ ਸਿੰਘ, ਕੁਲਵੰਤ ਸਿੰਘ, ਸ. ਸ਼ੇਰ ਸਿੰਘ, ਸ. ਜੇਠਾ ਸਿੰਘ, ਸ. ਮਹਿਤਾਬ ਸਿੰਘ ਆਦਿ ਹਾਜ਼ਰ ਸਨ।

