ਪੰਜਾਬਪਟਿਆਲਾ

ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਐਸ.ਟੀ.ਐਫ. ਸੁਹਿਰਦ-ਏ.ਡੀ.ਜੀ.ਪੀ. ਦਿਉ

ਐਸ.ਟੀ.ਐਫ. ਨੇ ਨਸ਼ਿਆਂ ਦੀ ਪੂਰਤੀ ਬੰਦ ਕੀਤੀ, ਨਸ਼ਾ ਮੁਕਤੀ ਤੇ ਨਸ਼ਿਆਂ ਦੀ ਰੋਕਥਾਮ ਜਾਰੀ
ਨਸ਼ਾ ਮੁਕਤ ਪੰਜਾਬ ਲਈ ਲੋਕਾਂ ਦਾ ਸਹਿਯੋਗ ਜਰੂਰੀ, ਪੰਚਾਂ-ਸਰਪੰਚਾਂ ਨੂੰ ਦਿੱਤੀ ਜਾਵੇਗੀ ਡੈਪੋ ਦੀ ਸਿਖਲਾਈ-ਦਿਓ
ਐਸ.ਟੀ.ਐਫ. ਤੇ ਜ਼ਿਲ੍ਹਾ ਪੁਲਿਸ ਦੇ ਆਪਸੀ ਤਾਲਮੇਲ ਨੇ ਨਸ਼ਾ ਤਸਕਰਾਂ ‘ਤੇ ਬਣਾਇਆ ਭਾਰੀ ਦਬਾਅ-ਦਿਓ
ਐਸ.ਟੀ.ਐਫ. ਦੇ ਏ.ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਵੱਲੋਂ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ
ਪਟਿਆਲਾ, 5 ਮਾਰਚ (ਮਧੂਸਾਰ ਬਿਊਰੋ) ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਸੋਚ ਤਹਿਤ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਐਸ.ਟੀ.ਐਫ. ਨੇ ਆਪਣੀ ਤਿੰਨ ਪੱਖੀ ਰਣਨੀਤੀ, ਕਾਨੂੰਨੀ ਕਾਰਵਾਈ, ਨਸ਼ਾ ਮੁਕਤੀ ਅਤੇ ਰੋਕਥਾਮ ਨੂੰ ਲਾਗੂ ਕਰਨ ‘ਚ ਵਿਆਪਕ ਸਫ਼ਲਤਾ ਪ੍ਰਾਪਤ ਕੀਤੀ ਹੈ।

ਅੱਜ ਇੱਥੇ ਪੁਲਿਸ ਲਾਇਨ ਵਿਖੇ ਪਟਿਆਲਾ ਰੇਂਜ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਸਮੇਤ ਸਬੰਧਤ ਐਸ.ਪੀਜ, ਡੀ.ਐਸ.ਪੀਜ ਤੇ ਥਾਣਾ ਮੁਖੀਆਂ ਨਾਲ ਕੀਤੀ ਅਹਿਮ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਸ੍ਰੀਮਤੀ ਦਿਓ ਨੇ ਕਿਹਾ ਕਿ ਕਰੀਬ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਐਸ.ਟੀ.ਐਫ. ਨੇ ਨਸ਼ਿਆਂ ਦੇ ਤਸਕਰਾਂ ‘ਤੇ ਲਗਾਮ ਕਸ ਕੇ ਸਪਲਾਈ ਲਾਇਨ ਤਾਂ ਕੱਟੀ ਹੀ ਸਗੋਂ ਨਸ਼ਾ ਮੁਕਤੀ ਅਤੇ ਨਸ਼ਿਆਂ ਦੀ ਰੋਕਥਾਮ ਲਈ ਵੀ ਕਦਮ ਉਠਾਏ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਲਾਗੂ ਕੀਤੇ ਗਏ ਡੈਪੋ ਅਤੇ ਬੱਡੀਜ ਪ੍ਰੋਗਰਾਮ ਸਫ਼ਲਤਾ ਪੂਰਵਕ ਚੱਲ ਰਹੇ ਹਨ।
ਸ੍ਰੀਮਤੀ ਦਿਓ ਨੇ ਕਿਹਾ ਕਿ ਐਸ.ਟੀ.ਐਫ. ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਕੀਤੇ ਗਏ ਪ੍ਰਣ ਤਹਿਤ ਜ਼ਿਲ੍ਹਾ ਪੁਲਿਸ ਅਤੇ ਐਸ.ਟੀ.ਐਫ. ਰੇਂਜ ਅਧਿਕਾਰੀਆਂ ਨੇ ਆਪਸੀ ਤਾਲਮੇਲ ਨਾਲ ਨਸ਼ਾ ਤਸਕਰਾਂ ‘ਤੇ ਹਰ ਪੱਖੋਂ ਦਬਾਅ ਬਣਾਇਆ ਹੋਇਆ ਹੈ। ਐਸ.ਟੀ.ਐਫ. ਵੱਲੋਂ ਅਪਣਾਈ ਰਣਨੀਤੀ ਤਹਿਤ ਨਸ਼ੀਲੇ ਪਦਾਰਥਾਂ ਵਿਰੁੱਧ ਵਿਆਪਕ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਵਿਰੁੱਧ ਜਿੱਥੇ ਕਾਨੂੰਨੀ ਕਾਰਵਾਈ ਕਰਕੇ ਨਸ਼ੇ ਦੀ ਪੂਰਤੀ ਨੂੰ ਠੱਪ ਕੀਤੀ ਹੈ, ਉਥੇ ਹੀ ਨਸ਼ਾ ਮੁਕਤੀ ਅਤੇ ਨਸ਼ਿਆਂ ਦੀ ਵਰਤੋ ਦੀ ਰੋਕਥਾਮ ਰਾਂਹੀ ਨਸ਼ੇ ਦੀ ਮੰਗ ਨੂੰ ਵੀ ਘੱਟ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਐਸ.ਟੀ.ਐਫ. ਜਿੱਥੇ ਇਮਾਨਦਾਰ ਤੇ ਪ੍ਰਭਾਸ਼ਾਲੀ ਪੁਲਿਸਿੰਗ ‘ਚ ਯਕੀਨ ਕਰਦੀ ਹੈ, ਉਥੇ ਹੀ ਕਾਲੀਆਂ ਭੇਡਾਂ ਵਿਰੁੱਧ ਕਾਰਵਾਈ ਅਤੇ ਚੰਗੇ ਕੰਮ ਵਾਲਿਆਂ ਦੀ ਸ਼ਲਾਘਾ ਦੀ ਰਣਨੀਤੀ ‘ਤੇ ਵੀ ਅਮਲ ਕਰ ਰਹੀ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜੁਆਬ ‘ਚ ਏ.ਡੀ.ਜੀ.ਪੀ. ਸ੍ਰੀਮਤੀ ਦਿਓ ਨੇ ਕਿਹਾ ਕਿ ਭਾਵੇਂ ਕੋਈ ਵੀ ਮਿਸ਼ਨ ਇੱਕ ਦਮ ਸਫ਼ਲ ਨਹੀਂ ਹੁੰਦਾ ਤੇ ਲੋਕਾਂ ਦਾ ਸਹਿਯੋਗ ਜਰੂਰੀ ਹੁੰਦਾ ਹੈ ਜਿਸ ਲਈ ਐਸ.ਟੀ.ਐਫ. ਨੇ ਨਵੇਂ ਚੁਣੇ ਪੰਚਾਂ-ਸਰਪੰਚਾਂ ਦੀ ਡੈਪੋ ਵਜੋਂ ਸਿਖਲਾਈ ਲਈ ਇੱਕ ਪ੍ਰੋਗਰਾਮ ਉਲੀਕਿਆ ਹੈ। ਇਸ ਤੋਂ ਬਿਨ੍ਹਾਂ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰਾਲੇ ਵੱਲੋਂ ਏਮਜ ਜਾਰੀ ਕਰਵਾਏ ਸਰਵੇਖਣ ‘ਤੇ ਅਧਾਰਤ ‘ਮੈਗਨੀਚਿਊਡ ਆਫ਼ ਸਬਸਟਾਂਸ ਯੂਜ ਇਨ ਇੰਡੀਆ’ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਵੀ ਦੇਸ਼ ਦੇ ਉਨ੍ਹਾਂ ਰਾਜਾਂ ‘ਚ ਸ਼ੁਮਾਰ ਹੈ, ਜਿਥੇ ਨਸ਼ਿਆਂ ਦੀ ਵਰਤੋਂ ਵਧੇਰੇ ਹੈ, ਇਸ ਲਈ ਨਸ਼ਿਆਂ ਦੇ ਖਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਪੂਰੀ ਤਰ੍ਹਾਂ ਗੰਭੀਰ ਹੈ, ਜਿਸ ਲਈ ਸਰਕਾਰ ਨੇ ਬਹੁ ਪੱਧਰੀ ਨਿਗਰਾਨੀ ਅਤੇ ਕਾਰਜ-ਪ੍ਰਣਾਲੀ ਤਿਆਰ ਕਰਕੇ ਰਾਜ ਪੱਧਰ ‘ਤੇ ਉਚ ਪੱਧਰੀ ਕਮੇਟੀ ਸਮੇਤ ਸਾਰੇ ਜ਼ਿਲ੍ਹਿਆਂ ‘ਚ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੀਆਂ ਜ਼ਿਲ੍ਹਾ ਮਿਸ਼ਨ ਟੀਮਾਂ ਬਣਾਈਆਂ ਹਨ, ਜਿਨ੍ਹਾਂ ‘ਚ ਐਸ.ਐਸ.ਪੀ., ਸਿਵਲ ਸਰਜਨ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਖੇਡ ਅਫ਼ਸਰ, ਜਿਲ੍ਹਾ ਸਮਾਜ ਭਲਾਈ ਅਫ਼ਸਰ ਅਤੇ ਹੋਰ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਸ਼ਾਮਲ ਹਨ, ਇਸੇ ਤਰ੍ਹਾਂ ਸਬ ਡਵੀਜਨ ਪੱਧਰ ‘ਤੇ ਵੀ ਅਜਿਹੀਆਂ ਕਮੇਟੀਆਂ ਬਣੀਆਂ ਹੋਈਆਂ ਹਨ। ਜਿਸ ਤਹਿਤ ਡੈਪੋ ਤੇ ਬੱਡੀਜ ਨੂੰ ਹਰ ਗਲੀ ਮੁਹੱਲੇ, ਪਿੰਡ-ਪਿੰਡ ਤੇ ਸਕੂਲ-ਕਾਲਜ ਪੱਧਰ ‘ਤੇ ਲਿਜਾਇਆ ਗਿਆ ਹੈ।
ਸ੍ਰੀਮਤੀ ਦਿਓ ਨੇ ਦੱਸਿਆ ਕਿ ਨਸ਼ਾ ਮੁਕਤੀ ਲਈ ਆਊਟ ਪੇਸ਼ੈਂਟ ਓਪਾਈਡ ਅਸਿਸਟਿਡ ਟਰੀਟਮੈਂਟ ਕਲੀਨਿਕਾਂ ਤੇ ਨਸ਼ਾ ਮੁਕਤੀ ਕੇਂਦਰਾਂ ਦੀ ਮਦਦ ਨਾਲ ਬਿਹਤਰ ਇਲਾਜ ਰਾਂਹੀ ਨਸ਼ਾ ਲੈਣ ਵਾਲਿਆਂ ਨੂੰ ਆਮ ਜੀਵਨ ਜੀਉਣ ਅਤੇ ਸਮਾਜ ਦੇ ਵਧੀਆ ਮੈਂਬਰ ਬਣਨ ਦੇ ਯੋਗ ਬਣਾਉਣ ਦੇ ਨਾਲ-ਨਾਲ ਬਿਨ੍ਹਾਂ ਨਸ਼ਾ ਮੁਕਤੀ ਲਈ ਸ਼ੋਸਲ ਮੀਡੀਆ ਦੀ ਮਦਦ ਵੀ ਲਈ ਜਾ ਰਹੀ ਹੈ।
ਸ੍ਰੀਮਤੀ ਦਿਓ ਨੇ ਦੱਸਿਆ ਕਿ ਸਾਰੇ ਕਾਨੂੰਨੀ ਕਾਰਵਾਈ ਕਰਨ ਵਾਲੇ ਯੂਨਿਟਾਂ ਦੇ ਕੰਮ ਕਾਜ ਦੀ ਕਾਰਜਗੁਜਾਰੀ ਦੀ ਮਹੀਨਾਵਾਰ ਅਸਰਦਾਰ ਨਿਗਰਾਨੀ, ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨਾ ਇਨ੍ਹਾਂ ਦੀ ਜਾਇਦਾਦ ਜਬਤ ਕਰਨਾਂ, ਜੇਲਾਂ ‘ਚ ਬੰਦ ਸਮਗਲਰਾਂ ‘ਤੇ ਨਿਗਰਾਨੀ, ਡਿਫਾਲਟ ਜਮਾਨਤ ਰੋਕਣ ਲਈ ਐਨ.ਡੀ.ਪੀ.ਐਸ.ਐਕਟ ਦੀ ਧਾਰਾ 36 ਏ (4) ਦੇ ਤਹਿਤ ਚਾਰਜ਼ਸ਼ੀਟ ਦਾਖਲ ਕਰਨ ਲਈ ਅਦਾਲਤਾਂ ਤੋਂ 180 ਦਿਨਾਂ ਤੋਂ ਵੱਧ ਸਮਾਂ ਲੈਣ ਸਮੇਤ •ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਦੀ ਜਾਂਚ ਵਿੱਚ ਕਮੀਆਂ, ਜਿਸ ਦੇ ਸਿੱਟੇ ਵਜ਼ੋਂ ਜਮਾਨਤਾਂ ਹੋ ਜਾਂਦੀਆਂ ਸਨ, ਨੂੰ ਦੂਰ ਕਰਨ ਲਈ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਇਸ ਤੋਂ ਬਿਨ੍ਹਾਂ ਨਸ਼ਾ ਤਸ਼ਕਰਾਂ ਨੂੰ ਫੜਨ ਲਈ ਸੰਯੁਕਤ ਰਣਨੀਤੀ ਤਿਆਰ ਤਹਿਤ ਗੁਆਂਢੀ ਰਾਜਾਂ ਨਾਲ ਵੱਖਰੇ ਤੌਰ ‘ਤੇ ਤਾਲਮੇਲ ਮੀਟਿੰਗਾਂ ਸਦਕਾ ਆਪਸੀ ਸਹਿਯੋਗ ਤੇ ਤਾਲਮੇਲ ਨਾਲ ਐਸ.ਟੀ.ਐਫ. ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਇਆ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਆਈ.ਜੀ. ਐਸ.ਟੀ.ਐਫ. ਸ੍ਰੀ ਚੰਦਰ ਸ਼ੇਖਰ, ਆਈ.ਜੀ. ਪਟਿਆਲਾ ਰੇਂਜ ਸ. ਏ.ਐਸ. ਰਾਏ, ਏ.ਆਈ.ਜੀ. ਸ. ਹਰਜੀਤ ਸਿੰਘ, ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਸਮੇਤ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਐਸ.ਐਸ.ਪੀਜ., ਐਸ.ਪੀਜ., ਡੀ.ਐਸ.ਪੀਜ. ਤੇ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *