ਡਿਪਟੀ ਕਮਿਸ਼ਨਰ ਵੱਲੋਂ ਗਰਮੀ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਜਾਰੀ
ਪਟਿਆਲਾ, 7 ਮਾਰਚ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆਂ ਕਿਸਮ ਦੇ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਬਾਗਬਾਨੀ ਵਿਭਾਗ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸੇ ਲੜੀ ਤਹਿਤ ਅੱਜ ਗਰਮੀ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਜ਼ੀਆਂ ਦੇ ਵਧੀਆਂ ਕੁਆਲਟੀ ਦੇ ਬੀਜ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਇਸ ਤਹਿਤ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਸਬਸਿਡੀ ਰੇਟ ਉਪਰ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਘਰੇਲੂ ਬਗੀਚੀ ਵਿਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਪੈਦਾ ਕਰਕੇ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਤੰਦਰੁਸਤ ਰਹਿਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ ਘੱਟ 300 ਗ੍ਰਾਮ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇਸ ਕਿੱਟ ਵਿਚ 8 ਕਿਸਮ ਦੇ ਗਰਮੀ ਰੁੱਤ ਦੀਆਂ ਸਬਜੀਆਂ ਦੇ ਪ੍ਰਮਾਣਿਤ ਕਿਸਮ ਦੇ ਬੀਜ ਹਨ ਜੋ 8 ਮਰਲਿਆਂ ਵਿਚ ਬੀਜੇ ਜਾ ਸਕਦੇ ਹਨ ਅਤੇ ਜਿਸ ਵਿਚੋਂ 8 ਜੀਆਂ ਦਾ ਪਰਿਵਾਰ ਸਬਜ਼ੀ ਪੈਦਾ ਕਰਕੇ ਖਾ ਸਕਦਾ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਿੱਟ ਦਾ ਬਹੁਤ ਹੀ ਵਾਜਿਬ ਰੇਟ ਰਖਿਆ ਗਿਆ ਹੈ। ਡਾ. ਮਾਨ ਨੇ ਦੱਸਿਆ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਬਲਾਕ ਪੱਧਰ ਦੇ ਦਫ਼ਤਰ ਪਟਿਆਲਾ, ਰਾਜਪੁਰਾ ਅਤੇ ਨਾਭਾ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਵਧੀਕ ਸਹਾਇਕ ਕਮਿਸ਼ਨਰ (ਜਰਨਲ) ਸ੍ਰੀਮਤੀ ਇਸਮੀਤ ਵਿਜੈ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਅਤੇ ਬਾਗਬਾਨੀ ਵਿਕਾਸ ਅਫ਼ਸਰ ਡਾ. ਕੁਲਵਿੰਦਰ ਸਿੰਘ ਵੀ ਮੌਜੂਦ ਸਨ ।

