‘ਆਧੁਨਿਕ ਤਕਨਾਲੋਜੀ ਨੇ ਪੰਜਾਬੀ ਭਾਸ਼ਾ ਦਾ ਰੁੱਖ ਵਿਕਾਸਮਈ ਬਣਾਇਆ’
ਪਟਿਆਲਾ 8 ਮਧੂਸਾਰ ਬਿਊਰੋ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਮਿਤੀ 07 ਮਾਰਚ ਨੂੰ ਸ਼ੁਰੂ ਹੋਈ ਦੋ ਰੋਜ਼ਾ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਅੱਜ ਸਫ਼ਲਤਾ ਪੂਰਵਕ ਆਪਣੇ ਅੰਤਿਮ ਪੜਾਅ ‘ਤੇ ਪਹੁੰਚੀ। ਇਹ ਕਾਨਫ਼ਰੰਸ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਇਸ ਕਾਨਫ਼ਰੰਸ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਾਲਜ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਸ. ਸੁਰਜੀਤ ਸਿੰਘ ਰੱਖੜਾ ਨੇ ਕੀਤੀ ਅਤੇ ਕਨੇਡਾ ਦੇ ਸ. ਅਜੈਬ ਸਿੰਘ ਚੱਠਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਾਇਰੈਕਟਰ ਯੂਥ ਵੈਲਫੇਅਰ ਡਾ. ਸਤੀਸ਼ ਕੁਮਾਰ ਵਰਮਾ ਨੇ ਮੁੱਖ ਭਾਸ਼ਣ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ।
ਇਸ ਸੈਸ਼ਨ ਦੌਰਾਨ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਨੂੰ ਪ੍ਰਸ਼ਾਸਨਿਕ ਅਤੇ ਅਕਾਦਮਿਕ ਪੱਧਰ ‘ਤੇ ਪਾਏ ਯੋਗਦਾਨ ਲਈ ‘ਖ਼ਾਲਸਾ ਕਾਲਜ ਨਾਰੀ ਗੌਰਵ ਐਵਾਰਡ-2019’ ਨਾਲ, ਸ. ਅਜੈਬ ਸਿੰਘ ਚੱਠਾ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਸ਼ਵ ਪੱਧਰ ‘ਤੇ ਪਸਾਰ ਲਈ ‘ਮਾਣ ਪੰਜਾਬ ਦਾ ਐਵਾਰਡ-2019’ ਨਾਲ ਅਤੇ ਸ਼੍ਰੀ ਅਨੁੱਜ ਅਰੋੜਾ -ਪੰਜਾਬੀ ਅਤੇ ਕਾਰਪੋਰੇਟ ਜਗਤ ਦੀ ਪ੍ਰਸਿੱਧ ਹਸਤੀ ਨੂੰ ਪੰਜਾਬੀਅਤ ਦੇ ਫ਼ੈਲਾਓ ਲਈ ਸਨਮਾਨਿਤ ਕੀਤਾ ਗਿਆ।
ਸ. ਸੁਰਜੀਤ ਸਿੰਘ ਰੱਖੜਾ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਭਾਵੇਂ ਆਧੁਨਿਕ ਤਕਨਾਲੋਜੀ ਨੇ ਪੰਜਾਬੀ ਭਾਸ਼ਾ ਦਾ ਰੁੱਖ ਵਿਕਾਸਮਈ ਬਣਾਇਆ ਹੈ ਪਰ ਫ਼ਿਰ ਵੀ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਅਤੇ ਹਾਲੇ ਹੋਰ ਉਪਰਾਲੇ ਕਰਨ ਦੀ ਜ਼ਰੂਰਤ ਹੈ।
ਸ. ਅਜੈਬ ਸਿੰਘ ਚੱਠਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਆਪਣੇ ਪੂਰਵਜਾਂ ਵੱਲੋਂ ਦਿੱਤੇ ਪੰਜਾਬੀਅਤ ਦੇ ਆਦਰਸ਼ਵਾਦੀ ਸਰੂਪ ਨੂੰ ਜ਼ਿੰਦਗੀ ਵਿੱਚ ਵਿਹਾਰਕ ਪੱਧਰ ‘ਤੇ ਲਾਗੂ ਕਰਨ ਦੀ ਅਹਿਮ ਜ਼ਰੂਰਤ ਹੈ।
ਡਾ. ਸਤੀਸ਼ ਕੁਮਾਰ ਵਰਮਾ ਨੇ ਸਮੂਹ ਕਾਲਜ ਨੂੰ ਦੂਸਰੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਆਯੋਜਿਤ ਕਰਨ ਦੀ ਵਧਾਈ ਦਿੰਦੇ ਹੋਏ, ਮਾਂ ਬੋਲੀ ਪੰਜਾਬੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ, ਖੋਜਾਰਥੀਆਂ, ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਉਵੇਂ ਕਸਬੀ ਮਾਹਰ ਹੋਣ ਵਾਸਤੇ ਪ੍ਰੇਰਿਆ ਜਿਵੇਂ ਇੰਜੀਨੀਅਰਿੰਗ, ਡਾਕਟਰੀ ਅਤੇ ਕਾਮਰਸ ਆਦਿ ਖੇਤਰਾਂ ਵਿੱਚ ਹੋਇਆ ਜਾਂਦਾ ਹੈ।
ਕਾਨਫ਼ਰੰਸ ਦੇ ਪੰਜਵੇਂ ਸੈਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ: ਬਾਣੀ ਤੇ ਇਤਿਹਾਸਕਾਰੀ ਦੌਰਾਨ ਡਾ. ਰਤਨ ਸਿੰਘ ਜੱਗੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਡਾ. ਸਰਬਜਿੰਦਰ ਸਿੰਘ ਨੇ ਪ੍ਰਧਾਨਗੀ, ਡਾ. ਅੰਮ੍ਰਿਤਪਾਲ ਕੌਰ ਨੇ ਬਤੌਰ ਵਿਸ਼ੇਸ਼ ਮਹਿਮਾਨ ਅਤੇ ਡਾ. ਸਤਿਨਾਮ ਸਿੰਘ ਸੰਧੂ ਨੇ ਬਤੌਰ ਮੁੱਖ ਭਾਸ਼ਣ ਵਕਤਾ ਸ਼ਿਰਕਤ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਅੱਜ ਦੇ ਯੁੱਗ ਵਿੱਚ ਪ੍ਰਸੰਗਿਕਤਾ ‘ਤੇ ਵਿਚਾਰ ਵਟਾਂਦਰਾ ਕੀਤਾ।
ਨਾਰੀਵਾਦੀ ਚਿੰਤਨ: ਸਰੋਕਾਰ ਤੇ ਸੰਭਾਵਨਾਵਾਂ ਵਿਸ਼ੇ ‘ਤੇ ਹੋਏ ਛੇਵੇਂ ਸੈਸ਼ਨ ਦੌਰਾਨ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਰਾਜਵੰਤ ਕੌਰ ਪ੍ਰਮੁੱਖ ਬੁਲਾਰੇ ਸਨ।
ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ: ਸਥਿਤੀ ਤੇ ਸੰਭਾਵਨਾਵਾਂ, ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਜੋਗਾ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਕੀਤੀ।
ਅੱਠਵੇਂ ਸੈਸ਼ਨ ਦੀ ਪ੍ਰਧਾਨਗੀ ਕੁਰੂਕੁਸ਼ੇਤਰਾ ਯੂਨੀਵਰਸਿਟੀ ਦੇ ਡਾ. ਪਰਮਜੀਤ ਕੌਰ ਨੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਡਾ. ਸੁਹਿੰਦਰਬੀਰ ਸਿੰਘ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਨੌਵੇਂ ਸੈਸ਼ਨ ਦੌਰਾਨ ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਭਾਈ ਜਗਰੂਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਪ੍ਰਧਾਨਗੀ ਕੀਤੀ।
ਸਮਾਪਨ ਸਮਾਰੋਹ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਸੈਸ਼ਨਾਂ ਦੌਰਾਨ ਡਾ. ਦਵਿੰਦਰ ਸਿੰਘ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਜਗਰੂਪ ਕੌਰ ਨੇ ਮੰਚ ਦਾ ਸੰਚਾਲਨ ਕੀਤਾ। ਪ੍ਰੋ. ਪਰਮਜੀਤ ਕੌਰ ਅਤੇ ਡਾ. ਪੁਸ਼ਪਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਕਾਨਫ਼ਰੰਸ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਆਏ ਵਿਦਵਾਨਾਂ ਅਤੇ ਸਮੂਹ ਕਾਲਜ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹ ਕਾਨਫ਼ਰੰਸ ਸਾਰਿਆਂ ਦੇ ਮਨਾਂ ‘ਤੇ ਯਾਦਗਾਰੀ ਪੈੜਾਂ ਛੱਡ ਗਈ।

