ਖ਼ਾਲਸਾ ਕਾਲਜ ਵਿਖੇ ਸਾਇੰਸ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਵਿਖੇ ‘ਵਿਗਿਆਨ ਲਈ ਲੋਕ ਅਤੇ ਲੋਕਾਂ ਲਈ ਵਿਗਿਆਨ’ ਵਿਸ਼ੇ ‘ਤੇ ਰਾਸ਼ਟਰੀ ਗੋਸ਼ਟੀ ਕਰਵਾ ਕੇ ਵਿਗਿਆਨ ਦਿਵਸ‐2019 ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਯਤਨਾਂ ਨਾਲ ਇਹ ਸੈਮੀਨਾਰ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਚੰਡੀਗੜ੍ਹ, ਨੈਸ਼ਨਲ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਅਤੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ (ਡੀ. ਐਸ. ਟੀ.) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਸਮਾਰੋਹ ‘ਚ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕਲਾਸਾਂ ਦੇ ਤਕਰੀਬਨ 500 ਵਿਗਿਆਨ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਡਾ. ਅਤੁਲ ਖੰਨਾ, ਪ੍ਰੋਫ਼ੈਸਰ, ਭੌਤਿਕ ਵਿਗਿਆਨ ਵਿਭਾਗ, ਜੀ. ਐਨ. ਡੀ. ਯੂ. ਅੰਮ੍ਰਿਤਸਰ ਦੁਆਰਾ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਪੁਲਾੜ ਦੇ ਖੇਤਰ ‘ਚ ਪ੍ਰਮੁੱਖ ਭਾਰਤੀ ਵਿਗਿਆਨੀਆਂ ਵੱਲੋਂ ਪ੍ਰਾਪਤ ਕੀਤੀਆਂ ਉਪਲਬੱਧੀਆਂ, ਪ੍ਰਮਾਣੂ ਊਰਜਾ ਅਤੇ ਰੱਖਿਆ ਤਕਨਾਲੋਜੀ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਸਪੇਸ ਪ੍ਰੋਗ੍ਰਾਮ ਕਿਸ ਤਰ੍ਹਾਂ ਸ਼ੁਰੂ ਕੀਤਾ ਗਿਆ ਤੇ ਕਿਵੇਂ ਅੱਗੇ ਵਧਿਆ ਅਤੇ ਅਜੋਕੇ ਸਮੇਂ ‘ਤੇ ਪ੍ਰਮਾਣੂ ਊਰਜਾ ਦੀ ਸਥਿਤੀ ਕੀ ਹੈ, ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਨੈਸ਼ਨਲ ਸਾਇੰਸ ਦਿਵਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਇੰਸ ਅਤੇ ਤਕਨਾਲੋਜੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣਾ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨ ‘ਚ ਨਵੀਨਤਮ ਤਕਨੀਕਾਂ ਅਤੇ ਵਿਕਾਸ ਦੇ ਨਾਲ-ਨਾਲ ਇਨ੍ਹਾਂ ਪ੍ਰੋਗਰਾਮਾਂ ਦੀ ਸਖ਼ਤ ਲੋੜ ‘ਤੇ ਜ਼ੋਰ ਦਿੱਤਾ ਅਤੇ ਊਰਜਾ, ਦਵਾਈ ਤੇ ਉਦਯੋਗ ਦੇ ਖੇਤਰ ‘ਚ ਚਲ ਰਹੇ ਖੋਜ ਦੀ ਸਾਰਥਕਿਤਾ ‘ਤੇ ਜ਼ੋਰ ਦਿੱਤਾ।
ਇਸ ਮੌਕੇ ਕਨਵੀਨਰ ਡਾ. ਐਮ. ਐਸ. ਬੱਤਰਾ, ਡੀਨ ਸਾਇੰਸ ਅਤੇ ਐਚ. ਓ. ਡੀ. ਕੈਮਿਸਟਰੀ ਨੇ ਮਹਿਮਾਨ ਸਪੀਕਰ ਡਾ. ਖੰਨਾ ਅਤੇ ਵੱਖ‐ਵੱਖ ਸਾਇੰਸ ਵਿਭਾਗਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਜਦੋਂ ਕਿ ਪ੍ਰੋਗਰਾਮ ਦੇ ਪ੍ਰਬੰਧਕ ਸਕੱਤਰ ਡਾ. ਇਕਬਾਲ ਸਿੰਘ ਨੇ ਦਰਸ਼ਕਾਂ ਨੂੰ ਨੈਸ਼ਨਲ ਸਾਇੰਸ ਵਿਸ਼ੇ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ।
ਸਮਾਰੋਹ ਦੇ ਦੂਜੇ ਪੜਾਅ ‘ਚ ਇਕ ਇੰਟਰ-ਵਿਭਾਗੀ ਕਵਿੱਜ਼ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ‘ਚ ਬੌਟਨੀ, ਬਾਇਓਟੈਕਨਾਲੌਜੀ, ਕੈਮਿਸਟਰੀ, ਫਿਜ਼ਿਕਸ ਅਤੇ ਜ਼ੂਆਲੋਜੀ ਵਿਭਾਗ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ੂਆਲੋਜੀ ਵਿਭਾਗ ਦੀ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ, ਜਦੋਂ ਕਿ ਬੌਟਨੀ ਵਿਭਾਗ ਅਤੇ ਰਸਾਇਣ ਵਿਭਾਗ ਦੀਆਂ ਟੀਮਾਂ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾ. ਖੰਨਾ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਡਾ. ਹਰਵਿੰਦਰ ਕੌਰ ਨੇ ਪ੍ਰੋਗਰਾਮ ਦੀ ਸਮਾਪਤੀ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।
ਸਮਾਰੋਹ ਮੌਕੇ ਡਾ. ਮਨਬੀਰ ਸਿੰਘ (ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ), ਡਾ. ਹਰਵਿੰਦਰ ਕੌਰ (ਮੁਖੀ, ਫਿਜ਼ਿਕਸ), ਡਾ. ਕਿਰਨਦੀਪ ਕੌਰ ਹੁੰਦਲ (ਮੁਖੀ ਬੌਟਨੀ), ਡਾ. ਕਮਲਜੀਤ ਕੌਰ (ਮੁੱਖੀ, ਬਾਇਓ-ਤਕਨਾਲੋਜੀ), ਡਾ. ਤਮਿੰਦਰ ਸਿੰਘ (ਕੋਆਰਡੀਨੇਟਰ ਆਈ. ਕਿਯੂ. ਏ. ਸੀ.), ਡਾ. ਕੁਲਤਾਰ ਸਿੰਘ, ਡਾ. ਮੁਕੇਸ਼ ਚੰਦਰ, ਡਾ. ਮੋਹਨ ਸਿੰਘ, ਡਾ. ਜੋਗਾ ਸਿੰਘ, ਡਾ. ਰਾਜਬੀਰ ਸਿੰਘ, ਡਾ. ਜੋਰਾਵਰ ਸਿੰਘ ਵੀ ਮੌਜੂਦ ਸਨ।

