ਪੰਜਾਬਪਟਿਆਲਾ

ਪੰਜਾਬ ਦੇ ਲੋਕ ਕਾਂਗਰਸ ਨੂੰ ਸਬਕ ਸਿਖਾਉਣ ਲਈ ਤਿਆਰ : ਸੁਖਬੀਰ ਸਿੰਘ ਬਾਦਲ

ਜੁਨੇਜਾ ਦੇ ਗ੍ਰਹਿ ਵਿਖੇ ਪਾਰਟੀ ਦੀ ਜਿੱਤ ਲਈ ਕੀਤੀ ‘ਅਰਦਾਸ’
ਪੰਜਾਬ ਦੇ ਮੌਜੂਦਾ ਹਾਲਾਤ ਬਦਲੇ, ਕੈਪਟਨ ਦੀ ਜੱਦੀ ਸ਼ਹਿਰ ‘ਚ ਹਾਰ ਪੱਕੀ
ਕਾਂਗਰਸ ਦੇ ਸਤਾਏ ਲੋਕਾਂ ਨੇ ਸ੍ਰੋਮਣੀ ਅਕਾਲੀ ਦਲ ‘ਤੇ ਲਗਾਈ ਟੇਕ : ਹਰਪਾਲ ਜੁਨੇਜਾ
ਪਟਿਆਲਾ 12 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ 13 ਸੀਟਾਂ ‘ਤੇ ਜਿੱਤ ਦਾ ਦਾਅਵਾ ਕੀਤਾ ਹੈ। ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮਿਲਣੀ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਲੈ ਕੇ ਹਰਪਾਲ ਜੁਨੇਜਾ ਦੇ ਗ੍ਰਹਿ ਵਿਖੇ ਅਰਦਾਸ ਵੀ ਕਰਵਾਈ ਗਈ। ਅਰਦਾਸ ਉਪਰੰਤ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਹਾਲਤ ਇਸ ਤਰ੍ਹਾਂ ਹਨ ਕਿ ਕਾਂਗਰਸ ਦੇ ਉਲਟ ਹਵਾ ਚੱਲ ਰਹੀ, ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਸ਼ਹਿਰ ਤੋਂ ਵੀ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ। ਪਾਰਟੀ ਆਗੂਆਂ ਤੇ ਵਰਕਰਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ ਤੇ ਅੱਜ ਲੋਕ ਇਕ ਵਾਰ ਫਿਰ ਅਕਾਲੀ ਦਲ ਦੀ ਸਰਕਾਰ ਨੂੰ ਵੇਖਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਨੇ ਇਸ ਵਾਰ 2022 ਦਾ ਰਸਤਾ ਸਾਫ ਕਰ ਦੇਣਾ ਹੈ। ਸ. ਬਾਦਲ ਨੇ ਕਿਹਾ ਕਿ ਅੱਜ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਵੇਖਣ ਲਈ ਸਾਰਿਆਂ ਨੂੰ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ ।
ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸ ਦੇ ਨੇਤਾਵਾਂ ਨੇ ਪੰਜਾਬ ਅਤੇ ਖਾਸ ਕਰਕੇ ਪਟਿਆਲਾ ਨੂੰ ਤਾਂ ਸਮਗਲਿੰਗ ਦਾ ਅੱਡਾ ਬਣਾ ਦਿੱਤਾ ਹੈ। ਹਰਿਆਣਾ ਅਤੇ ਹੋਰ ਰਾਜਾਂ ਤੋਂ ਬਹੁਤ ਸਸਤੀ ਸ਼ਰਾਬ ਲਿਆ ਕੇ ਅਤੇ ਹੋਰ ਨਸ਼ੇ ਲਿਆ ਕੇ ਨੌਜਵਾਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲਾਂ ਵਿੱਚ ਲੋਕਾਂ ਨਾਲ ਕੀਤੇ ਹੋਏ ਸਮੁੱਚੇ ਵਾਅਦੇ ਪੂਰੇ ਕੀਤੇ ਅਤੇ ਦੂਰ ਅੰਦੇਸ਼ੀ ਸੋਚ ਨਾਲ ਪੰਜਾਬ ਦਾ ਵਿਕਾਸ ਕਰਵਾਇਆ। ਪਰ ਦੋ ਸਾਲ ਪਹਿਲਾਂ ਕਾਂਗਰਸ ਨੇ ਝੂਠੇ ਵਾਅਦਿਆਂ ਨਾਲ ਸਰਕਾਰ ਤਾਂ ਬਣਾ ਲਈ ਪਰ ਅੱਜ ਆਪਣੀ ਗਲਤੀ ਮਹਿਸੂਸ ਕਰ ਰਹੀ ਹੈ।
ਇਸ ਮੌਕੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਵੀ ਪਾਰਟੀ ਪ੍ਰਧਾਨ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਉਮੀਦਵਾਰ ਦੀ ਜਿੱਤ ਪੱਕੀ ਕਰਨ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਅੱਜ ਕਾਂਗਰਸ ਦੇ ਸਤਾਏ ਲੋਕਾਂ ਦੀ ਝਾਕ ਮੁੜ ਅਕਾਲੀ ਦਲ ‘ਤੇ ਲੱਗੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਡੱਟ ਕੇ ਪਹਿਰਾ ਵੀ ਦੇਵਾਂਗੇ। ਹਰਪਾਲ ਜੁਨੇਜਾ ਨੇ ਕਿਹਾ ਕਿ ਕੇਵਲ ਪਟਿਆਲਾ ਸੀਟ ਹੀ ਨਹੀਂ ਪੰਜਾਬ ਦੀਆਂ ਜਿਨਾਂ ਸੀਟਾਂ ‘ਤੇ ਅਕਾਲੀ ਭਾਜਪਾ ਉਮੀਦਵਾਰ ਚੋਣ ਮੈਦਾਨ ‘ਚ ਨਿੱਤਰੇ ਹਨ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਉਹ ਦਿਨ ਰਾਤ ਇਕ ਕਰ ਦੇਣਗੇ।

Leave a Reply

Your email address will not be published. Required fields are marked *