ਬੈਂਕਾਂ ਦੀ ਸੁਰੱਖਿਆ ਲਈ ਚੰਗੇ ਸੀ.ਸੀ.ਟੀ.ਵੀ ਦਾ ਸਹੀ ਦਿਸ਼ਾ ‘ਚ ਲੱਗਿਆ ਹੋਣਾ ਜ਼ਰੂਰੀ-ਐਸ.ਐਸ.ਪੀ.
ਸੀ.ਸੀ.ਟੀ.ਵੀ. ਬੈਂਕਾਂ ਅੰਦਰ ’ਤੇ ਬਾਹਰ ਦੋਵਾਂ ਪਾਸੇ ਲਗਾਏ ਜਾਣ ਅਤੇ ਇਹਨਾਂ ਦੀ ਸੰਭਾਲ ਵੀ ਹੋਵੇ
ਜ਼ਿਲ੍ਹਾ ਪੱਧਰੀ ਸੁਰੱਖਿਆ ਕਮੇਟੀ ਦੀ ਬੈਠਕ ‘ਚ ਐਸ.ਐਸ.ਪੀ. ਨੇ ਦਿੱਤੇ ਨਿਰਦੇਸ਼
ਪਟਿਆਲਾ, 13 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਬੈਂਕਾਂ ‘ਚ ਜਮ੍ਹਾਂ ਪੈਸਾ ਚਾਹੇ ਸੁਰੱਖਿਅਤ ਹੁੰਦਾ ਹੈ ਅਤੇ ਇਸ ਦਾ ਬੀਮਾ ਵੀ ਹੁੰਦਾ ਹੈ, ਪਰ ਸਭ ਤੋਂ ਮਹੱਤਵਪੂਰਨ ਮਨੁੱਖੀ ਜਾਨ ਹੈ, ਜੋ ਬਹੁਮੁੱਲੀ ਹੁੰਦੀ ਹੈ ਅਤੇ ਬੈਂਕਾਂ ‘ਤੇ ਇਹਨਾਂ ਦੇ ਕਰਮਚਾਰੀਆਂ ਦੀ ਸੁਰੱÎਖਿਆ ‘ਚ ਚੰਗੇ ਸੀ.ਸੀ.ਟੀ.ਵੀ ਦਾ ਸਹੀ ਦਿਸ਼ਾ ‘ਚ ਲੱਗਿਆ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਮਿੰਨੀ ਸਕੱਤਰੇਤ ‘ਚ ਜ਼ਿਲ੍ਹਾ ਪੱਧਰੀ ਸੁਰੱਖਿਆ ਕਮੇਟੀ ਦੀ ਬੈਠਕ ‘ਚ ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਸਾਰੇ ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਸੀ.ਸੀ.ਟੀ.ਵੀ. ਨਾ ਕੇਵਲ ਬੈਂਕਾਂ ਦੇ ਅੰਦਰ ਲਗਾਏ ਜਾਣ ਬਲਕਿ ਬੈਂਕਾਂ ਦੇ ਬਾਹਰ ਦੋਵਾਂ ਪਾਸੇ ਲਗਾਏ ਜਾਣੇ ਜ਼ਰੂਰੀ ਹਨ।
ਐਸ.ਐਸ.ਪੀ. ਨੇ ਵੱਖ-ਵੱਖ ਅੱਖੀਂ ਦੇਖੀਆ ਉਦਾਹਰਣਾਂ ਦਿੰਦੇ ਹੋਏ ਦੱਸਿਆ ਕਿ ਕਈ ਵਾਰ ਸੀ.ਸੀ.ਟੀ.ਵੀ. ਕੁਆਲਟੀ ਕਾਫੀ ਖ਼ਰਾਬ ਹੁੰਦੀ ਹੈ ਅਤੇ ਸਹੀ ਤਰੀਕੇ ਨਾਲ ਮੁੱਖ ਥਾਂ ਨੂੰ ਕਵਰ ਨਹੀਂ ਕਰ ਸਕਦੇ ਅਤੇ ਕਈ ਵਾਰ ਇਹਨਾਂ ਦੀ ਸੰਭਾਲ ਨਾ ਹੋਣ ਕਾਰਨ ਇਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਸ੍ਰੀ ਸਿੱਧੂ ਨੇ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਹਰ ਹਫ਼ਤੇ ਸਫਾਈ ਕਰਵਾਉਣ ਤੋਂ ਇਲਾਵਾ ਹਰ ਰੋਜ਼ ਇਹਨਾਂ ਦੀ ਦਿਸਾ ਵੀ ਦੇਖੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੈਂਕਾਂ ‘ਚ ਲੱਗੇ ਸਾਇਰਨ ਦੀ ਵਰਤੋਂ ਦੇ ਸਬੰਧ ‘ਚ ਵੀ ਸ਼ਾਖਾ ਦੇ ਆਸਪਾਸ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਤੋਂ ਕਿਸੇ ਪ੍ਰਕਾਰ ਦੀ ਘਟਨਾ ਹੋਣ ਦੀ ਸਥਿਤੀ ‘ਚ ਬਜਣ ਵਾਲੇ ਸਾਇਰਨ ਦੇ ਬਾਅਦ ਨੇੜੇ ਦੇ ਲੋਕਾਂ ਨੂੰ ਕਿੱਥੇ ਸੂਚਨਾ ਦੇਣੀ ਚਾਹੀਦੀ ਹੈ ਇਸ ਬਾਰੇ ਵੀ ਦੱÎਸਿਆ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਅਨਾਇਤ, ਐਸ.ਪੀ.(ਐਚ) ਡਾ.ਰਵਜੋਤ ਕੌਰ ਗਰੇਵਾਲ, ਐਸ.ਪੀ. ਸ੍ਰੀ ਹਰਨਾਮ ਸਿੰਘ, ਲੀਡ ਬੈਂਕ ਦੇ ਚੀਫ ਮੈਨੇਜਰ ਸ੍ਰੀ ਸੁਰਿੰਦਰ ਮਲਿਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਬੈਂਕਾਂ ਦੇ ਨੁਮਾਇੰਦੇ ਵੀ ਸ਼ਾਮਿਲ ਸਨ।

