ਪਟਿਆਲਾ

ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ 22ਵਾਂ ਯਾਦਗਾਰੀ ਭਾਸ਼ਣ

ਪਟਿਆਲਾ, 13 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸੈਮੀਨਾਰ ਹਾਲ ਵਿਚ, ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ 22ਵਾਂ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਵਿਚ ਮੁੱਖ ਵਕਤਾ ਵਜੋਂ ਡਾ. ਰਾਜਿੰਦਰ ਕੌਰ ਰੋਹੀ ਸ਼ਾਮਲ ਹੋਏ।

ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵੀ ਸ਼ਾਮਲ ਹੋਏ। ਉਹਨਾਂ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਭਾਵੇਂ ਗੁਰੂ ਨਾਨਕ ਦਾ ਸਮਾਂ ਅਤੇ ਅੱਜ ਦਾ ਸਮਾਂ ਬਹੁਤ ਬਦਲ ਗਿਆ ਹੈ ਪਰੰਤੂ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਪਰਸਥਿਤੀਆਂ ਉਸ ਪਹਿਲੇ ਤਰੀਕੇ ਦੀਆਂ ਹੀ ਬਣੀਆਂ ਹੋਈਆਂ ਹਨ। ਅੱਜ ਦੇ ਵਿਸ਼ਵੀਕਰਨ ਦੇ ਸਮੇਂ ਵਿਚ ਜਦੋਂ ਸਾਰੇ ਰਾਸ਼ਟਰ ਪ੍ਰਾਈਵੇਟਾਈਜੇਸ਼ਨ ਵੱਲ ਵਧ ਰਹੇ ਹਨ ਤਾਂ ਇਸ ਸਮੇਂ ਅਮੀਰ ਅਤੇ ਗਰੀਬ ਦਾ ਪਾਲਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਆਮ ਲੋਕਾਂ ਦੇ ਜਨ-ਜੀਵਨ ਅਤੇ ਰਾਜਤੰਤਰ ਵਿਚ ਵੱਡੀ ਖਾਈ ਨਜ਼ਰ ਆ ਰਹੀ ਹੈ।
ਡਾ. ਰੋਹੀ ਦਾ ਭਾਸ਼ਣ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਧੁਨਿਕਤਾ ਨੂੰ ਦੇਣ ਵਿਸ਼ੇ ਉਪਰ ਸੀ। ਉਹਨਾਂ ਨੇ ਇਸ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਸਿੱਖ ਧਰਮ ਅਤੇ ਵਿਸ਼ੇਸ਼ ਰੂਪ ਵਿਚ ਗੁਰੂ ਨਾਨਕ ਦੇਵ ਜੀ ਦੀ ਰਚਨਾ, ਅੱਜ ਸਮੁੱਚੇ ਵਿਸ਼ਵ ਨੂੰ ਨਵੀਂ ਸੇਧ ਦੇਣ ਦਾ ਮਾਧਿਅਮ ਬਣੀ ਹੋਈ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਬਾਅਦ ਦੇ ਬੀਤੇ 550 ਸਾਲ ਦੇ ਸਮੇਂ ਨੂੰ ਆਪਣਾ ਭਾਸ਼ਣ ਸਮਰਪਿਤ ਕਰਦੇ ਹੋਏ ਕਿਹਾ ਕਿ ਅਜੋਕੇ ਮਨੁੱਖ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਗੁਰੂ ਨਾਨਕ ਦੀ ਬਾਣੀ ਦੇ ਵਿਚਾਰ ਅਤੇ ਫਲਸਫੇ ਵਿਚ ਪਿਆ ਹੋਇਆ ਹੈ। ਇਸ ਲਈ ਜੇਕਰ ਅਸੀਂ ਵਿਸ਼ਵ ਪੱਧਰ ਤੇ ਸ਼ਾਂਤੀ ਸਥਾਪਿਤ ਕਰਨੀ ਚਾਹੁੰਦੇ ਹਾਂ ਤੇ ਵਿਸ਼ਵ ਨੂੰ ਪ੍ਰਕਿਰਤੀ ਦੀਆਂ ਮਾਰੂ ਸ਼ਕਤੀਆਂ ਤੋਂ ਬਚਾਉਣਾ ਚਾਹੁੰਦੇ ਹਾਂ ਅਤੇ ਸਿੱਖ ਧਰਮ ਨੂੰ ਵਿਸ਼ਵ ਚਿੰਤਨ ਦੇ ਬਰਾਬਰ ਤੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਨਾਨਕ ਦੇਵ ਜੀ ਰਚਨਾ ਵਿਚ ਪੇਸ਼ ਸੰਕਲਪ ਦੇ ਆਧਾਰ ਤੇ ਆਧੁਨਿਕ ਮਨੁੱਖ ਦੇ ਜੀਵਨ ਦੀ ਵਿਉਂਤਬੰਦੀ ਕਰਨੀ ਪਵੇਗੀ।
ਆਪਣੇ ਭਾਸ਼ਣ ਉਪਰੰਤ ਵਾਈਸ-ਚਾਂਸਲਰ ਸਾਹਿਬ ਨੇ ਸਿੱਖ ਧਰਮ ਵਿਸ਼ਵਕੋਸ਼ ਦੀ ਤੀਜੀ ਜਿਲਦ ਦਾ ਲੋਕ ਅਰਪਣ ਕੀਤਾ। ਇਸ ਮੌਕੇ ਬੋਲਦਿਆਂ ਵਿਭਾਗ ਦੇ ਮੁਖੀ, ਡਾ. ਜਸਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਪੰਜਾਬੀ ਰੂਪਾਂਤਰ ਵਾਲੇ ਸਿੱਖ ਧਰਮ ਵਿਸ਼ਵਕੋਸ਼ ਦਾ ਕਾਰਜ ਤਕਰੀਬਨ ਪੰਦਰਾਂ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਇਸਦੀ ਹਰ ਪੰਜ ਸਾਲ ਵਿਚ ਇਕ ਸੈਂਚੀ ਤਿਆਰ ਕੀਤੀ ਜਾਂਦੀ ਹੈ। ਚਾਰ ਸੈਂਚੀਆਂ ਵਿਚੋਂ ਅੱਜ ਅਸੀਂ ਸਿੱਖ ਧਰਮ ਵਿਸ਼ਵਕੋਸ਼ ਦੀ ਤੀਜੀ ਸੈਂਚੀ ਨੂੰ ਪੰਜਾਬੀ ਰੂਪ ਦੇ ਕੇ ਛਪਾਈ ਮੁਕੰਮਲ ਹੋਣ ਉਪਰੰਤ ਲੋਕ ਅਰਪਣ ਕਰ ਰਹੇ ਹਾਂ। ਪੰਜਾਬੀ ਰੂਪ ਵਿਚ ਛਪਿਆ ਸਿੱਖ ਧਰਮ ਵਿਸ਼ਵਕੋਸ਼ ਉਹਨਾਂ ਵਿਅਕਤੀਆਂ ਲਈ ਹੈ ਜੋ ਅੰਗਰੇਜ਼ੀ ਭਾਸ਼ਾ ਵਿਚ ਇਸਦਾ ਪੂਰਨ ਲਾਭ ਨਹੀਂ ਲੈ ਸਕਦੇ, ਉਹਨਾਂ ਨੂੰ ਖੋਜ ਅਤੇ ਸਿੱਖ ਸਿਧਾਂਤ ਨੂੰ ਸਮਝਣ ਵਿਚ ਮੁੱਲਵਾਨ ਸਹਾਇਤਾ ਕਰੇਗਾ।
ਅਖੀਰ ਵਿਚ ਡਾ. ਸਰਬਜਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਬੋਲਦੇ ਹੋਏ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਅੱਜ ਦੇ ਲੋਕਤੰਤਰੀ ਅਤੇ ਪ੍ਰਜਾਤੰਤਰੀ ਸਰੂਪ ਜਿਉਂਦਾ ਰੱਖਦ ਲਈ ਮੁਲਵਾਨ ਦਰਸ਼ਨ ਹੈ। ਗੁਰੂ ਨਾਨਕ ਦੇਵ ਜੀ ਨੇ 500 ਸਾਲਾ ਪਹਿਲਾਂ ਇਸਲਾਮ ਸੱਭਿਆਚਾਰ ਦੀ ਇਕਰੂਪਤਾ ਦਾ ਵਿਰੋਧ ਕੀਤਾ ਸੀ ਤੇ ਅਸੀਂ ਅੱਜ ਵੀ ਰਾਜਨੀਤੀ ਦੇ ਇਕਰੂਪਤਮਾ ਵਾਲੇ ਵਿਚਾਰਾਂ ਦਾ ਸਖ਼ਤ ਵਿਰੋਧ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਫਲਸਫਾ ਜਪੁਜੀ ਸਾਹਿਬ ਅਨੁਸਾਰ ਸੁਨਣ, ਮੰਨਣ ਅਤੇ ਉਸ ਤੇ ਅਮਲ ਕਰਨ ਉਪਰ ਨਿਰਭਰ ਕਰਦਾ ਹੈ। ਗੁਰੂ ਨਾਨਕ ਸਾਹਿਬ ਦੇ ਵਿਚਾਰ ਇਕਰੰਗੀ ਚੇਤਨਾ ਦੀ ਬਜਾਇ ਸਾਰੇ ਧਰਮਾਂ ਅਤੇ ਜਾਤੀਆਂ ਦੇ ਬਹੁਰੰਗੀ ਗੁਲਦਸਤੇ ਦੀ ਸਾਰਥਕਤਾ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਹਨ। ਇਹ ਅੱਜ ਦੇ ਸਮਾਜ ਦੀ ਬੁਨਿਆਦੀ ਲੋੜ ਹੈ।
ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਦੇ ਡੀਨ, ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ।

Leave a Reply

Your email address will not be published. Required fields are marked *