ਆਈਵੀ ਹਸਪਤਾਲ ਵਿੱਚ ‘ਪੰਜਾਬ ਕਿਡਨੀ ਫਾਊਂਡੇਸ਼ਨ’ ਦੀ ਸ਼ੁਰੂਆਤ
ਮੰਤਰੀ ਨੇ ਇਸ ਮੌਕੇ ‘ਤੇ ਕਿਡਨੀ ਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ
ਮੋਹਾਲੀ, 13 ਮਾਰਚ (ਜਤਿੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਬੁੱਧਵਾਰ ਨੂੰ ਮੋਹਾਲੀ ਸਥਿਤ ਆਈਵੀ ਹਸਪਤਾਲ ਵਿੱਚ ਇੱਕ ਕਿਡਨੀ ਸਹਾਇਤਾ ਸਮੂਹ ਅਤੇ ਇੱਕ ਸਮਰਪਿਤ ਕਿਡਨੀ ਹੈਲਪਲਾਈਨ, ‘ਪੰਜਾਬ ਕਿਡਨੀ ਫਾਊਂਡੇਸ਼ਨ’ ਨੂੰ ਲਾਂਚ ਕੀਤਾ।
ਇਸ ਮੌਕੇ ‘ਤੇ ਗੁਰਤੇਜ ਸਿੰਘ, ਚੇਅਰਮੈਨ, ਆਈਵੀ ਗਰੁੱਪ ਆਫ ਹਸਪਤਾਲ, ਡਾ. ਕੰਵਲਜੀਤ, ਮੈਡੀਕਲ ਡਾਇਰੈਕਟਰ, ਡਾ. ਅਵਿਨਾਸ਼ ਸ਼੍ਰੀਵਾਸਤਵ, ਡਾਇਰੈਕਟਰ, ਯੂਰੋਲੌਜੀ ਅਤੇ ਰੇਨਲ ਟਰਾਂਸਪਲਾਂਟ ਸਰਜਰੀ, ਡਾ. ਰਾਕਾ ਕੌਸ਼ਲ, ਡਾਇਰੈਕਟਰ, ਨੈਫਰੋਲੌਜੀ ਅਤੇ ਡਾ. ਅਰੁਣਾ ਬੀ. ਭੋਅ, ਫੈਸੇਲਿਟੀ ਡਾਇਰੈਕਟਰ ਵੀ ਮੌਜੂਦ ਸਨ।
ਪੰਜਾਬ ਕਿਡਨੀ ਫਾਊਂਡੇਸ਼ਨ ਇੱਕ ਸਹਾਇਤਾ ਸਮੂਹ ਹੈ ਜਿਸਦੇ ਰਜਿਸਟਰਡ ਮੈਂਬਰ ਹਰ ਦੋ ਮਹੀਨੇ ਵਿੱਚ ਇੱਕ ਵਾਰ ਮਿਲਣਗੇ। ਇਸ ਪਲੈਟਫਾਰਮ ਵਿੱਚ ਮੈਂਬਰਾਂ ਨੂੰ ਬਿਮਾਰੀ, ਇਲਾਜ ਦੇ ਤੌਰ ਤਰੀਕਿਆਂ, ਭੋਜਨ ਅਤੇ ਜੀਵਨਸ਼ੈਲੀ ਪ੍ਰਬੰਧਨ ਆਦਿ ਬਾਰੇ ਜਾਗਰੂਕਤਾ ਪ੍ਰੋਗਰਾਮ ਰਾਹੀਂ ਉਪਯੋਗੀ ਜਾਣਕਾਰੀਆਂ ਨਾਲ ਸਸ਼ਕਤ ਬਣਾਇਆ ਜਾਵੇਗਾ।
ਇਸਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ਨਾਂ ਨੂੰ ਹੱਲ ਕੀਤਾ ਜਾਵੇਗਾ ਜਿਵੇਂ ਕਿ ਉਨ੍ਹਾਂ ਕੋਲ ਕੀ ਵਿਕਲਪ ਹੈ, ਕੌਣ ਕਿਡਨੀ ਦਾਨ ਕਰ ਸਕਦੇ ਹਨ, ਡਾਇਲਸਿਸ ਨੂੰ ਕਿੰਨੇ ਅੰਤਰਾਲ ‘ਤੇ ਕਰਾਉਣਾ ਚਾਹੀਦਾ ਹੈ ਅਤੇ ਭੋਜਨ ਸਬੰਧੀ ਸਲਾਹ ਆਦਿ। ਇਹ ਫੋਰਮ ਕਿਡਨੀ ਫੇਲ੍ਹ ਹੋਣ ‘ਤੇ ਆਈਵੀ ਹਸਪਤਾਲ ਦੇ ਰੋਗੀਆਂ ਤੋਂ ਇਲਾਵਾ ਹੋਰ ਸਾਰੇ ਰੋਗੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਵੀ ਖੁੱਲ੍ਹਾ ਰਹੇਗਾ। ਇੱਕ-ਦੂਜੇ ਨਾਲ ਸਿੱਧੀ ਗੱਲਬਾਤ ਦੇ ਸੈਸ਼ਨਾਂ ਤੋਂ ਇਲਾਵਾ ਕਿਡਨੀ ਰੋਗੀਆਂ ਲਈ ਡਾਈਟ ਕਲਾਸਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਕਿਡਨੀ ਹੈਲਪਲਾਈਨ ਨੰਬਰ 98883-88809 ਰੋਗੀ ਨੂੰ ਸਿੱਖਿਅਤ ਕਰਨ ਅਤੇ ਉਸਦਾ ਮਾਰਗਦਰਸ਼ਨ ਕਰਨ ਲਈ ਯੋਗ ਟੀਮ ਵੱਲੋਂ ਪ੍ਰਬੰਧਿਤ ਕੀਤਾ ਜਾਵੇਗਾ।
ਗੁਰਤੇਜ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਹਸਪਤਾਲ ਚੇਨ ਹੋਣ ਦੇ ਨਾਤੇ ਸਾਡੇ ਹਰ ਹਸਪਤਾਲ ਵਿੱਚ ਇੱਕ ਡਾਇਲਸਿਸ ਸੈਂਟਰ ਹੈ। ਮੋਹਾਲੀ ਯੂਨਿਟ ਵਿੱਚ 25 ਡਾਇਲਸਿਸ ਮਸ਼ੀਨਾਂ ਹਨ ਅਤੇ ਕਿਡਨੀ ਦਾ ਬੇਹੱਦ ਆਧੁਨਿਕ ਟਰਾਂਸਪਲਾਂਟ ਸਿਸਟਮ ਉਪਲੱਬਧ ਹੈ। ਭਵਿੱਖ ਵਿੱਚ ਸਾਡੀ ਆਪਣੇ ਮਾਹਿਰ ਨੇਫਰੋਲੌਜਿਸਟ ਅਤੇ ਟਰਾਂਸਪਲਾਂਟ ਸਰਜਨ ਵੱਲੋਂ ਈ-ਕੰਸਲਟੈਂਸੀ ਸ਼ੁਰੂ ਕਰਨ ਦੀ ਵੀ ਯੋਜਨਾ ਹੈ।
ਇਸ ਮੌਕੇ ‘ਤੇ ਆਪਣੇ ਕਰੀਬੀ ਮੈਂਬਰਾਂ ਦੀ ਜਾਨ ਬਣਾਉਣ ਲਈ ਆਪਣੀ ਕਿਡਨੀ ਦਾਨ ਕਰਨ ਵਾਲੇ ਲਗਪਗ ਦਰਜਨ ਲੋਕਾਂ ਨੂੰ ਮੰਤਰੀ ਵੱਲੋਂ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿਅਕਤੀਆਂ ਨੂੰ ਸਨਮਾਨਤ ਕੀਤਾ ਗਿਆ, ਉਨ੍ਹਾਂ ਵਿੱਚ ਸ਼ਾਮਲ ਸਨ: ਸਵਤੰਤਰਤਾ ਅਤੇ ਸ਼ੋਭਾ, ਦੋਵੇਂ ਮਾਵਾਂ ਨੇ ਆਪਣੇ ਆਪਣੇ ਬੇਟਿਆਂ ਦਾ ਜੀਵਨ ਬਚਾਉਣ ਲਈ ਆਪਣੀ ਆਪਣੀ ਕਿਡਨੀ ਦਾਨ ਕੀਤੀ, ਸੁਧਾ, ਸੁਰਜੀਤ ਕੌਰ, ਕੁਲਜੀਤ ਕੌਰ, ਪਰਮਜੀਤ ਕੌਰ, ਸੁਪਿੰਦਰ ਕੌਰ ਅਤੇ ਜਰਨੈਲ ਕੌਰ, ਇਨ੍ਹਾਂ ਸਾਰੀਆਂ ਨੇ ਆਪਣੇ ਪਤੀ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਕਿਡਨੀ ਦਾਨ ਕੀਤੀ। ਪ੍ਰਕ੍ਰਿਤੀ ਨੇ ਆਪਣੀ ਮਾਂ ਲਈ ਆਪਣੀ ਕਿਡਨੀ ਦਾਨ ਕੀਤੀ। ਪਵਨ ਤਨੇਜਾ ਅਤੇ ਕੁਲਦੀਪ ਸਿੰਘ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਦੀ ਜਾਨ ਬਚਾਉਣ ਲਈ ਕਿਡਨੀ ਦਾਨ ਕੀਤੀ ਅਤੇ ਕਰਣ ਨੇ ਆਪਣੀ ਕਿਡਨੀ ਦਾਨ ਕਰਕੇ ਆਪਣੀ ਭੈਣ ਦੀ ਜਾਨ ਬਚਾਈ।

