ਪੰਜਾਬਪਟਿਆਲਾ

ਕਿਸਾਨ ਮੇਲੇ ਵਿਚ ਬੀਜਾਂ ਅਤੇ ਖੇਤ ਪ੍ਰਦਰਸ਼ਨੀਆਂ ਲਈ ਕਿਸਾਨਾਂ ਨੇ ਦਿਖਾਇਆ ਭਰਪੂਰ ਉਤਸ਼ਾਹ

ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਵਿਖੇ ਲੱਗਿਆ ਸਾਉਣੀ ਦਾ ਮੇਲਾ
ਮਸ਼ੀਨੀਕਰਨ ਅਤੇ ਮੰਡੀਕਰਨ ਲਈ ਇਕੱਠੇ ਹੋਣਾ ਸਮੇਂ ਦੀ ਲੋੜ : ਡਾ. ਢਿੱਲੋਂ
ਪਟਿਆਲਾ, 19 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹਰ ਸਾਲ ਮਾਰਚ ਮਹੀਨੇ ਸਾਉਣੀ ਦੇ ਮੇਲੇ ਲਾਏ ਜਾਂਦੇ ਹਨ। ਕਿਸਾਨ ਮੇਲੇ ਲਾਉਣ ਦੀ ਇਹ ਪਰੰਪਰਾ ਅੱਧੀ ਸਦੀ ਪੁਰਾਣੀ ਹੈ। ਕਿਸਾਨ ਮੇਲਿਆਂ ਦੀ ਇਸ ਲੜੀ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ ਅੱਜ ਕਿਸਾਨ ਮੇਲਾ ਲਾਇਆ ਗਿਆ, ਜਿਸ ਵਿਚ ਸਾਉਣੀ ਦੀਆਂ ਫਸਲਾਂ ਦੇ ਸੁਧਰੇ ਬੀਜ, ਖੇਤ ਮਸ਼ੀਨਰੀ, ਖੇਤੀ ਸਾਹਿਤ ਅਤੇ ਖੇਤੀ ਸਮਗਰੀ ਦੇ ਨਾਲ-ਨਾਲ ਖੇਤ ਪ੍ਰਦਰਸ਼ਨੀਆਂ ਵੀ ਕਿਸਾਨਾਂ ਦੀ ਖਿਚ ਦਾ ਕੇਂਦਰ ਸਨ। ਲੱਗਭਗ 137 ਸਟਾਲਾਂ ਉੱਪਰ ਹਜ਼ਾਰਾਂ ਕਿਸਾਨਾਂ ਨੇ ਖੇਤੀ ਨਾਲ ਸਬੰਧਿਤ ਸਮਗਰੀ ਬਾਰੇ ਜਾਣਕਾਰੀ ਲਈ ਅਤੇ ਲੋੜ ਅਨੁਸਾਰ ਖਰੀਦਿਆ।

ਇਸ ਕਿਸਾਨ ਮੇਲੇ ਦਾ ਉਦਘਾਟਨ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ ਅਤੇ ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਉੱਘੇ ਬਾਗਬਾਨ ਸ. ਦਵਿੰਦਰ ਸਿੰਘ ਚਾਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿਚ ਲਗ ਰਹੇ ਇਸ ਮੇਲੇ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡਾ. ਮਾਨਵਇੰਦਰ ਸਿੰਘ ਗਿੱਲ, ਡਾ. ਗੁਰਮੀਤ ਸਿੰਘ ਬੁੱਟਰ, ਡਾ. ਦੀਦਾਰ ਸਿੰਘ ਭੱਟੀ ਅਤੇ ਯੂਨੀਵਰਸਿਟੀ ਤੋਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਇਸ ਵਾਰ ਪੀ.ਏ.ਯੂ ਦੇ ਇਨ੍ਹਾਂ ਕਿਸਾਨ ਮੇਲਿਆਂ ਦਾ ਥੀਮ ‘ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫਾ ਹੋਰ ਵਧਾਈਏ’ ਰੱਖਿਆ ਗਿਆ ਹੈ। ਮੁੱਖ ਮਹਿਮਾਨ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਖੇਤ ਪ੍ਰਦਰਸ਼ਨੀਆਂ ਅਤੇ ਸਟਾਲਾਂ ਦਾ ਦੌਰਾ ਕੀਤਾ।
ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਇਸ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਿਸਾਨ ਹਰ ਸਾਲ ਮੇਲਿਆਂ ਵਿੱਚ ਪਹੁੰਚ ਕੇ ਸਾਡੀ ਅਗਵਾਈ ਕਰਦੇ ਹਨ ਅਤੇ ਮੇਲਿਆਂ ਤੇ ਆ ਕੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਦੋਵੇਂ ਪਾਸੇ ਸਿਖਣ-ਸਿਖਾਉਣ ਦਾ ਸਿਲਸਿਲਾ ਤੁਰਦਾ ਹੈ। ਉਨ੍ਹਾਂ ਕਿਹਾ ਕਿ ਸਹਾਇਕ ਧੰਦੇ ਅਪਣਾਉਣਾ ਸਮੇਂ ਦੀ ਲੋੜ ਹੈ ਤਾਂ ਕਿ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਕਿਸਾਨ ਮਿਹਨਤੀ ਹਨ ਅਤੇ ਫਸਲਾਂ ਦਾ ਝਾੜ ਵੀ ਬਹੁਤ ਵਧੀਆ ਹੈ, ਪਰ ਮੁਨਾਫੇ ਦੀ ਖੇਤੀ ਲਈ ਸਾਨੂੰ ਕੁਦਰਤੀ ਸਰੋਤਾਂ ਦੀ ਜਿਥੇ ਸੁਚੱਜੀ ਸੰਭਾਲ ਕਰਨੀ ਪਵੇਗੀ, ਉੱਥੇ ਖੇਤੀ ਪ੍ਰੋਸੈਸਿੰਗ ਦੇ ਰਾਹ ਵੀ ਤੁਰਨਾ ਪਵੇਗਾ। ਉਨ੍ਹਾਂ ਕਿਹਾ ਕਿ ਝਾੜ ਨਾਲੋਂ ਮੁਨਾਫੇ ਤੇ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਮਸ਼ੀਨੀਕਰਨ ਅਤੇ ਮੰਡੀਕਰਨ ਵਿਚ ਇਕੱਠੇ ਹੋਈਏ। ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ, ਲਾਗਤਾਂ ਘਟਾਉਣ, ਲੇਖਾ-ਜੋਖਾ ਰੱਖਣ ਅਤੇ ਰਹਿੰਦ-ਖੂੰਹਦ ਦੀ ਸੰਭਾਲ ਤੇ ਜ਼ੋਰ ਦਿੰਦਿਆਂ ਡਾ. ਢਿੱਲੋ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਪਣਾ ਕੇ ਪਿਛਲੇ ਸਮਿਆਂ ਨਾਲੋਂ ਧਰਤੀ ਵਿੱਚ ਜੈਵਿਕ ਮਾਦਾ ਵੱਧਿਆ ਹੈ, ਖਾਦਾਂ ਦੀ ਵਰਤੋਂ, ਕੀਟਨਾਸ਼ਕਾਂ ਦੀ ਰਹਿੰਦ-ਖੂਹੰਦ ਅਤੇ ਪਾਣੀ ਹੇਠਾਂ ਜਾਣ ਦੀ ਰਫਤਾਰ ਘਟੀ ਹੈ। ਸੋ ਇਸ ਤਰ੍ਹਾਂ ਦੇ ਹੋਰ ਉਪਚਾਰ ਕਰਨ ਦੀ ਹਾਲੇ ਲੋੜ ਹੈ। ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ ਪਰਾਲੀ ਸੰਭਾਲਣ ਵਿਚ ਆਪਣਾ ਬਣਦਾ ਰੋਲ ਅਦਾ ਕੀਤਾ ਹੈ, ਜਿਸ ਨਾਲ ਪਰਾਲੀ ਸਾੜ੍ਹਨ ਦੀ ਦਰ ਘਟੀ ਹੈ। ਇਹ ਸ਼ਲਾਘਾਯੋਗ ਸਾਂਝਾ ਉਪਰਾਲਾ ਹੈ।
ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਕਿਸਾਨ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ, ਮਹਿਮਾਨਾਂ ਅਤੇ ਮੀਡੀਆ ਦਾ ਸੁਆਗਤ ਕਰਦਿਆਂ ਕਿਹਾ ਕਿ ਤੁਸੀਂ ਮੇਲੇ ਦੀ ਜਾਨ ਹੋ, ਜੋ ਕਿ ਹਰ ਸਾਲ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਮੇਲਿਆਂ ਵਿੱਚ ਹੁੰਮ-ਹੁਮਾ ਕੇ ਪਹੁੰਚਦੇ ਹੋ। ਉਨ੍ਹਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਜਾਂਦੀਆ ਪ੍ਰਦਰਸ਼ਨੀਆਂ ਤੇ ਜ਼ਰੂਰ ਜਾਣ ਨੂੰ ਕਿਹਾ, ਜਿੱਥੇ ਉਹ ਯੂਨੀਵਰਸਿਟੀ ਦੀ ਵਿਲੱਖਣ ਕਾਰਗੁਜ਼ਾਰੀ ਦੇਖ ਸਕਦੇ ਹਨ ਉੱਥੇ ਹਾਜ਼ਰ ਮਾਹਿਰਾਂ ਨੂੰ ਆਪਣੇ ਸੁਆਲ ਵੀ ਪੁੱਛ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਸਾਰ ਇੱਕ ਦੋ-ਪਾਸੀ ਸਿੱਖਿਆ ਹੈ, ਜਿਸ ਤੋਂ ਕਿ ਦੋਨਾਂ ਧਿਰਾਂ ਨੂੰ ਫਾਇਦਾ ਪਹੁੰਚਦਾ ਹੈ। ਤੁਸੀਂ ਕਿਸਾਨ ਮੇਲੇ ਵਿੱਚ ਜੇ ਕੁੱਝ ਸਿੱਖ ਕੇ ਜਾਂਦੇ ਹੋ ਤਾਂ ਬਹੁਤ ਕੁੱਝ ਸਾਨੂੰ ਸਿਖਾ ਕੇ ਵੀ ਜਾਂਦੇ ਹੋ। ਇਸ ਲਈ ਯੂਨੀਵਰਸਿਟੀ ਨਾਲ ਪੱਕੇ ਤੌਰ ਤੇ ਜੁੜੋ, ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਪਣਾਓ ਅਤੇ ਯੂਨੀਵਰਸਿਟੀ ਦਾ ਸਾਹਿਤ ਵੀ ਜ਼ਰੂਰ ਪੜੋ। ਉਨ੍ਹਾਂ ਪੀ.ਏ.ਯੂ. ਦੀ ਕਿਸਾਨ ਐਪ, ਕਿਸਾਨ ਪੋਰਟਲ, ਵੈਬ-ਸਾਈਟ, ਖੇਤੀ ਸੰਦੇਸ਼ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਕਿਉਂਕਿ ਅਜੋਕੇ ਯੁੱਗ ਵਿਚ ਇਨ੍ਹਾਂ ਸਾਧਨਾਂ ਰਾਹੀਂ ਹਰ ਜਾਣਕਾਰੀ ਕਿਸਾਨਾਂ ਤੱਕ ਤੇਜ਼ੀ ਨਾਲ ਪਹੁੰਚਦੀ ਰਹਿਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਬਤ ਦੇ ਭਲੇ ਲਈ ਆਪਣੇ ਕਿਸਾਨ ਮਿੱਤਰਾਂ ਅਤੇ ਜਾਣੂੰਆਂ ਨੂੰ ਯੂਨੀਵਰਸਿਟੀ ਨਾਲ ਜ਼ਰੂਰ ਜੋੜੋ।
ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ.ਨਵਤੇਜ ਸਿੰਘ ਬੈਂਸ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਅਤੇ ਸਿਫਾਰਿਸ਼ ਕੀਤੀਆਂ ਖੇਤੀ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਫਸਲੀ ਵਿਭਿੰਨਤਾ ਨੂੰ ਮੁੱਖ ਰੱਖਦਿਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1718, ਸਾਉਣੀ ਰੁੱਤ ਦੀ ਮੱਕੀ ਦੀ ਕਿਸਮ ਪੀ ਐਮ ਐਚ 11, ਬਹਾਰ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਨਵੀਂ ਕਿਸਮ ਅੱੈਸ ਐੱਮ ਐੱਲ 1827, ਚਾਰੇ ਦੀ ਨਵੀਂ ਕਿਸਮ ਨੇਪੀਅਰ ਬਾਜਰਾ ਪੀ ਬੀ ਐਨ 342 ਅਤੇ ਫਲਾਂ ਵਿੱਚ ਅਮਰੂਦ ਦੀ ਕਿਸਮ ਪੰਜਾਬ ਐਪਲ ਗੁਆਵਾ ਅਤੇ ਪੰਜਾਬ ਅੰਜੀਰ ਸਿਫਾਰਿਸ਼ ਕੀਤੀਆਂ ਗਈਆਂ ਹਨ। ਖੇਤੀ ਮਸ਼ੀਨਰੀ ਬਾਰੇ ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਯੂਨੀਵਰਸਿਟੀ ਵੱਲੋਂ ਲੱਕੀ ਸੀਡ ਡਰਿੱਲ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਰਸਾਇਣਾਂ ਦਾ ਛਿੜਕਾਅ ਸਹੀ ਮਾਤਰਾ ਵਿਚ ਅਤੇ ਸਹੀ ਸਮੇਂ ਉੱਤੇ ਕਰਨ ਲਈ ਕਿਹਾ। ਉਨ੍ਹਾਂ ਯੂਰੀਆ ਦੀ ਸਹੀ ਵਰਤੋਂ ਲਈ ਸਹਾਇਕ ਯੂਰੀਆ ਗਾਇਡ ਐਪ, ਗਰੀਨ ਸੀਕਰ ਤੋਂ ਵੀ ਕਿਸਾਨਾਂ ਨੂੰ ਜਾਣੂੰ ਕਰਾਇਆ। ਉਨ੍ਹਾਂ ਵਿਭਿੰਨ ਫਸਲੀ ਚੱਕਰਾਂ ਵਿਚ ਜ਼ਮੀਨ ਦੋਜ਼ ਤੁਪਕਾ ਸਿੰਚਾਈ ਦੀ ਨਵੀਂ ਤਕਨੀਕ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਆਪਣੇ ਜਲ ਸੋਮਿਆਂ ਨੂੰ ਬਚਾਉਣ ਲਈ ਇਸ ਰਾਹ ਤੁਰਨਾ ਪਵੇਗਾ। ਡਾ. ਬੈਂਸ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬ ਦਾ ਕਿਸਾਨ ਸਹਿਜੇ-ਸਹਿਜੇ ਉਦਯੋਗ ਦੇ ਖੇਤਰ ਵਿਚ ਉੱਦਮੀ ਬਣੇ।
ਇਸ ਮੇਲੇ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਦਵਿੰਦਰ ਸਿੰਘ ਚਾਹਲ ਨੂੰ ਸਨਮਾਨ ਚਿੰਨ ਭੇਟਾ ਕੀਤਾ ਗਿਆ। ਸ. ਚਾਹਲ ਨੇ ਇਸ ਮੌਕੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨਾਲ ਜੁੜਨ, ਆਪਣੇ ਮਸਲੇ ਸਾਂਝੇ ਕਰਨ ਅਤੇ ਬੇਲੋੜੇ ਖਰਚਿਆਂ ਤੋਂ ਬਚਣ ਲਈ ਅਪੀਲ ਵੀ ਕੀਤੀ।
ਸਟੇਜ਼ ਤੋਂ ਤਕਨੀਕੀ ਸੈਸ਼ਨ ਨਾਲੋ-ਨਾਲ ਚਲਦਾ ਰਿਹਾ, ਜਿੱਥੇ ਖੇਤੀ ਪਸਾਰ ਮਾਹਿਰਾਂ ਨੇ ਖੇਤੀ ਦੇ ਚਲੰਤ ਮਸਲਿਆਂ ਬਾਰੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਕਿਸਾਨਾਂ ਵੱਲੋਂ ਆਏ ਮਸਲਿਆਂ ਦੇ ਹੱਲ ਵੀ ਸੁਝਾਏ ਗਏ। ਡਾ. ਜਸਵਿੰਦਰ ਸਿੰਘ ਭੱਲਾ ਅਤੇ ਡਾ. ਤੇਜਿੰਦਰ ਸਿੰਘ ਰਿਆੜ ਨੇ ਮੰਚ ਸੰਚਾਲਣ ਦਾ ਕਾਰਜ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਆਏ ਕਿਸਾਨਾਂ, ਵਿਗਿਆਨੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *