ਫਾਰਗ ਮੁਲਾਜ਼ਮਾਂ ਦੀ ਬਹਾਲੀ ਨੂੰ ਲੈ ਕੇ ‘ਸ਼੍ਰੋਮਣੀ ਕਮੇਟੀ ਪ੍ਰਧਾਨ’ ‘ਲਾਚਾਰ’
‘ਅੜਿੱਕਾ’ ਸਿੰਘ ਬਣ ਕੇ ਭੂਮਿਕਾ ਨਿਭਾ ਰਹੇ ‘ਬਾਦਲਾਂ’ ਦੇ ਨਜ਼ਦੀਕੀ
‘ਸਿਫਾਰਸ਼ੀ’ ਗਲਬਾ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਲਾਹ ਰਿਹਾ ‘ਢਾਹ’
ਪਟਿਆਲਾ 28 ਮਾਰਚ (ਰਮਨਦੀਪ ਕੌਰ)
ਸ਼੍ਰੋਮਣੀ ਕਮੇਟੀ ਵੱਲੋਂ ਕੱਢੇ 523 ਮੁਲਾਜ਼ਮਾਂ ਦੀ ਬਹਾਲੀ ਦੀ ਮਾਮਲਾ ਇਕ ਵਾਰ ਫੇਰ ਠੰਡਾ ਬਸਤੇ ‘ਚ ਪੈਂਦਾ ਦਿਖਾਈ ਦੇ ਰਿਹਾ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਵਾਰ-ਵਾਰ ਮੁਲਾਜ਼ਮਾਂ ਨੂੰ ਬਹਾਲ ਕੀਤੇ ਜਾਣ ਦਾ ਭਰੋਸਾ ਦੇ ਕੇ ਇਸ ਮਾਮਲੇ ਨੂੰ ਲਮਕਾ ਕੇ ਠੰਡੇ ਬਸਤੇ ‘ਚ ਸੁੱਟਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਫੈਸਲੇ ‘ਤੇ ਕੀਤੇ ਜਾ ਰਹੀ ਦੇਰੀ ਨਾਲ ਜਿਥੇ ਮੁਲਾਜ਼ਮਾਂ ਪੱਲੇ ਨਿਰਾਸ਼ਾ ਪਾਈ ਹੈ, ਉਥੇ ਮੁਲਾਜ਼ਮਾਂ ਨੂੰ ਅੱਜ ਫਾਕੇ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਸ਼੍ਰੋਮਣੀ ਕਮੇਟੀ ‘ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਹੋਣ ਭਾਵੇਂ ਫਾਰਗ ਮੁਲਾਜ਼ਮਾਂ ਦੀ ਬਹਾਲੀ ਦਾ ਮਾਮਲਾ, ਹੁਣ ਤੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਫੈਸਲੇ ਲੈਣ ਵਾਲੇ ਪ੍ਰਧਾਨਾਂ ‘ਚੋਂ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਤ ਹੁੰਦੇ ਵਿਖਾਈ ਦੇ ਰਹੇ ਹਨ। ਚਰਚਾਵਾਂ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਚੁਣੇ ਜਾਣ ਤੋਂ ਲੈ ਕੇ ਹੁਣ ਤੱਕ ਭਾਈ ਲੌਂਗੋਵਾਲ ‘ਬਾਦਲਾਂ’ ਦਾ ਹੱਥ ਠੋਕਾ ਪ੍ਰਧਾਨ ਹੀ ਮੰਨੇ ਜਾਂਦੇ ਹਨ, ਜਿਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਹਿੱਤ ‘ਚ ਨਿਰਪੱਖ ਅਤੇ ਨਿਰੋਲ ਲਏ ਜਾਣ ਵਾਲੇ ਫੈਸਲਿਆਂ ਲਈ ਵੀ ‘ਬਾਦਲਾਂ’ ਦੇ ਇਸ਼ਾਰਿਆਂ ਦੀ ਲੋੜ ਮਹਿਸੂਸ ਹੁੰਦੀ ਵੇਖੀ ਜਾ ਸਕਦੀ ਹੈ।
ਫਾਰਗ ਮੁਲਾਜ਼ਮਾਂ ਨੇ ਬਹਾਲੀ ਦੀ ਮੰਗ ਨੂੰ ਲੈ ਕੇ ਜਿਥੇ ਸ਼੍ਰੋਮਣੀ ਕਮੇਟੀ ਖਿਲਾਫ਼ ਹਾਈਕੋਰਟ ਪਹੁੰਚ ਕੀਤੀ, ਉਥੇ ਮੁਲਾਜ਼ਮਾਂ ਨੇ ਧਰਨਿਆਂ ਦਾ ਦੌਰ ਸ਼ੁਰੁ ਕੀਤਾ ਤਾਂ ਸ਼੍ਰੋਮਣੀ ਕਮੇਟੀ ਨੇ ਸਬ ਕਮੇਟੀ ਬਣਾ ਕੇ ਫਾਰਮ ਮੁਲਾਜ਼ਮਾਂ ਦੇ ਪੱਲੇ ਧਰਵਾਸ ਅਤੇ ਭਰੋਸਾ ਦੇ ਕੇ ਇਹ ਕਹਿ ਉਠਾ ਦਿੱਤਾ ਕਿ ਜਲਦ ਹੀ ਸਬ ਕਮੇਟੀ ਦੀ ਰਿਪੋਰਟ ਆਉਣ ‘ਤੇ ਮੁਲਾਜ਼ਮ ਬਹਾਲ ਕੀਤੇ ਜਾਣਗੇ, ਜਦਕਿ ਹੁਣ ਤੱਕ ਦੋ ਵਾਰ ਬਣਾਈਆਂ ਸਬ ਕਮੇਟੀਆਂ ਵੀ ਇਸ ਬਹਾਲੀ ਦੇ ਮਾਮਲੇ ਨੂੰ ਤੱਣ ਪੱਤਣ ਲਗਾ ਸਕੀਆਂ। ਸੂਤਰਾਂ ਦਾ ਕਹਿਣਾ ਹੈ ਕਿ ਫਾਰਗ ਮੁਲਾਜ਼ਮਾਂ ਦੀ ਬਹਾਲੀ ਦਾ ਮਾਮਲਾ ਸ਼੍ਰੋਮਣੀ ਕਮੇਟੀ ਗਲਿਆਰੇ ‘ਚ ਆਪਣੀਆਂ ਮਨਮਰਜ਼ੀਆਂ ਦੇ ਉਤਾਰੂ ਹੋਏ ‘ਪ੍ਰਧਾਨ’ ਨਾਲ ਨੇੜਤਾ ਵਿਖਾਉਣ ਵਾਲਿਆਂ ਕਾਰਨ ਲਟਕਿਆ ਹੈ, ਜੋ ‘ਪ੍ਰਧਾਨ’ ਨੂੰ ਫੈਸਲਾ ਲੈਣ ਤੋਂ ਪਿੱਛੇ ਹਟਾ ਲੈਣ ਦੀਆਂ ਚਾਲਾਂ ਚੱਲਣ ‘ਚ ਲੱਗੇ ਰਹਿੰਦੇ ਹਨ।
ਸ਼੍ਰੋਮਣੀ ਕਮੇਟੀ ਗਲਿਆਰੇ ‘ਚ ਹਮੇਸ਼ਾ ਹੀ ‘ਪ੍ਰਧਾਨ’ ਨਾਲ ਨੇੜਤਾ ਰੱਖੇ ਜਾਣ ਨੂੰ ਲੈ ਕੇ ਭੱਜਦੌੜ ਲੱਗੀ ਰਹਿੰਦੀ ਹੈ, ਪਰ ਇਸ ਵਾਰ ‘ਪ੍ਰਧਾਨ’ ਨਾਲ ਨੇੜਤਾ ਰੱਖਣ ਵਾਲੇ ਹੀ ਸ਼੍ਰੋਮਣੀ ਕਮੇਟੀ ਦੇ ਹਿੱਤ ‘ਚ ਕੀਤੇ ਜਾਣ ‘ਫੈਸਲਿਆਂ’ ਨੂੰ ਬੂਰ ਹੀ ਨਹੀਂ ਪੈਣ ਦੇਣਾ ਚਾਹੁੰਦੇ ਜਾਂ ਇੰਝ ਕਹਿ ਲਓ ਕਿ ਸ਼੍ਰੋਮਣੀ ਕਮੇਟੀ ਨੂੰ ਸਹੀ ਦਿਸ਼ਾ ‘ਚ ਕਾਰਜਸ਼ੀਲ ਰੱਖਣ ਵਾਲਿਆਂ ਦੀ ਕਦੇ ‘ਨੀਤ’ ਹੀ ਸਿੱਧੀ ਨਹੀਂ ਰਹੀ, ਜਿਸ ਕਾਰਨ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਅੱਜ ਕਈ ਦਰਪੇਸ਼ ਚੁਣੌਤੀਆਂ ‘ਚੋਂ ਲੰਘਣਾ ਪੈ ਰਿਹਾ ਹੈ।
ਫਾਰਗ ਮੁਲਾਜ਼ਮਾਂ ਨੂੰ ਫਰਵਰੀ ਮਹੀਨੇ ਹੋਈ ਅੰਤ੍ਰਿੰਗ ਕਮੇਟੀ ‘ਚ ਬਹਾਲ ਹੋਣ ਦੀ ਆਸ ਬੱਝੀ ਸੀ, ਪਰ ਹਰ ਵਾਰ ਬਾਦਲਾਂ ਦੇ ਨਜ਼ਦੀਕੀ ਰਹਿਣ ਵਾਲਿਆਂ ਨੇ ‘ਅੜਿੱਕਾ ਸਿੰਘ’ ਬਣੇ ਕੇ ਹੀ ਭੂਮਿਕਾ ਨਿਭਾਈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤਰਲੇ ਮਿੰਨਤਾਂ ਕਰਨ ਵਾਲਿਆਂ ਦੇ ਪੱਲੇ ਨਿਰਾਸ਼ਾ ਹੀ ਪਈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸਬ ਕਮੇਟੀ ਵੱਲੋਂ ਇਕ ਨਵਾਂ ਹੀ ਫਾਰਮੂਲਾ ਘੜ ਮਾਰਿਆ ਹੈ ਕਿ ਜਿੰਨਾਂ ਮੁਲਾਜ਼ਮਾਂ ਨੇ ਕੇਸ ਕੀਤਾ ਹੈ ਉਹ ‘ਐਫੀਡੇਵਿਟ’ ਦੇਣ ਕਿ ਸ਼੍ਰੋਮਣੀ ਕਮੇਟੀ ‘ਤੇ ਕੀਤਾ ‘ਕੇਸ’ ਵਾਪਸ ਲਿਆ ਜਾਵੇਗਾ, ਜਦਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ‘ਕਮੇਟੀ’ ਦੇ ਖ਼ਜ਼ਾਨੇ ਨੂੰ ਲੁੱਟਣ ਅਤੇ ਵਿੱਦਿਅਕ ਅਦਾਰਿਆਂ ‘ਚ ਕੀਤੀ ਲੁੱਟ ਦਾ ਅੱਜ ਤੱਕ ਹਿਸਾਬ ਨਹੀਂ ਲੈ ਸਕੇ।
ਸ਼੍ਰੋਮਣੀ ਕਮੇਟੀ ‘ਚ ਮਾਮਲਾ ਕੋਈ ਵੀ ਵਿਵਾਦ ਪੂਰਨ ਹੋਵੇ, ਸਬ ਕਮੇਟੀ ਗਠਿਤ ਕੀਤੀ ਜਾਂਦੀ ਅਤੇ ਮਾਮਲੇ ਲਟਕਾ ਦਿੱਤੇ ਜਾਂਦੇ ਹਨ ਅਜਿਹੀ ਮਿਸਾਲ ਦਾ ਸਿਲਸਿਲਾ ਪਿਛੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਹਰ ਮਾਮਲੇ ਤੋਂ ਬਚਣ ਲਈ ‘ਸਬ ਕਮੇਟੀ’ ਦੇ ਆਸਰੇ ‘ਪ੍ਰਧਾਨਗੀ’ ਤਾਂ ਕਰਦੇ ਹਨ, ਪਰ ‘ਫੈਸਲਿਆਂ’ ‘ਤੇ ਵਿਖਾਈ ਜਾ ਰਹੀ ‘ਲਚਾਰਤਾ’ ਸਿੱਧ ਕਰਦੀ ਹੈ ਕਿ ‘ਸ਼੍ਰੋਮਣੀ ਕਮੇਟੀ’ ‘ਚ ਅਹਿਮ ਮਸਲਿਆਂ ‘ਤੇ ਫੈਸਲਾ ਹਵਾ ‘ਚ ਲਟਕ ਕੇ ਰਹਿ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਰੁਤਬਾ ਹਾਸਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਅੱਜ ਪੰਜਾਬ ਸਰਕਾਰ ਤੋਂ ਵੱਡਾ ਬਜਟ ਪੇਸ਼ ਕਰਦੀ ਹੈ, ਜਦਕਿ 15 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦਾ ‘ਸਿਫਾਰਸ਼ੀ ਗਲਬਾ’ ਹੀ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਵੱਡੀ ਢਾਹ ਲਾਉਂਦਾ ਵਿਖਾਈ ਦੇ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਸਾਂਭ ਸੰਭਾਲ, ਧਰਮ ਦੇ ਪ੍ਰਚਾਰ ਅਤੇ ਪਸਾਰ ਦੇ ਨਾਲ-ਨਾਲ ਵਿੱਦਿਅਕ ਅਦਾਰਿਆਂ ਦਾ ਨਿਘਾਰ ਵੱਲ ਜਾਣਾ ਧਰਮ ‘ਤੇ ਸਿਆਸਤ ਦਾ ਭਾਰੂ ਹੋਣਾ ਮੰਨਿਆ ਜਾਂਦਾ ਹੈ, ਜਦਕਿ ‘ਬਾਦਲਾਂ’ ਦੀ ਅਸਿਧੇ ਢੰਗ ਨਾਲ ਦਖਲਅੰਦਾਜ਼ੀ’ ਅਤੇ ਦਮਦਮੀ ਟਕਸਾਲ ਦਾ ਅਸਿੱਧਾ ਪ੍ਰਭਾਵ ਸਾਰੇ ਕਾਰਨਾਂ ‘ਚੋਂ ਮੁੱਖ ਜ਼ਿੰਮੇਵਾਰ ਕਾਰਨ ਮੰਨੇ ਜਾਂਦੇ ਹਨ। ਧਰਮ ਅਤੇ ਸਿਆਸਤ ਦੀ ਸਮਝਣ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਨਿਘਾਰ ‘ਚੋਂ ਕੱਢਣ ਲਈ ਸ਼੍ਰੋਮਣੀ ਕਮੇਟੀ ਦਾ ਕੋਈ ਦਾ ਪ੍ਰਧਾਨ ‘ਸੁਹਿਰਦ’ ਨਹੀਂ ਰਿਹਾ।

