ਪਟਿਆਲਾ

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਸਤਿਕਾਰ ਭੇਂਟ

ਸ਼ਹਾਦਤ ਜ਼ਬਰ ਤੇ ਜ਼ੁਲਮ ਵਿਰੁੱਧ ਟਾਕਰਾ ਕਰਨਾ ਸਿਖਾਉਂਦੀ ਹੈ : ਪ੍ਰੋ. ਬਡੂੰਗਰ
ਪਟਿਆਲਾ 22 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮਨਾਇਆ ਗਿਆ, ਜਿਨ੍ਹਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਲਈ ਗੁਰਦੁਆਰਾ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ।

ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਰਾਜ ਦਾ ਹਲੀਮੀ ਰਾਜ ਸਥਾਪਤ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਅਜਿਹਾ ਜਰਨੈਲ ਹੋਇਆ, ਜਿਸ ਨੇ ਸਿਰਫ ਮੁਗਲ ਰਾਜ ਦੀਆਂ ਜੜ੍ਹਾਂ ਹੀ ਨਹੀਂ ਪੁੱਟੀਆਂ ਸਗੋਂ ਸਿੱਖਾਂ ਨੂੰ ਅਜ਼ਾਦੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਮਾਲਕ ਬਣਾਇਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਨਿਰਭੈ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜ਼ਬਰ ਤੇ ਜ਼ੁਲਮ ਵਿਰੁੱਧ ਟਾਕਰੇ ਕਰਨਾ ਸਿਖਾਉਂਦੀ ਹੈ ।
ਸਾਬਕਾ ਪ੍ਰਧਾਨ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਖਸ਼ੀਅਤ ਸਮੁੱਚੀ ਕੌਮ ਲਈ ਇਸ ਕਰਕੇ ਪ੍ਰੇਰਨਾਮਈ ਹੈ ਕਿ ਜਬਰ ਤੇ ਜ਼ਬਰ ਵਿਰੁੱਧ ਲੜਨ ਦੀ ਜਾਂਚ, ਗੁਰੂ ਪ੍ਰਤੀ ਸਮਰਪਿਤ ਦੀ ਭਾਵਨਾ ਅਤੇ ਖਾਲਸਾ ਰਾਜ ਸਥਾਪਨਾ ‘ਚ ਪਾਏ ਯੋਗਦਾਨ ਕਰਕੇ ਮਹਾਨ ਜਰਨੈਲ ਨੂੰ ਰਹਿੰਦੀ ਦੁਨੀਆ ਤੱਕ ਅਣਡਿੱਠ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਰੀ ਸਾਹਾਂ ਤੱਕ ਸਿੱਖੀ ਸਿਦਕ ਨਾ ਛੱਡਦਿਆਂ ਬੇਬਾਕ ਹੋ ਕੇ ਸ਼ਹਾਦਤ ਦਿੱਤੀ, ਜਿਨ੍ਹਾਂ ਦੇ ਜੀਵਨ ਤੋਂ ਅਜੌਕੀ ਪੀੜੀ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਬਾਬਾ ਸਿੰਘ ਬਹਾਦਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਨ੍ਹਾਂ ਦੀ ਯਾਦ ਨੂੰ ਸਦੀਵੀ ਰੱਖੀਏ ਤੇ ਪ੍ਰੇਰਨਮਈ ਜੀਵਨ ਤੋਂ ਸੇਧ ਹਾਸਲ ਕਰਕੇ ਸਿੱਖ ਧਰਮ ਦੇ ਵਿਲੱਖਣ ਇਤਿਹਾਸ ਅਤੇ ਅਨੋਲ ਵਿਰਾਸਤ ਸਾਂਭਣ ਲਈ ਯਤਨਸ਼ੀਲ ਹੋਈਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਰੁਪਿੰਦਰ ਸਿੰਘ, ਆਤਮ ਪ੍ਰਕਾਸ਼, ਮਨਜੀਤ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਟਾਫ ਤੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *