ਪੰਜਾਬਪਟਿਆਲਾ

ਪਾਣੀ ਦੇ ਮਾਰ ਹੇਠ ਇਲਾਕਿਆਂ ‘ਚ ਸ਼੍ਰੋਮਣੀ ਕਮੇਟੀ ਨੇ ਕਮਾਨ ਸੰਭਾਲੀ

ਪ੍ਰਭਾਵਤ ਇਲਾਕੇ ‘ਚ ਵਰਤਾਇਆ ਲੰਗਰ, ਛੋਟੇ ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਦੀ ਕੀਤੀ ਸਹਾਇਤਾ
ਪਟਿਆਲਾ 16 ਜੁਲਾਈ (ਰਮਨਦੀਪ ਕੌਰ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸੁਚੱਜੀ ਅਗਵਾਈ ‘ਚ ਚੱਲ ਰਹੇ ਸੇਵਾ ਦੇ ਮਹਾਨ ਕਾਰਜਾਂ ‘ਚ ਯੋਗਦਾਨ ਪਾਉਂਦਿਆਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਪਟਿਆਲਾ ਦੇ ਆਸ-ਪਾਸ ਪਾਣੀ ਦੀ ਮਾਰ ਹੇਠ ਆਏ ਪ੍ਰਭਾਵਤ ਇਲਾਕਿਆਂ ‘ਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਲੋਕਾਂ ਦੀ ਸਹਾਇਤਾ ਲਈ ਕਮਾਨ ਸੰਭਾਲੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ‘ਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਸਮੁੱਚੀ ਟੀਮ ਨੂੰ ਨਾਲ ਲੈ ਕੇ ਘਰਾਂ ‘ਚ ਦਾਖਲ ਹੋਏ ਪਾਣੀ ਦੀ ਮਾਰ ਹੇਠ ਵਾਲੇ ਪ੍ਰਭਾਵਤ ਇਲਾਕਿਆਂ ‘ਚ ਲੋਕਾਂ ਦੀ ਸੇਵਾ ਦਾ ਬੀੜਾ ਚੁੱਕਿਆ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਵੱਡੀ ਦੇ ਨਾਲ ਲੱਗਦੀ ਗੋਪਾਲ ਕਾਲੋਨੀ ਵਿਖੇ ਪਹੁੰਚ ਕੇ ਲੰਗਰ ਚਲਾਉਣ ਦੀ ਜ਼ਿੰਮੇਵਾਰੀ ਸਾਂਭੀ ਹੈ। ਮੁਲਾਜ਼ਮਾਂ ਵੱਲੋਂ ਪ੍ਰਭਾਵਤ ਇਲਾਕੇ ‘ਚ ਪਹੁੰਚ ਕੇ ਲੰਗਰ ਛਕਣ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਪੰਗਤ ‘ਚ ਬਿਠਾ ਕੇ ਲੰਗਰ ਛਕਾਇਆ ਗਿਆ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਪਾਣੀ ‘ਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਅਤੇ ਪਾਣੀ ‘ਚ ਘਿਰੇ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਦੀ ਵੀ ਸਹਾਇਤਾ ਕੀਤੀ।
ਭਾਈ ਲੌਂਗੋਵਾਲ ਨੇ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਧਰਮ ਦੇ ਪ੍ਰਚਾਰ ਅਤੇ ਪਸਾਰ ਦੇ ਕਾਰਜ ਕੀਤੇ ਜਾ ਰਹੇ ਹਨ, ਉਥੇ ਹੀ ਲੋੜਵੰਦਾਂ ਅਤੇ ਬੇਸਹਾਰਿਆਂ ਦੀ ਸਹਾਇਤਾ ‘ਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਅਤੇ ਮਨੁੱਖਤਾ ਦਾ ਕਲਿਆਣ ਕਰਨ ਦੀ ਸਿੱਖਿਆ ਗੁਰੂ ਸਾਹਿਬਾਨ ਨੇ ਦਿੱਤੀ ਹੈ ਅਤੇ ਗੁਰੂ ਸਾਹਿਬ ਵੱਲੋਂ ਵਿਖਾਏ ਮਾਰਗ ‘ਤੇ ਚੱਲ ਕੇ ਸ਼੍ਰੋਮਣੀ ਕਮੇਟੀ ਕਲਿਆਣਮਈ ਕਾਰਜਾਂ ‘ਚ ਵੀ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ‘ਚ ਸ਼੍ਰੋਮਣੀ ਕਮੇਟੀ ਦੀ ਟੀਮ ਉਦੋਂ ਤੱਕ ਡਟੀ ਰਹੇਗੀ, ਜਦੋਂ ਤੱਕ ਹਾਲਾਤ ਅਨੁਕੂਲ ਨਹੀਂ ਹੋ ਜਾਂਦੇ।
ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਆਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਦੀ ਟੀਮ ਲੰਗਰ ਦੀ ਸੇਵਾ ਪ੍ਰਭਾਵਤ ਕਾਲੋਨੀ ‘ਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਟੀਮ ਵੱਲੋਂ ਪ੍ਰਭਾਵਤ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ‘ਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੇਵਾ ਦੇ ਕਾਰਜ ਨਿਰਵਿਘਨ ਜਾਰੀ ਰਹਿਣਗੇ ਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਪ੍ਰਭਾਵਤ ਕਾਲੋਨੀ ‘ਚ ਜੁਟੀ ਟੀਮ ‘ਚ ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਅਮਰਪਾਲ ਸਿੰਘ, ਰੁਪਿੰਦਰ ਸਿੰਘ, ਮਨਪ੍ਰੀਤ ਸਿੰਘ, ਰਾਮ ਸਿੰਘ, ਆਤਮ ਪ੍ਰਕਾਸ਼ ਸਿੰਘ , ਮਨਜੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *