ਪੰਜਾਬਪਟਿਆਲਾ

ਖੁਰਨ ਲੱਗੀਆਂ ਸ਼ਹਿਰ ‘ਚ ਲੱਗ ਰਹੀਆਂ ਇੰਟਰ ਲਾਕਿੰਗ ਟਾਇਲਾਂ !

ਵਾਰਡ ਨੰ: 49 ‘ਚ ਲੱਗ ਰਹੀਆਂ ਟਾਇਲਾਂ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ੍ਹ
ਪਟਿਆਲਾ 30 ਜੁਲਾਈ (ਰਮਨਦੀਪ ਕੌਰ) ਸ਼ਹਿਰ ‘ਚ ਜਿਥੇ ਪ੍ਰਸ਼ਾਸਨ ਵਿਕਾਸ ਕਾਰਜ ਜ਼ੋਰਾਂ ‘ਤੇ ਚੱਲਣ ਦੇ ਦਾਅਵੇ ਕਰ ਰਿਹਾ ਹੈ, ਉਥੇ ਹੀ ਗਲੀਆਂ-ਮੁਹੱਲਿਆਂ ਤੇ ਵਾਰਡਾਂ ‘ਚ ਲਗਾਈਆਂ ਜਾ ਰਹੀਆਂ ਇੰਟਰ ਲਾਕਿੰਗ ਟਾਇਲਾਂ ਦਾ ਮਟੀਰੀਅਰਲ ਦਰੁਸਤ ਨਾ ਹੋਣ ਕਾਰਨ ਮੀਂਹ ਦੇ ਪਾਣੀ ਨਾਲ ਟਾਇਲਾਂ ‘ਚ ਲੱਗਾ ਮਟੀਰੀਅਲ ਖੁਰਨਾ ਸ਼ੁਰੂ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਸ਼ਹਿਰ ਦੀ ਬੁੱਕਸ ਮਾਰਕੀਟ ਦੇ ਵਾਰਡ ਨੰ: 49 ‘ਚ ਇਸ ਤੋਂ ਪਹਿਲਾਂ ਵੀ ਵਿਕਾਸ ਕਾਰਜਾਂ ਦੀ ਹਨੇਰੀ ‘ਚ ਪਾਕਿਸਤਾਨ ਸੀਮਿੰਟ ਨਾਲ ਤਿਆਰ ਕੀਤੀਆਂ ਟਾਇਲਾਂ ਵਰਤਣ ਦਾ ਮਾਮਲਾ ਉਠਿਆ ਸੀ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵੱਲ ਕੇਵਲ ਗੋਂਗੁਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਹੀ ਅਮਲ ‘ਚ ਲਿਆਂਦੀ ਗਈ, ਪਰ ਇਸ ਵਾਰ ਵਾਰਡ ‘ਚ ਲਗਾਈਆਂ ਜਾ ਰਹੀਆਂ ਟਾਇਲਾਂ ਮੀਂਹ ਦੇ ਪਾਣੀ ਨਾਲ ਖੁਰਨ ਨਾਲ ਮਟੀਰੀਅਲ ‘ਚ ਵਰਤੀ ਗਈ ਸਮੱਗਰੀ ਦੀ ਪੋਲ ਨੂੰ ਖੋਲ੍ਹ ਰਹੀਆਂ ਹਨ।
ਮੀਂਹ ਪੈਣ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ‘ਚ ਸੜਕਾਂ ‘ਤੇ ਪਾਣੀ ਅਕਸਰ ਇਕੱਠਾ ਹੋਣਾ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ ਹੈ, ਉਥੇ ਹੀ ਵਾਰਡ ‘ਚ ਲੱਗਣ ਵਾਲੀਆਂ ਟਾਈਲਾਂ ਬਰਸਾਤੀ ਪਾਣੀ ‘ਚ ਡੁੱਬਣ ਨਾਲ ਆਪਣਾ ਅਸਰ ਛੱਡਣ ਲੱਗ ਪਈਆਂ ਹਨ, ਜਿਸ ਕਾਰਨ ਟਾਇਲਾਂ ‘ਚ ਵਰਤੀ ਗਈ ਸਮੱਗਰੀ ਨੇ ਵਿਕਾਸ ਕਾਰਜਾਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ।
ਵਾਰਡ ‘ਚ ਲਗਾਤਾਰ ਪਿਛਲੇ ਦੋ ਮਹੀਨਿਆਂ ਤੋਂ ਟਾਇਲਾਂ ਲਗਾਉਣ ਦਾ ਕੰਮ ਜਾਰੀ ਹੈ, ਪ੍ਰੰਤੂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਵਿਕਾਸ ਕਾਰਜ ਠੱਪ ਪਏ ਹਨ। ਦੂਜੇ ਪਾਸੇ ਬੁੱਕਸ ਮਾਰਕੀਟ ‘ਚ ਦੁਕਾਨਾਂ ਦੇ ਥੜੇ ਤੋੜਨ ਦੇਣ ਨਾਲ ਪਹਿਲਾਂ ਹੀ ਪ੍ਰਸ਼ਾਸਨ ਖਿਲਾਫ਼ ਕਾਫ਼ੀ ਨਰਾਜ਼ਗੀ ਪਾਈ ਜਾ ਰਹੀ ਹੈ, ਉਥੇ ਹੀ ਵਾਰਡ ‘ਚ ਟਾਇਲਾਂ ਲੱਗਣ ਤੋਂ ਪਹਿਲਾਂ ਹੀ ਮੀਂਹ ਦੇ ਪਾਣੀ ‘ਚ ਖੁਰਨ ਨਾਲ ਰੋਸ ਵੱਧਣਾ ਸ਼ੁਰੂ ਹੋ ਗਿਆ ਹੈ। ਦੁਕਾਨਦਾਰਾਂ ਅਤੇ ਵਾਰਡ ਦੇ ਬਾਸ਼ਿੰਦਿਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ‘ਚ ਪ੍ਰਸ਼ਾਸਨ ਖਿਲਾਫ਼ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਤਾਂ ਪਹਿਲਾਂ ਹੀ ਵਿਕਾਸ ਪੱਖ ਤੋਂ ਪੱਛੜ ਚੁੱਕਿਆ ਹੈ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਿਕਾਸ ਕੰਮਾਂ ‘ਚ ਕੀਤੀ ਜਾ ਰਹੀ ਖਾਨਾਪੂਰਤੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਵਿਕਾਸ ਕਾਰਜਾਂ ‘ਚ ਪ੍ਰਸ਼ਾਸਨ ਨੂੰ ਮਟੀਰੀਅਰਲ ਚੈਕ ਕਰਵਾਕੇ ਹੀ ਵਰਤੋਂ ‘ਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਟੀਆ ਮਟੀਰੀਅਲ ਦੀ ਵਰਤੋਂ ਕਰਨ ਵਾਲੇ ਅਧਿਕਾਰੀਆਂ ਅਤੇ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਨੂੰ ਅਮਲ ‘ਚ ਹੋਣੀ ਚਾਹੀਦੀ ਹੈ।
ਜਾਂਚ ਕਰਵਾਕੇ ਠੇਕੇਦਾਰ ਵਿਰੁੱਧ ਕਰਾਂਗਾ ਸ਼ਿਕਾਇਤ : ਕੌਂਸਲਰ
ਇਸ ਸਬੰਧ ‘ਚ ਵਾਰਡ ਦੇ ਕੌਂਸਲਰ ਰਾਜੇਸ਼ ਲੱਕੀ ਦਾ ਕਹਿਣਾ ਹੈ ਕਿ ਵਾਰਡ ‘ਚ ਕੀਤੇ ਜਾ ਰਹੇ ਵਿਕਾਸ ਕਾਰਜ ‘ਤੇ ਪੂਰੀ ਤਰ੍ਹਾਂ ਨਜ਼ਰ ਬਣਾ ਕੇ ਰੱਖ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਟਾਇਲਾਂ ਵਾਰਡ ‘ਚ ਲਗਾਈਆਂ ਜਾ ਰਹੀਆਂ ਹਨ, ਉਸ ਦੀ ਜਾਂਚ ਕਰਵਾਕੇ ਠੇਕੇਦਾਰ ਵਿਰੁੱਧ ਸ਼ਿਕਾਇਤ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ‘ਤੇ ਲੁੱਟਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।
ਟਾਇਲਾਂ ‘ਚ ਮਟੀਰੀਅਲ ਮਾੜਾ ਹੋਇਆ ਤਾਂ ਕਰਾਂਗਾ ਕਾਰਵਾਈ : ਸਿਆਲ
ਵਾਰਡ ਨੰ: 49 ‘ਚ ਵਰਤੀਆਂ ਜਾ ਰਹੀਆਂ ਇੰਟਰ ਲਾਕਿੰਗ ਟਾਇਲਾਂ ‘ਚ ਘਟੀਆ ਮਟੀਰੀਅਲ ਦੇ ਸਬੰਧ ‘ਚ ਨਿਗਮ ਦੇ ਐਕਸੀਅਨ ਇੰਜੀ. ਐਮ.ਐਮ. ਸਿਆਲ ਦਾ ਕਹਿਣਾ ਹੈ ਕਿ ਉਹ ਖੁਦ ਟੀਮ ਭੇਜ ਕੇ ਚੈਕ ਕਰਵਾਉਣਗੇ, ਜੇ ਘਟੀਆ ਮਟੀਰੀਅਰ ਦੀ ਵਰਤੋਂ ਹੋਈ ਤਾਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਤੋਂ ਗੁਰੇਜ਼ ਨਹੀਂ ਹੋਵੇਗਾ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਠੇਕੇਦਾਰ ਵਿਰੁੱਧ ਕਾਰਵਾਈ ਤੋਂ ਪਾਸਾ ਹੀ ਵੱਟ ਲਿਆ ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕਾਰਵਾਈ ਹੋ ਸਕਦੀ ਹੈ।

Leave a Reply

Your email address will not be published. Required fields are marked *