ਉਨਾਵ ਦੀ ਰੇਪ ਪੀੜਤਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ
ਪਟਿਆਲਾ 1 ਅਗਸਤ (ਮਧੂਸਾਰ ਬਿਊਰੋ) ਇਸਤਰੀ ਜਾਗ੍ਰਿਤੀ ਮੰਚ ਵੱਲੋਂ ਉਨਾਵ ਦੀ ਰੇਪ ਪੀੜਤਾ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜੱਥੇਬੰਦੀ ਦੇ ਆਗੂ ਅਮਨਦੀਪ ਕੌਰ ਅਤੇ ਸਪਨਾ ਨੇ ਕਿਹਾ ਕਿ ਉਨਾਵ ਦੀ ਰੇਪ ਪੀੜਤਾ, ਉਸਦੀ ਵਕੀਲ ਅਤੇ ਦੋ ਰਿਸ਼ਤੇਦਾਰਾਂ ਦਾ ਦੁਰਘਟਨਾ ਗ੍ਰਸਤ ਕਰਕੇ ਹੋਈ ਮੌਤ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਦੀ ਨੰਬਰ ਪਲੇਟ ਉੱਪਰ ਕਾਲਖ ਪੁਥੇ ਹੋਣ ਅਤੇ ਉਸਦੀ ਮਾਂ ਅਤੇ ਭੈਣ ਦੇ ਬਿਆਨ ਤਹਿਤ ਇਹ ਹਾਦਸਾ ਨਾ ਹੋ ਕੇ ਕੁੱਝ ਹੋਰ ਸ਼ਾਜਸ਼ ਹੋਣ ਵੱਲ ਇਸ਼ਾਰਾ ਕਰਦਾ ਹੈ। ਹਾਦਸੇ ਤੋਂ ਪਹਿਲਾਂ ਪੀੜਤਾਂ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਕੇ ਕੇਸ ਦੀ ਕਾਰਵਾਈ ਨੂੰ ਦਿੱਲੀ ਵਿਖੇ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਇਸਤਰੀ ਜਾਗ੍ਰਿਤੀ ਮੰਚ ਵੱਲੋਂ ਇਹ ਮੰਗ ਕੀਤੀ ਗਈ ਕਿ ਉਨਾਵ ਰੇਪ ਪੀੜਤ ਦੇ ਹਾਦਸੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਸੁਪਰੀਮ ਕੋਰਟ ਖੁਦ ਇਸ ਕੇਸ ਵਿੱਚ ਦਖਲ ਦੇ ਕੇ ਪੀੜਤਾ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਵੇ।
ਰੋਸ ਪ੍ਰਦਰਸ਼ਨ ਵਿੱਚ ਜਿਲ੍ਹਾ ਆਗੂ ਕੁਲਦੀਪ ਰੋਹਟੀ, ਲਖਵੀਰ ਨੂਰਖੇੜੀਆਂ, ਹਰਬੰਸ ਨੂਰਖੇੜੀਆਂ ਅਤੇ ਪੀ.ਐਸ.ਯੂ. ਦੀ ਆਗੂ ਦਲਜੀਤ ਕੌਰ ਹਾਜ਼ਰ ਸੀ।

