ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 20 ਹਜ਼ਾਰ ਦੇ ਕਰੀਬ ਪੌਦੇ ਵੰਡਣ ਦਾ ਟੀਚਾ
ਜੰਗਲਾਤ ਵਿਭਾਗ ਨੂੰ ਸੌਂਂਪੇ 10 ਹਜ਼ਾਰ ਪੌਦੇ, ਸਵਾ ਲੱਖ ਰੁਪਏ ਦੀ ਕਰਨੀ ਹੋਵੇਗੀ ਅਦਾਇਗੀ
ਪਟਿਆਲਾ 1 ਅਗਸਤ (ਰਮਨਦੀਪ ਕੌਰ) ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਹਰ ਵਰਗ ਜਿਥੇ ਆਪੋ-ਆਪਣੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਜ਼ਿਲ੍ਹੇ ਦਾ ਬਾਗਬਾਨੀ ਵਿਭਾਗ ਨੇ ਵੀ ਪੌਦੇ ਵੰਡਕੇ ਪ੍ਰਕਾਸ਼ ਪੁਰਬ ਮਨਾਉਣ ਦਾ ਬੀੜਾ ਚੁੱਕਿਆ ਹੈ, ਜਿਸ ਦੀ ਸ਼ੁਰੂਆਤ ਬਾਗਬਾਨੀ ਵਿਭਾਗ ਨੇ ਜੰਗਲਾਤ ਵਿਭਾਗ ਨੂੰ 10 ਹਜ਼ਾਰ ਰੁਪਏ ਦੇ ਕਰੀਬ ਫਲਦਾਰ ਪੌਦੇ ਵੰਡਕੇ ਕੀਤੀ ਹੈ।
ਬਾਗਬਾਨੀ ਵਿਕਾਸ ਅਫਸਰ ਸਰਕਾਰੀ ਫਰੂਟ ਨਰਸਰੀ ਪਟਿਆਲਾ ਹਰਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 20 ਹਜ਼ਾਰ ਦੇ ਕਰੀਬ ਪੌਦੇ ਵੰਡਣ ਦਾ ਟੀਚਾ ਦਿੱਤਾ ਗਿਆ, ਜਿਸ ਤਹਿਤ ਜੰਗਲਾਤ ਵਿਭਾਗ ਨੂੰ ਵੱਖ-ਵੱਖ ਕਿਸਮਾਂ ਦੇ ਫਲਦਾਰ ਬੂਟੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਕੋਲ ਹਾਈਬਰਿਡ ਕਿਸਮ ਦੀ ਪਿਉਂਦ ਵਾਲੇ ਬੂਟੇ ਤਿਆਰ ਕੀਤੇ ਜਾਂਦੇ ਹਨ, ਜਿਨਾਂ ‘ਤੇ ਫਲ ਆਮ ਬੂਟਿਆਂ ਨਾਲੋਂ ਜਲਦੀ ਲੱਗਦਾ ਹੈ। ਅਧਿਕਾਰੀ ਨੇ ਦੱਸਿਆ ਕਿ ਬਾਗਬਾਨੀ ‘ਚ ਅੰਬ, ਅਮਰੂਦ, ਜਾਮਣ, ਬਿੱਲ, ਨਿੰਬੂ, ਕਾਗਜੀ ਨਿੰਬੂ, ਕਠਲ, ਕਰੌਂਦਾਂ, ਆੜੂ, ਅਜ਼ੀਰ, ਆਲੂ ਬੁਖਾਰਾ, ਅੰਗੂਰ, ਫਾਲਸਾ, ਬੱਬੂ ਗੋਸਾ ਸਮੇਤ ਹੋਰ ਬੂਟੇ ਤਿਆਰ ਕੀਤੇ ਜਾਂਦੇ ਹਨ।
ਬਾਗਬਾਨੀ ਅਧਿਕਾਰੀ ਚਹਿਲ ਨੇ ਦੱਸਿਆ ਕਿ ਵਿਭਾਗ ਕੋਲ 50 ਕਿਲ੍ਹਿਆਂ ਦਾ ਰਕਬਾ ਹੈ, ਜਦਕਿ ਇਸ ਸਮੇਂ ਮਹਿਜ਼ 10 ਕਿਲ੍ਹਿਆਂ ‘ਚ ਹੀ ਫਰੂਟ ਅਤੇ ਹੋਰ ਬੂਟਿਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਕਬਾ ਅਨੁਸਾਰ ਲੇਬਰ ਦੀ ਵੱਡੀ ਘਾਟ ਵਿਭਾਗ ਨੂੰ ਮਹਿਸੂਸ ਹੁੰਦੀ ਹੈ, ਜੇ ਸਰਕਾਰ ਲੇਬਰ ਦੀ ਘਾਟ ਨੂੰ ਦੂਰ ਕਰੇ ਤਾਂ ਸਰਕਾਰ ਵੱਲੋਂ ਮਿਲੇ ਟੀਚੇ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਮਨਰੇਗਾ ਲੇਬਰ ਦੀ ਕੀਤੀ ਮੰਗ
ਬਾਗਬਾਨੀ ਅਫਸਰ ਹਰਿੰਦਰ ਸਿੰਘ ਚਹਿਲ ਨੇ ਕਿਹਾ ਕਿ ਜੇਕਰ ਵਿਭਾਗ ਨੂੰ ਮਨਰੇਗਾ ਦੀ ਲੇਬਰ ਲਾਉਣ ਦੀ ਆਗਿਆ ਮਿਲ ਜਾਵੇ ਤਾਂ 50 ਏਕੜ ਵਿਚ ਵੀ ਬੂਟਿਆਂ ਦੀ ਕਾਸ਼ਤ ਹੋ ਸਕਦੀ ਹੈ। ਉਨਾ ਦੱਸਿਆ ਕਿ ਹਰ ਸਾਲਾ ਸਾਡਾ 20 ਤੋਂ 22 ਹਜਾਰ ਬੂਟੇ ਪੈਦਾ ਕਰਨ ਦਾ ਟੀਚਾ ਹੁੰਦਾ ਹੈ, ਪਰ ਲੇਬਰ ਦੀ ਘਾਟ ਕਾਰਨ ਇਹ ਟੀਚਾ ਪੂਰਾ ਕਰਨ ਵਿਚ ਦਿੱਕਤ ਪੇਸ਼ ਆਉਦੀਂ ਹੈ, ਜੇ ਸਰਕਾਰ ਇਸ ਘਾਟ ਨੂੰ ਦੂਰ ਕਰ ਦੇਵੇ ਤਾਂ ਮਿਲੇ ਟੀਚੇ ਨੂੰ ਵੀ ਪਾਰ ਕੀਤਾ ਜਾ ਸਕਦਾ ਹੈ।

