ਸ਼੍ਰੋਮਣੀ ਅਕਾਲੀ ਦਲ (ਅ) ਪ੍ਰਕਾਸ਼ ਪੁਰਬ ਪਾਰਟੀ ਆਪਣੇ ਪੱਧਰ ‘ਤੇ ਮਨਾਏਗਾ : ਕੋਰ ਕਮੇਟੀ
ਪਟਿਆਲਾ 1 ਅਗਸਤ (ਅਮਰੀਕ ਇੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ (ਅ) ਕੋਰ ਕਮੇਟੀ ਦੀ ਬੈਠਕ ਕੌਮੀ ਜਨਰਲ ਸੈਕਟਰੀ ਪ੍ਰੋ. ਮਹਿੰਦਰ ਸਿੰਘ ਦੀ ਅਗਵਾਈ ‘ਚ ਹੋਟਲ-ਸੀ ਵਿਖੇ ਕੀਤੀ ਗਈ। ਇਕੱਤਰਤਾ ਦੌਰਾਨ ਪੇਸ਼ ਕੀਤੇ ਮਤਿਆਂ ‘ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਦੀਰਘ ਵਿਚਾਰਾਂ ਕਰਨ ਉਪਰੰਤ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਭੇਜੇ ਸੁਨੇਹਾ ‘ਤੇ ਵਿਚਾਰ ਕਰਦਿਆਂ ਨਗਰ ਕੀਰਤਨ ‘ਚ ਨਾ ਸ਼ਾਮਲ ਹੋਣ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ ਹੈ।
ਕੌਰ ਕਮੇਟੀ ‘ਚ ਪੇਸ਼ ਕੀਤੇ ਫੈਸਲਿਆਂ ਦੇ ਸਬੰਧ ‘ਚ ਜਨ. ਸੈਕਟਰੀ ਪ੍ਰੋ. ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਾਰਟੀ ਆਪਣੇ ਪੱਧਰ ‘ਤੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੀ ਹੈ, ਜਿਸ ਸਬੰਧ ‘ਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸੱਦੀ ਮੀਟਿੰਗ ‘ਚ ਫੈਸਲੇ ਤੋਂ ਬਾਅਦ ਤਾਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।
ਪ੍ਰੋ. ਮਹਿੰਦਰਪਾਲ ਨੇ ਕਿਹਾ ਕਿ 15 ਅਗਸਤ ਨੂੰ ਕਾਲੇ ਦਿਵਸ ਵਜੋਂ ਹਮਖਿਆਲੀਆਂ ਨਾਲ ਮਿਲਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਅਤੇ ਦਲ ਖਾਲਸਾ ਯੂਨਾਈਟਿਡ ਨਾਲ ਮਿਲਕੇ ਰੋਸ ਮਾਰਚ ਵੀ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ‘ਚੋਂ ਕੱਢੇ ਗਏ ਵਿਅਕਤੀਆਂ ਨੂੰ ਮੁੜ ਪਾਰਟੀ ‘ਚ ਸ਼ਾਮਲ ਕਰਨ ਲਈ ਪਾਰਟੀ ਦੇ ਵਿਧਾਨ ਮੁਤਾਬਕ ਹੀ ਫੈਸਲਾ ਲਿਆ ਜਾਵੇਗਾ। ਇਕ ਸਵਾਲ ਦੇ ਜਵਾਬ ‘ਚ ਪ੍ਰੋ. ਮਹਿੰਦਰਪਾਲ ਨੇ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਦੇ ਲੈਟਰ ਹੈਡ ‘ਤੇ ਕਿਸੇ ਨੂੰ ਵੀ ਵਿਦੇਸ਼ ਭੇਜਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ‘ਚ ਲਿਆਂਦੇ ਗਏ ਸਾਰੇ ਮਤਿਆਂ ‘ਤੇ ਮੋਹਰ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਦੀ ਪ੍ਰਧਾਨਗੀ ‘ਚ 3 ਅਗਸਤ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਹੋਣ ਜਾ ਰਹੀ ਇਕੱਤਰਤਾ ‘ਚ ਮੋਹਰ ਲਗਾਈ ਜਾਵੇਗੀ।
ਕੌਰ ਕਮੇਟੀ ‘ਚ ਹੋਰਨਾਂ ਤੋਂ ਇਲਾਵਾ ਜਨਰਲ ਸੈਕਟਰੀ ਜਸਕਰਨ ਸਿੰਘ ਕਾਹਨਕੇਵਾਲਾ, ਜਨ. ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਲਦੀਪ ਸਿੰਘ ਭਾਗੋਵਾਲ ਮੈਂਬਰ ਪੀਏਸੀ, ਅਮਰੀਕ ਸਿੰਘ ਮੋਹਾਲੀ ਮੈਂਬਰ ਪੀਏਸੀ, ਹਰਭਜਨ ਸਿੰਘ ਕਸ਼ਮੀਰੀ ਮੈਂਬਰ ਪੀਏਸੀ, ਰਣਜੀਤ ਸਿੰਘ ਧੰਗੇੜਾ ਪ੍ਰਧਾਨ ਜ਼ਿਲ੍ਹਾ ਬਰਨਾਲਾ, ਗੁਰਨੈਬ ਸਿੰਘ ਨੈਬੀ ਪ੍ਰਧਾਨ ਜ਼ਿਲ੍ਹਾ ਸੰਗਰੂਰ, ਗੁਰਜੰਟ ਸਿੰਘ ਕੱਟੂ ਆਦਿ ਹਾਜ਼ਰ ਸਨ।

