ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਨਾਲ ਵਿਗੜੀ – ਵਿੰਦਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਤੇ ਸਾਬਕਾ ਮੈਂਬਰ ਇੰਮਪਰੂਵਮੈਂਟ ਟਰੱਸਟ ਪਟਿਆਲਾ ਸ੍ਰ.ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ,ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।ਉਹਨਾਂ ਕਿਹਾ ਕਿ ਮੋਗਾ ਵਿਖੇ ਇੱਕ ਵਪਾਰੀ ਦੀ ਲੁੱਟ ਖੋਹ ਕਰਨ ਉਪਰੰਤ ਬਦਮਾਸ਼ਾ ਵਲੋਂ ਕਤਲ ਕਰ ਦੇਣਾ, ਲੁਧਿਆਣਾ ਵਿੱਚ ਏ.ਟੀ.ਐਮ ਵੈਨ ਤੋਂ ਕਰੋੜਾ ਰੁਪਏ ਦੀ ਲੁੱਟ ਅਤੇ ਸੂਬੇ ਵਿੱਚ ਰੋਜ਼ਾਨਾਂ ਹੋਰ ਅਨੇਕਾਂ ਵਾਪਰ ਰਹੀਆਂ ਸੰਘੀਨ ਲੁੱਟਾ ਖੋਹਾ ਦੀ ਘਟਨਾਵਾਂ ਨੇ ਪੰਜਾਬ ਵਿੱਚ ਅਰਾਜਕਤਾ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਹੈ। ਸ੍ਰ.ਵਿੰਦਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਚੁਟਕਲਿਆ ਦੇ ਨਾਲ ਅਤੇ ਕਰੋੜਾ ਰੁਪਏ ਇਸ਼ਤਿਹਾਰਬਾਜੀ ਤੇ ਖਰਚ ਕਰ ਇਹਨਾਂ ਗੰਭੀਰ ਹਾਲਾਤਾ ਤੋ ਪੰਜਾਬ ਦੀ ਜਨਤਾ ਦਾ ਧਿਆਨ ਹਟਾਉਣਾ ਚਾਹੁੰਦੇ ਹਨ।ਉਹਨਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ
ਪੰਜਾਬੀਆਂ ਨੇ ਕਈ ਦਹਾਕਿਆ ਦੌਰਾਨ ਬਹੁਤ ਵੱਡਾ ਸੰਤਾਪ ਹੰਢਾਇਆ ਹੈ,ਹਜਾਰਾਂ ਲੋਕ ਉਸ ਕਾਲੇ ਦੌਰ ਵਿੱਚ ਮਾਰੇ ਗਏ ਸਨ।ਅੱਜ ਦੇ ਹਾਲਾਤ ਦੇਖਕੇ ਹਰ ਵਿਅਕਤੀ ਵਿੱਚ ਡਰ ਪੈਦਾ ਹੋ ਗਿਆ ਹੈ। ਸ੍ਰ ਵਿੰਦਾ ਨੇ ਕਿਹਾ ਕਿ ਬੇਰੋਜਗਾਰੀ ਬੇਹੱਦ ਵੱਧ ਗਈ ਹੈ ਅਤੇ ਪੰਜਾਬ ਦੀ ਵੱਡੀ ਗਿਣਤੀ ਇੰਡਸਟਰੀ ਪੰਜਾਬ ਛੱਡ ਕੇ ਹੋਰ ਸੂਬਿਆ ਨੂੰ ਜਾ ਚੁੱਕੀ ਹੈ। ਕੋਈ ਵੀ ਨਵੀਂ ਇੰਡਸਟਰੀ ਜਾਂ ਕਾਰਖਾਨਾ ਪੰਜਾਬ ਵਿੱਚ ਨਿਵੇਸ਼ ਲਈ ਨਹੀ ਆ ਰਿਹਾ। ਸ੍ਰ. ਵਿੰਦਾ ਨੇ ਕਿਹਾ ਕਿ ਬੇਰੋਜ਼ਗਾਰੀ, ਨਸ਼ਿਆ ਅਤੇ ਪੰਜਾਬ ਵਿੱਚ ਦੇ ਮੌਜੂਦਾ ਹਾਲਾਤਾ ਕਰਕੇ ਵੀ ਨੌਜਵਾਨ ਪੀੜ੍ਹੀ ਦਾ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ। ਇਸੇ ਦੌਰਾਨ ਅਕਾਲੀ ਨੇਤਾ ਸ੍ਰ.ਵਿੰਦਾ ਨੇ ਪੰਜਾਬ ਦੀ ਆਪ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਵੱਲੋਂ ਆਮ ਜਨਤਾ ਤੇ ਇਹ ਵਾਧੂ ਬੋਝ ਪਾਇਆ ਗਿਆ ਹੈ। ਇਸ ਮੌਕੇ ਸ੍ਰ ਸਤਿੰਦਰ ਸਿੰਘ ਸ਼ੱਕੂ ਗਰੋਵਰ ਜ਼ਿਲਾ ਯੂਥ ਕੋਆਰਡੀਨੇਟਰ, ਹਰਪ੍ਰੀਤ ਸਿੰਘ,ਗਵਿੰਦਰ ਸਿੰਘ ਕੋਹਲੀ, ਸ਼ਮਸ਼ੇਰ ਸਿੰਘ, ਤੇਜਿੰਦਰ ਸਿੰਘ, ਉਪਿੰਦਰ ਸਿੰਘ ਆਦਿ ਵੀ ਨਾਲ ਹਾਜ਼ਰ ਸਨ ।

