ਕਸ਼ਮੀਰੀ ਔਰਤਾਂ ਦੇ ਗੌਰਵ ਤੇ ਸਨਮਾਨ ਦੀ ਰੱਖਿਆ ਸਾਡਾ ਧਰਮ ਫਰਜ਼: ਬਾਬਾ ਬਲਬੀਰ ਸਿੰਘ 96ਵੇਂ ਕਰੋੜੀ
ਔਰਤਾਂ ਬਾਰੇ ਅਪਮਾਨ ਜਨਕ ਟਿਪਣੀਆਂ ਤੁਰੰਤ ਬੰਦ ਹੋਣ
ਅੰਮ੍ਰਿਤਸਰ,12 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪੰਜਾਬ ਦੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਤੇ ਵਧਾਇਕਾਂ ਵਲੋਂ ਜਿਸ ਤਰੀਕੇ ਨਾਲ ਔਰਤ ਦੇ ਅਪਮਾਨ ਕਰਨ ਦੀ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ ਉਹ ਅਤਿ ਨਿੰਦਣਯੋਗ ਤੇ ਕਾਇਰਤਾ ਵਾਲੀ ਹੈ।ਇਹ ਵਿਚਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਸਿੰਘਾਂ ਵਿਖੇ ਦੇ ਦਰਸ਼ਨ ਕਰਨ ਉਪਰੰਤ ਸਾਂਝੇ ਕੀਤੇ।
ਅੱਜ ਏਥੋਂ ਬੁੱਢਾ ਦਲ ਦੀ ਛਾਉਣੀ ਤੋਂ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਹੀ ਦੇਸ਼ ਭਾਰਤ ਵਿਚ ਗੈਰ ਜ਼ਿੰਮੇਵਾਰ ਸਿਆਸਤਦਾਨਾਂ ਦੀ ਕਮੀ ਨਹੀਂ ਹੈ।ਜੰਮੂ ਕਸ਼ਮੀਰ ਦੇ ਹਲਾਤ ਨਾਜ਼ਕ ਹਨ।ਪਰ ਕੁਝ ਸਿਆਸੀ ਆਗੂਆਂ ਅਤੇ ਹੋਰ ਲੋਕਾਂ ਵਲੋਂ ਸ਼ੋਸਲ ਮੀਡੀਏ ਤੇ ਕਸ਼ਮੀਰੀ ਔਰਤਾਂ ਬਾਰੇ ਇਤਰਾਜਯੋਗ ਟਿਪਣੀਆਂ ਕੀਤੀ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਜਿਹੀਆਂ ਟਿਪਣੀਆਂ ਕਰਨ ਵਾਲੇ ਇਹ ਨਹੀਂ ਸਮਝਦੇ ਕਿ ਇਸ ਤਰ੍ਹਾਂ ਦਾ ਵਿਵਹਾਰ ਸਮੁੱਚੀ ਔਰਤ ਜਾਤ ਦਾ ਅਪਮਾਨ ਹੈ।ਇਸ ਰੁਝਾਨ ਦਾ ਵਿਰੋਧ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸੰਸਥਾਵਾਂ ਨੇ ਵੀ ਕੀਤਾ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕਸ਼ਮੀਰ ਦੀਆਂ ਔਰਤਾਂ ਸਾਡੇ ਦੇਸ਼ ਤੇ ਸਮਾਜ ਦਾ ਹਿੱਸਾ ਹਨ, ਉਨ੍ਹਾਂ ਦੇ ਗੌਰਵ ਤੇ ਸਨਮਾਨ ਦੀ ਰੱਖਿਆਂ ਕਰਨੀ ਸਾਡਾ ਧਰਮ ਫਰਜ਼ ਹੈ।ਉਨ੍ਹਾਂ ਕਿਹਾ ਕਿ ਕਸ਼ਮੀਰੀ ਔਰਤਾਂ ਪ੍ਰਤੀ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਿਮਾਰ ਮਾਨਸਿਕਤਾ ਦੀ ਗਵਾਹੀ ਹਨ।ਅੱਜ ਦਾ ਸਮਾਂ ਉਨ੍ਹਾਂ ਨਾਲ ਸੰਵੇਦਨ ਸੀਲਤਾ ਦਿਖਾਉਣ ਦਾ ਹੈ।ਨਿਹੰਗ ਮੁਖੀ ਨੇ ਕਿਹਾ ਕਿ ਬਿਆਨਬਾਜੀ ਕਰਨ ਵਾਲੇ ਲੋਕਾਂ ਦੀ ਅਜਿਹੀ ਮਾਨਸਿਕਤਾ ਪ੍ਰਗਟਾਉਂਦੀ ਹੈ ਕਿ ਰਾਸ਼ਟਰਵਾਦੀ , ਧਾਰਮਿਕ ਤੇ ਖੇਤਰੀ ਜਨੂੰਨ ਕਿੰਨੀ ਖਤਰਨਾਕ ਸ਼ਕਲ ਅਖਤਿਆਰ ਕਰ ਸਕਦਾ ਹੈ।ਉਨ੍ਹਾਂ ਹਰ ਫਿਰਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦਾ ਕੋਈ ਇਤਰਾਜਯੋਗ ਬਿਆਨ ਨਾ ਦਿੱਤਾ ਜਾਵੇ ਜਿਸ ਨਾਲ ਕਸ਼ਮੀਰ ਦੇ ਲੋਕਾਂ ਦੇ ਮਨਾਂ ਨੂੰ ਠੇਸ ਪੁਜੇ।ਉਨ੍ਹ੍ਹਾਂ ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਰਬ ਸਾਂਝਾ ਸਾਸ਼ਕ ਸੀ ਉਸ ਦੇ ਬੁੱਤ ਨਾਲ ਛੇੜ ਛਾੜ ਮੰਦਭਾਗੀ ਹੈ।ਇਸ ਨਾਲ ਪਾਕਿਸਤਾਨ ਵਿਚ ਵੱਸਦੇ ਸਿੱਖਾਂ ਦੇ ਹਿਰਦੇ ਨੂੰ ਵੀ ਭਾਰੀ ਠੇਸ ਲੱਗੀ ਹੈ।
