ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਲਈ ਦੋ ਅਹਿਮ ਪ੍ਰੋਜੈਕਟਾਂ ‘ਤੇ ਬਣੀ ਸਹਿਮਤੀ
ਅੰਤ੍ਰਿਗ ਕਮੇਟੀ ਦੀ ਇਕੱਤਰਤਾ ‘ਚ ਪ੍ਰਵਾਨਗੀ ਤੋਂ ਬਾਅਦ ਲੱਗੇਗੀ ਮੋਹਰ : ਜਥੇਦਾਰ ਕਰਤਾਰਪੁਰ
ਪਟਿਆਲਾ 14 ਅਗਸਤ (ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗਠਿਤ ਸਬ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਪ੍ਰਧਾਨਗੀ ‘ਚ ਹੋਈ। ਇਕੱਤਰਤਾ ਦੌਰਾਨ ਅੰਤ੍ਰਿੰਗ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਜਥੇਦਾਰ ਨਿਰਮਲ ਸਿੰਘ ਹਰਿਆਊ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਵਧੀਕ ਸਕਤੱਤਰ ਸਿਮਰਜਤ ਸਿੰਘ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਆਦਿ ਸ਼ਾਮਲ ਹੋਏ।
ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਕਮੇਟੀ ਸਾਹਮਣੇ 9 ਦੇ ਕਰੀਬ ਵੱਖ-ਵੱਖ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ‘ਤੇ ਕਾਫੀ ਦੀਰਘ ਵਿਚਾਰਾਂ ਤੋਂ ਬਾਅਦ ਲਗਭਗ ਕਈ ਮਤਿਆਂ ‘ਤੇ ਸਹਿਮਤੀ ਬਣ ਗਈ ਹੈ ਅਤੇ ਕੁਝ ਮਤਿਆਂ ਨੂੰ ਅਗਲੇਰੀ ਮੀਟਿੰਗ ਲਈ ਰਾਖਵਾਂ ਰੱਖ ਲਿਆ ਹੈ।
ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਧਰਤੀ ਹੇਠ ਪਾਣੀ ਦੇ ਡਿੱਗ ਰਹੇ ਪੱਧਰ ‘ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ, ਲੰਗਰ ਅਤੇ ਬਾਥਰੂਮਾਂ ‘ਚ ਪਾਣੀ ਦੀ ਵੱਧ ਵਰਤੋਂ ਹੁੰਦੀ ਹੈ ਅਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਸਬ ਕਮੇਟੀ ਅੱਗੇ ਗਰਾਊਂਡ ਵਾਟਰ ਰੀਚਾਰਜ ਪਲਾਂਟ ਲਗਾਉਣ ਲਈ ਸਬ ਕਮੇਟੀ ਨੇ ਮੋਹਰ ਲਗਾ ਦਿੱਤੀ ਹੈ ਅਤੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਪ੍ਰਵਾਨਗੀ ਤੋਂ ਬਾਅਦ ਗੁਰਦੁਆਰਾ ਵਿਖੇ ਸਥਾਪਿਤ ਕੀਤਾ ਜਾਵੇਗਾ।
ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਸਬ ਕਮੇਟੀ ਅੱਗੇ ਗੈਸ ਪਾਈਪ ਲਾਈਨ ਰਾਹੀਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਲੰਗਰਾਂ ਲਈ ਕੁਦਰਤੀ ਗੈਸ ਦੀ ਸਪਲਾਈ ਦੇਣ ‘ਤੇ ਲਗਭਗ ਸਹਿਮਤੀ ਬਣੀ ਹੈ ਅਤੇ ਜਲਦ ਹੀ ਦੋਵਾਂ ਅਹਿਮ ਫੈਸਲਿਆਂ ‘ਤੇ ਅਗਲੇਰੀ ਇਕੱਤਰਤਾ ‘ਚ ਪ੍ਰਵਾਨਗੀ ਤੋਂ ਬਾਅਦ ਮੋਹਰ ਲੱਗੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸੰਗਤਾਂ ਦੀ ਮੰਗ ਅਤੇ ਸਹੂਲਤ ਨੂੰ ਵੇਖਦੇ ਹੋਏ 20 ਕਮਰਿਆਂ ਦੀ ਸਰਾਂ ਤਿਆਰ ਕਰਨ ਲਈ ਰੂਪਾ ਰੇਖਾ ਉਲੀਕੀ ਗਈ ਹੈ।

