ਮੁੱਖ ਮੰਤਰੀ ਦੇ ਸ਼ਹਿਰ ‘ਚ ਥਾਣੇ ਅੰਦਰ ਕੂੜਾ ਸੁੱਟਕੇ ਕੀਤਾ ਰੋਸ ਮੁਜ਼ਾਹਰਾ
ਸਫਾਈ ਕਰਮਚਾਰੀ ਦੀ ਕੁੱਟਮਾਰ ਨੂੰ ਲੈ ਕੇ ਸਫਾਈ ਕਰਮਚਾਰੀ ਭੜਕੇ
ਪਟਿਆਲਾ 21 ਅਗਸਤ (ਰਮਨ/ਮਧੂਸਾਰ ਬਿਊਰੋ)
ਮੁੱਖ ਮੰਤਰੀ ਦੇ ਸ਼ਹਿਰ ‘ਚ ਨਗਰ ਨਿਗਮ ਦੇ ਸਫਾਈ ਕਰਮਚਾਰੀ ਦੀ ਕੁੱਟਮਾਰ ਦੇ ਵਿਰੋਧ ‘ਚ ਸਫਾਈ ਕਰਮਚਾਰੀਆਂ ਨੇ ਅੱਜ ਥਾਣਾ ਕੋਤਵਾਲੀ ਦਾ ਘਿਰਾਓ ਕੀਤਾ। ਇਸ ਮੌਕੇ ਭੜਕੇ ਸਫਾਈ ਕਰਮਚਾਰੀਆਂ ਨੇ ਗੰਦ ਨਾਲ ਭਰੀਆਂ ਟਰਾਲੀਆਂ ਲਿਆਂਦੀਆਂ ਅਤੇ ਸਾਰਾ ਕੂੜਾ ਥਾਣੇ ‘ਚ ਸੁੱਟ ਦਿੱਤਾ।
ਸਫਾਈ ਕਰਮਚਾਰੀਆਂ ਨੇ ਥਾਣੇ ਕੋਤਵਾਲੀ ਦਾ ਘਿਰਾਓ ਕਰਕੇ ਗੇਟ ਦੇ ਬਾਹਰ ਵੀ ਕੂੜਾ ਖਿਲਾਰਿਆ ਅਤੇ ਪੁਲਿਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਕੂੜਾ ਡੰਪਿੰਗ ਦੌਰਾਨ ਸਫਾਈ ਕਰਮਚਾਰੀ ਦੀ ਕੁੱਟਮਾਰ ਕੀਤੀ ਗਈ ਅਤੇ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਨਿਗਮ ਦੀ ਸਫਾਈ ਯੂਨੀਅਨ ਦੇ ਆਗੂਆਂ ਨੇ ਰੋਸ ਪ੍ਰਗਟ ਕੀਤਾ ਕਿ ਜਦੋਂ ਤੱਕ ਪੁਲਿਸ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਹੀਂ ਹੁੰਦਾ ਸਫਾਈ ਕਰਮਚਾਰੀ ਇਸੇ ਤਰ੍ਹਾਂ ਥਾਣੇ ਦੇ ਅੱਗੇ ਡਟੇ ਰਹਿਣਗੇ। ਧਰਨਾ ਦੋ ਘੰਟੇ ਲੱਗਣ ਤੋਂ ਬਾਅਦ ਪੁਲਿਸ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ ਗਿਆ ਹੈ ਹੈ ਤੇ ਜਾਂਚ ਬਾਅਦ ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ, ਜਿਸ ਉਪਰੰਤ ਧਰਨਾਕਾਰੀਆਂ ਨੇ ਥਾਣੇ ਦੇ ਅੱਗੇ ਧਰਨਾ ਚੁੱਕ ਲਿਆ।

