ਸਿੱਖ ਪਹਿਚਾਣ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅੰਤਰਰਾਸਟਰੀ ਪੈਨਲ ਬਣੇ : ਬਾਬਾ ਬਲਬੀਰ ਸਿੰਘ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸਿੱਖ ਪੰਥ ਦੀ ਮਹਾਨ ਜਥੇਬੰਦੀ ਬੁੱਢਾ ਦਲ ਨਿਹੰਗ ਸਿੰਘ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਮੀਟਿੰਗ ਉਪਰੰਤ ਕਿਹਾ ਕਿ ਦੇਸ਼-ਵਿਦੇਸ਼ ‘ਚ ਵਸਦੇ ਸਿੱਖਾਂ ਨੂੰ ਸਿੱਖ ਪਹਿਚਾਣ ਸਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨਾਲ ਸਾਰਾ ਹੀ ਸਿੱਖ ਜਗਤ ਚਿੰਤਾਜਨਕ ਹੈ, ਪਰ ਇਸ ਦੇ ਸਰਲੀਕਰਨ ਲਈ ਸਿੱਖਾਂ ਨੂੰ ਇਕ ਪਲੇਟਫਾਰਮ ‘ਤੇ ਖੜਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਸਮੁੱਚੇ ਨਿਹੰਗ ਸਿੰਘ ਦਲ ਮੋਹਰੀ ਹੋ ਕੇ ਸਹਿਯੋਗ ਕਰਨੇ।
ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਵਾਈ ਅੱਡਿਆਂ, ਉਚ ਸਰਕਾਰੀ ਦਫਤਰਾਂ ਰੈਸਤਰਾਂ, ਜਨਤਕ ਥਾਵਾਂ, ਜਹਾਜ਼ਾਂ ਜਾਂ ਸਕੂਲਾਂ, ਕਾਲਜਾਂ ‘ਚਕ ਦੇ ਸਿੱਖ ਕਕਾਰਾਂ ਦੀ ਚੈਕਿੰਗ ਬਹਾਨੇ, ਕਦੇ ਦਸਤਾਰ ਬਹਾਨੇ, ਕਦੇ ਦਾਹੜੇ ਸਬੰਧੀ ਮਾੜੀਆਂ ਟਿੱਪਣੀਆਂ ਕਰਕੇ ਸਿੱਖਾਂ ਨੂੰ ਜ਼ਲੀਲ, ਪ੍ਰੇਸ਼ਾਨ ਤੇ ਵਿਤਕਰੇ ਵਾਲਾ ਭੈੜਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਅਜਿਹੀ ਕੋਈ ਖ਼ਬਰ ਮੀਡੀਆ ਰਾਹੀਂ ਸਾਹਮਣੇ ਆਉਂਦੀ ਹੈ ਤਾਂ ਸੰਸਾਰ ਭਰ ‘ਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ।
ਬਾਬਾ ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੀਆਂ ਹੀ ਧਿਰਾਂ ਇਕ ਪਲੇਟਫਾਰਮ ‘ਤੇ ਸਿਰਜੋੜ ਕੇ ਬੈਠਣ ਅਤੇ ਅਜਿਹੇ ਸਿੱਖ ਵਿਰੋਧੀ ਪ੍ਰਚਾਰ ਠੱਲਣ ਲਈ ਨਵੇਂ ਸਾਧਨਾਂ ਰਾਹੀਂ ਸਿੱਖ ਪਹਿਚਾਣ ਸਬੰਧੀ ਪ੍ਰਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਸਬੰਧ ‘ਚ ਸ਼੍ਰੋਮਣੀ ਕਮੇਟੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਿੱਖ ਵਿਦਵਾਨਾਂ ਤੋਂ ਸਿੱਖ ਪਹਿਚਾਣ ਸਬੰਧੀ ਅੰਤਰ ਰਾਸ਼ਟਰੀ ਪੱਧਰ ਦਾ ਤਸਵਾਜ਼ੇ ਤਿਆਰ ਕਰਵਾਇਆ ਸੀ, ਨੂੰ ਵਰਤੋਂ ‘ਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਜੀਦਾ ਮਾਮਲੇ ਸਬੰਧੀ ਸਭ ਧਿਰਾਂ ਨੂੰ ਮਤਭੇਦ ਭੁਲਾ ਕੇ ਇੱਕਜੁੱਟਤਾ ਨਾਲ ਅਜਿਹੀ ਕੁਰੀਤੀ ਵਿਰੁੱਧ ਡੱਟਣ ਲਈ ਅੱਗੇ ਆਉਣਾ ਚਾਹੀਦਾ ਹੈ।

