ਧਾਨਕ ਸਮਾਜ ਨੇ ਥਾਣਾ ਕੋਤਵਾਲੀ ਦੇ ਬਾਹਰ ਦਿੱਤਾ ਧਰਨਾ
ਪਟਿਆਲਾ 30 ਅਗਸਤ (ਅਮਰੀਕ ਸਿੰਘ/ਮਧੂਸਾਰ ਬਿਊਰੋ) ਧਾਨਕ ਸਮਾਜ ਦੇ ਲੜਕੇ ਦੀ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਪਾਈ ਗਿ੍ਰਫਤਾਰੀ ਦੇ ਵਿਰੋਧ ’ਚ ਧਾਨਕ ਸਮਾਜ ਭਾਈਚਾਰੇ ਨੇ ਥਾਣਾ ਕੋਤਵਾਲੀ ਦਾ ਘਿਰਾਓ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਕੋਤਵਾਲੀ ਪੁਲਿਸ ਬਿਨਾਂ ਕਸੂਰ ਦੇ ਸਾਡੇ ਭਾਈਚਾਰੇ ਦੇ ਵਿਅਕਤੀ ਨੂੰ ਕਿਸੇ ਮਾਮਲੇ ’ਚ ਝੂਠਾ ਹੀ ਗਿ੍ਰਫਤਾਰ ਕਰਕੇ ਲੈ ਆਈ ਹੈ। ਉਨ੍ਹਾਂ ਕਿਹਾ ਕਿ ਲੜਕੇ ਨੂੰ ਘਰੋਂ ਫੜਿਆ ਗਿਆ ਅਤੇ ਪੁਲਿਸ ਕਿਸੇ ਹੋਰ ਥਾਂ ਤੋਂ ਗਿ੍ਰਫਤਾਰੀ ਕਰਕੇ ਝੂਠਾ ਪਰਚਾ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਪੁਲਿਸ ਪਰਚਾ ਰੱਦ ਨਹੀਂ ਕਰਦੀ ਉਹ ਇਸੇ ਤਰ੍ਹਾਂ ਥਾਣੇ ਦੇ ਬਾਹਰ ਬੈਠ ਕੇ ਨਾਅਰੇਬਾਜ਼ੀ ਕਰਦੇ ਰਹਿਣਗੇ ਅਤੇ ਧਰਨਾ ਨਹੀਂ ਚੁੱਕਣਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੁੱਟਮਾਰ ਦੇ ਮਾਮਲੇ ’ਚ ਸਫਾਈ ਕਰਮਚਾਰੀਆਂ ਨੇ ਥਾਣਾ ਕੋਤਵਾਲੀ ਦਾ ਘਿਰਾਓ ਕਰਕੇ ਪੁਲਿਸ ਖਿਲਾਫ਼ ਮੋਰਚਾ ਖੋਲ੍ਹਿਆ ਸੀ। ਰੋਸ ਵਜੋਂ ਸਫਾਈ ਕਰਮਚਾਰੀਆਂ ਨੇ ਥਾਣੇ ਅੰਦਰ ਹੀ ਕੂੜੇ ਦੇ ਢੇਰ ਲਗਾ ਦਿੱਤੇ ਅਤੇ ਕਾਰਵਾਈ ਦਾ ਭਰੋਸਾ ਮਿਲਣ ਮਗਰੋਂ ਹੀ ਧਰਨਾ ਚੁੱਕਿਆ ਸੀ।

