ਦੇਸ਼-ਵਿਦੇਸ਼ਪੰਜਾਬਪਟਿਆਲਾ

ਸਟਾਰਟਅੱਪ ਪੰਜਾਬ ਨੇ ਥਾਪਰ ਯੂਨੀਵਰਸਿਟੀ ‘ਚ ਕਰਵਾਈ ਹੈਕਥਨ

ਵਿਦਿਆਰਥੀਆਂ ਨੇ ਕੀਤਾ ਸੂਚਨਾ ਤਕਨਾਲੋਜੀ ਤੇ ਸਿਹਤ ਸੰਭਾਲ ਖੇਤਰ ‘ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ
ਟੀਮ ਬੱਗ ਸਲੇਅਰਜ ਨੇ ਜਿੱਤਿਆ ਪਹਿਲਾ ਇਨਾਮ
ਪਟਿਆਲਾ, 2 ਸਤੰਬਰ (ਮਧੂਸਾਰ ਬਿਊਰੋ) ਸਟਾਰਟਅੱਪ ਪੰਜਾਬ ਨੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਦੀ ਸਟਾਰਟਅੱਪ ਪੰਜਾਬ ਹੈਕਥਨ ਦਾ ਸ਼ਾਨਦਾਰ ਆਯੋਜਨ ਕੀਤਾ। 30 ਅਗਸਤ ਤੋਂ 1 ਸਤੰਬਰ ਤੱਕ ਚੱਲੀ ਇਸ ਹੈਕਥਨ (ਤਕਨੀਕੀ ਸਮੱਸਿਆਵਾ ਦੀ ਪਛਾਣ ਅਤੇ ਹੱਲ ਲਈ ਆਯੋਜਨ) ‘ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਪੁੱਜੇ 274 ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਸੂਚਨਾ ਤਕਨਾਲੋਜੀ ਅਤੇ ਸਿਹਤ ਸੰਭਾਲ ਦੇ ਖੇਤਰ ‘ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਆਰਥਿਕ ਤਰੱਕੀ ਲਈ ਪੰਜਾਬ ਸਰਕਾਰ ਨੇ ਨਵੀਨਤਾ ਅਤੇ ਉਦਮਤਾ ਨੂੰ ਅਹਿਮ ਮੰਨਿਆ ਹੈ। ਇਸ ਲਈ ਪੰਜਾਬ ਦੀ ਇੰਡਸਟ੍ਰੀਅਲ ਅਤੇ ਬਿਜਨੈਸ ਡਿਵੈਲਪਮੈਂਟ ਪਾਲਿਸੀ 2017 ‘ਚ ਸਟਾਰਟਅੱਪ ਅਤੇ ਉਦਮੀਅਤਾ ਨੂੰ ਸੂਬੇ ‘ਚ ਉਦਯੋਗਾਂ ਦੀ ਉਨਤੀ ਅਤੇ ਮਜਬੂਤੀ ਲਈ ਮੁੱਖ ਨੀਤੀਗਤ ਥੰਮ ਮੰਨਿਆ ਗਿਆ ਹੈ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਆਪਣੇ ਸਟਾਰਟਅੱਪ ਸੈਲ ਜਰੀਏ ਨਵੇਂ ਉਦਮੀਆਂ ਨੂੰ ਉਤਸ਼ਾਹਤ ਕਰਨ ਵੱਲ ਮੁੱਖ ਤੌਰ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਤਾਂ ਕਿ ਸੂਬੇ ‘ਚ ਨਵੀਆਂ ਸਨਅਤਾਂ ਲੱਗ ਸਕਣ।
ਇਸੇ ਤਹਿਤ ਇਸ ਸੈਲ ਵੱਲੋਂ ਹੈਕਥਨ ਅਤੇ ਬੂਟਕੈਂਪ ਆਯੋਜਿਤ ਕਰਵਾਏ ਜਾਂਦੇ ਹਨ ਤਾਂ ਕਿ ਨਵੇਂ ਉਦਮੀਆਂ ਦੀ ਪਛਾਣ ਕੀਤੀ ਜਾ ਸਕੇ ਉਨ੍ਹਾਂ ਨੂੰ ਵਪਾਰ ਦੀਆਂ ਅਸਲ ਮੁਸ਼ਕਿਲਾਂ ਦੇ ਰੂਬਰੂ ਕਰਵਾਉਂਦਿਆਂ ਉਨ੍ਹਾਂ ਨੂੰ ਨਵੇਂ ਉਦਮਾਂ ਦੀ ਸਥਾਪਨਾਂ ਲਈ ਢੁਕਵਾਂ ਵਾਤਾਵਰਣ ਵੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨਵੀਨਤਾ ਅਤੇ ਤਰੱਕੀ ਲਈ ਉਤਸ਼ਾਹਤ ਵੀ ਕੀਤਾ ਜਾ ਸਕੇ। ਥਾਪਰ ਯੂਨੀਵਰਸਿਟੀ ਵਿਖੇ ਕਰਵਾਈ ਇਸ ਹੈਕਥਨ ਵਿਖੇ ਕੁਲ 54 ਟੀਮਾਂ ਨੇ ਹਿੱਸਾ ਲਿਆ ਅਤੇ ਹਰ ਇਕ ਨੂੰ ਸੌਂਪੀਆਂ ਮੁਸ਼ਕਿਲਾਂ ਦੇ ਹੱਲ ਲਈ 48 ਘੰਟਿਆਂ ਦਾ ਸਮਾਂ ਦਿੱਤਾ ਗਿਆ। ਇਨ੍ਹਾਂ ਟੀਮਾਂ ਨੇ ਆਪਣੇ ਵੱਲੋਂ ਕੀਤੇ ਹੱਲ ਦਾ ਜੱਜਾਂ ਦੇ ਪੈਨਲ ਦੇ ਸਨਮੁੱਖ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸੂਚਨਾ ਤਕਨੋਲੋਜੀ ‘ਤੇ ਕੇਂਦਰਤ ਥੀਮ ‘ਤੇ ਕੰਮ ਕਰਦਿਆਂ ਟੀਮ ਬੱਗ ਸਲੇਅਰਜ ਨੇ ਸ਼ਾਨਦਾਰ ਕਾਰਜਕੁਸ਼ਲਤਾ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਟੀਮ ਕੀਕਰਸ ਦੂਜੇ ਸਥਾਨ ‘ਤੇ ਰਹੀ। ਸਿਹਤ ਸੰਭਾਲ ਵਿਸ਼ੇ ‘ਤੇ ਰੂਬਿਕਸ ਨੇ ਪਹਿਲਾ ਸਥਾਨ ਅਤੇ ਟੀਮ ਡੀਨਿਸਤਰਜ ਦੂਜੇ ਸਥਾਨ ‘ਤੇ ਰਹੀ। ਜੇਤੂਆਂ ਨੂੰ 25 ਹਜ਼ਾਰ ਰੁਪਏ ਨਗ਼ਦ ਅਤੇ ਦੂਜੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਨੂੰ 15 ਹਜਾਰ ਰੁਪਏ ਇਨਾਮ ਵਜੋਂ ਦਿੱਤੇ ਗਏ।
ਜੱਜਾਂ ਦੇ ਪੈਨਲ ‘ਚ ਆਈ.ਏ.ਐਸ. ਮਿਸ. ਪੁਰਵਾ ਗਰਗ, ਸਟਾਰਟਅੱਪ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਮਿਸ ਆਸ਼ੂਨੀਤ ਕੌਰ, ਸਟੇਟ ਪ੍ਰੋਗਰਾਮ ਅਫ਼ਸਰ ਬਾਲ ਸਿਹਤ ਡਾ. ਇੰਦਰਜੀਤ ਸਿੰਘ ਭਾਟੀਆ, ਸਟਾਰਟਅੱਪ ਪੰਜਾਬ ਦੇ ਸਲਾਹਕਾਰ ਸ੍ਰੀ ਹਰਦੀਪ ਸਿੰਘ, ਕੋਡਿੰਗ ਨੀਨਜਸ ਤੋਂ ਸ੍ਰੀ ਰਿਸ਼ਭ ਵਿਜ, ਬਾਇਕੋ ਜੋਇਰਨੀ ਦੇ ਕੋ-ਫਾਊਂਡਰ ਸ੍ਰੀ ਅਨਿਰੁੱਧ ਖੰਡੇਵਾਲ, ਐਮ.ਡੀ ਹੂਇਮਾਵਿੰਗਜ ਤੇ ਕੋ ਫਾਊਂਡਰ ਸ੍ਰੀ ਸੰਜੀਵ ਕੇ ਸ਼ਰਮਾ, ਆਈ.ਐਸ.ਬੀ. ਦੇ ਅਟਲ ਇਨਕੁਬੇਸ਼ਨ ਸੈਂਟਰ ਤੋਂ ਸ੍ਰੀ ਮ੍ਰਿਗੰਕ ਸਿੰਘ ਵੀ ਹਾਜ਼ਰ ਸਨ। ਇਨ੍ਹਾਂ ਵੱਲੋਂ ਹਿੱਸਾ ਲੈਣ ਵਾਲੀਆਂ ਟੀਮਾਂ ਦੀਆਂ ਤਕਨੀਕੀ ਸਮੱਸਿਆਵਾਂ ਦੇ ਹੱਲ ਤੇ ਉਨ੍ਹਾਂ ਦੇ ਮੁਲੰਕਣ ਲਈ ਪਾਏ ਯੋਗਦਾਨ ਬਦਲੇ ਸਨਮਾਨਤ ਕੀਤਾ ਗਿਆ।

Leave a Reply

Your email address will not be published. Required fields are marked *