ਵਿਸ਼ਵ ਫਿਜਿਓਥੈਰੇਪੀ ਦਿਵਸ ਮਨਾਇਆ
ਪਟਿਆਲਾ 5 ਸਤੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਿਜ਼ਿਓਥੈਰੇਪੀ ਵਿਭਾਗ ਵੱਲੋਂ ਵਿਸ਼ਵ ਫਿਜਿਓਥੈਰੇਪੀ ਦਿਵਸ ਮਨਾਇਆ ਗਿਆ। ਸਾਇੰਸ ਆਡੀਟੋਰੀਅਮ ਵਿਖੇ ਕਰਵਾਏ ਗਏ ਇਸ ਸਮਾਗਮ ਵਿਚ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਪ੍ਰਧਾਨਗੀ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ, ਅਮਰਜਯੋਤੀ ਇੰਸਟੀਚਿਊਟ ਆਫ਼ ਫਿਜਿਓਥੈਰੇਪੀ ਐਂਡ ਰੀਹੈਬਲੀਏਸ਼ਨ ਦੇ ਪ੍ਰਿੰਸੀਪਲ ਡਾ. ਰਾਜੂ ਕੇ. ਪਰਾਸ਼ਰ ਅਤੇ ਓਰਥੋਪੈਡਿਕ ਸਰਜਨ ਡਾ. ਰਿਤੇਸ਼ ਖੋਖਰ ਨੇ ਇਸ ਪ੍ਰੋਗਰਾਮ ਵਿਚ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਹੁਣ ਦੇ ਦੌਰ ਵਿਚ ਮੈਡੀਕਲ ਸਾਇੰਸ ਦੀ ਦੁਨੀਆਂ ਵਿਚ ਫਿਜ਼ਿਓਥੈਰੇਪੀ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਐਲੋਪੈਥੀ ਇਲਾਜ ਵਿਧੀ ਦੀ ਤੁਲਨਾ ਵਿਚ ਇਸ ਵਿਧੀ ਰਾਹੀਂ ਇਲਾਜ ਕਰਨ ਨਾਲ ਕਿਸੇ ਵੀ ਸਾਈਡ ਇਫੈਕਟ ਭਾਵ ਹੋਰ ਦੁਰਪ੍ਰਭਾਵ ਦਾ ਜੋਖਮ ਨਹੀਂ ਹੁੰਦਾ। ਇਸ ਲਈ ਇਹ ਵਿਧੀ ਅੱਜ ਦੇ ਦੌਰ ਵਿਚ ਹਰਮਨਪਿਆਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਹਰਮਨਪਿਆਰਤਾ ਹੀ ਹੈ ਕਿ ਐਲੋਪੈਥੀ ਜਾਂ ਹੋਮਿਉਪੈਥੀ ਡਾਕਟਰਾਂ ਵੱਲੋਂ ਵੀ ਆਪਣੀ ਦਵਾਈ ਦੇ ਨਾਲ ਨਾਲ ਇਸ ਵਿਧੀ ਨੂੰ ਅਪਨਾਉਣ ਦੀ ਸਲਾਹ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਵੱਲੋਂ ਯੂਨੀਵਰਸਿਟੀ ਵਿਚਲੇ ਫਿਜ਼ਿਓਥੈਰੇਪੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਬੈਚਲਰ ਅਤੇ ਮਾਸਟਰ ਕੋਰਸ ਚਲਾਏ ਜਾਣ ਦੇ ਨਾਲ ਨਾਲ ਇਸ ਵਿਭਾਗ ਵੱਲੋਂ ਡਿਸਪੈਂਸਰੀ ਵਿਖੇ ਲੋਕਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਮਾਜ ਦੇ ਹਰ ਵਰਗ ਤਕ ਇਸ ਤਰ੍ਹਾਂ ਦੀ ਇਲਾਜ ਵਿਧੀ ਨੂੰ ਪਹੁੰਚਾਏ ਜਾਣ ਸੰਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਵਿਭਾਗ ਮੁਖੀ ਡਾ. ਨਰਕੀਸ਼ ਅਰੁਮਗਮ ਵੱਲੋਂ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਆਪਣੇ ਵਿਭਾਗ ਦੇ ਸਪੋਰਟਸ ਸਾਇੰਸ ਵਿਭਾਗ ਤੋਂ ਅਲਗ ਹੋ ਕੇ ਸੁਤੰਤਰ ਵਿਭਾਗ ਸਥਾਪਿਤ ਹੋਣ ਦੇ ਸਮੇਂ ਤੋਂ ਹੁਣ ਤਕ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ।। ਇਸ ਵਿਸ਼ੇ ਨਾਲ ਸੰਬੰਧਤ ਰਸਾਲੇ ‘ਫਿਜ਼ਿਓਟਾਈਮਜ਼’ ਦੇ ਮੁੱਖ ਸੰਪਾਦਕ ਅਤੇ ਡਾਇਰੈਕਟਰ ਡਾ. ਰਾਜੂ ਕੇ. ਪਰਾਸ਼ਰ ਦੇ ਫਿਜਿਓਥੈਰੇਪੀ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਅਕਾਦਮਿਕ, ਖੋਜ ਅਤੇ ਕਲੀਨੀਕਲ ਪੱਧਰ ਤੇ ਇਸ ਵਿਸ਼ੇ ਦੀ ਬਿਹਤਰੀ ਲਈ ਨਿੱਠ ਕੇ ਕੰਮ ਕਰਨ। ਉਨ੍ਹਾਂ ਵੱਲੋਂ ਫਿਜਿਓਥੈਰੇਪੀ ਦੇ ਖੇਤਰ ਵਿਚ ਇਲਾਜ ਕਰਨ ਲਈ ਨਵੀਆਂ ਵਿਗਿਆਨਕ ਅਧਾਰ ਵਾਲੀਆਂ ਵਿਧੀਆਂ ਦੀ ਲੱਭਤ ਕਰਨ ਦਾ ਵੀ ਸੱਦਾ ਦਿੱਤਾ ਗਿਆ।
ਇਸ ਉਪਰੰਤ ਸ਼੍ਰੀ ਮੁਕੇਸ਼ ਨਾਇਕ ਵੱਲੋਂ ਫਿਜਿਓਥੈਰੇਪੀ ਦੀ ਮਾਰਕੀਟਿੰਗ ਸੰਬੰਧੀ ਇਕ ਪ੍ਰੇਰਣਾਤਮਕ ਭਾਸ਼ਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਅੰਤ ਵਿਚ ਡਾ. ਸੋਨੀਆ ਸਿੰਘ ਵੱਲੋਂ ਰਸਮੀ ਰੂਪ ਵਿਚ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਦਾ ਦੂਸਰਾ ਸੈਸ਼ਨ ਅਧਿਆਪਕ ਦਿਵਸ ਨੂੰ ਸਮਰਪਿਤ ਕੀਤਾ ਗਿਆ।

