ਪੀ.ਆਰ.ਟੀ.ਸੀ. ਦੀ ਵਿੱਤੀ ਸਥਿਤੀ ‘ਚ ਕਾਫ਼ੀ ਸੁਧਾਰ ਆਇਆ-ਕੇ.ਕੇ. ਸ਼ਰਮਾ
ਪੀ.ਆਰ.ਟੀ.ਸੀ. ਪੁਰਾਣੀਆਂ ਬੱਸਾਂ ਕੰਡਮ ਕਰਕੇ 100 ਨਵੀਆਂ ਬੱਸਾਂ ਪਾਵੇਗੀ-ਚੇਅਰਮੈਨ
ਪੀ.ਆਰ.ਟੀ.ਸੀ ਦੇ ਬੋਰਡ ਆਫ ਡਾਇਰੈਕਟਰਜ ਦੀ 236ਵੀ ਮੀਟਿੰਗ
ਪਟਿਆਲਾ, 5 ਸਤੰਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ)
ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਹੈ ਕਿ ਪੀ.ਆਰ.ਟੀ.ਸੀ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੇਹਨਤ ਸਦਕਾ ਪੀ.ਆਰ.ਟੀ.ਸੀ. ਦੀ ਵਿੱਤੀ ਸਥਿਤੀ ਵਿੱਚ ਪਹਿਲਾਂ ਨਾਲੋ ਕਾਫੀ ਸੁਧਾਰ ਆਇਆ ਹੈ। ਸ੍ਰੀ ਸ਼ਰਮਾ ਪੀ.ਆਰ.ਟੀ.ਸੀ ਦੇ ਬੋਰਡ ਆਫ ਡਾਇਰੈਕਟਰਜ ਦੀ 236ਵੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਅਦਾਰੇ ਦੀ ਵਿੱਤੀ ਸਥਿਤੀ ‘ਚ ਹੋਰ ਸੁਧਾਰ ਲਿਆਉਣ ਦੇ ਉਪਰਾਲੇ ਜਾਰੀ ਹਨ ਜਿਸ ਤਹਿਤ ਪੁਰਾਣੀਆਂ ਬੱਸਾਂ ਨੂੰ ਕੰਡਮ ਕਰਕੇ ਪੀ.ਆਰ.ਟੀ.ਸੀ. ਦੇ ਬੇੜੇ ‘ਚ 100 ਨਵੀਆਂ ਬੱਸਾਂ ਜਲਦੀ ਹੀ ਪਾਈਆਂ ਜਾਣਗੀਆਂ।
ਮੀਟਿੰਗ ‘ਚ ਪੀ.ਆਰ.ਟੀ.ਸੀ. ਦੀ ਮਿਤੀ 01.07.2018 ਤੋਂ 30.09.2018 ਤੱਕ ਤੇ 01.10.2018 ਤੋਂ 31.12.2018 ਕਾਰਗੁਜਾਰੀ ਦਾ ਲੇਖਾ ਜ਼ੋਖਾ ਕਰਨ ਸਮੇਤ ਸਾਲ 2016-2017 ਦਾ ਲੇਖਾ ਜ਼ੋਖਾ ਪੇਸ਼ ਕੀਤਾ ਗਿਆ, ਜਿਸ ਨੂੰ ਵਿਚਾਰਦੇ ਹੋਏ ਬੋਰਡ ਆਫ ਡਾਇਰੈਕਟਰਜ ਨੇ ਤਸੱਲੀ ਪ੍ਰਗਟਾਈ। ਇਸ ਮੌਕੇ ਕੁੱਲ 11 ਅਜੰਡਾ ਆਇਟਮਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ‘ਚੋਂ ਬੋਰਡ ਵੱਲੋਂ ਵਿਚਾਰ ਕਰਨ ਉਪਰੰਤ 10 ਆਇਟਮਾਂ ਪ੍ਰਵਾਨ ਕਰ ਲਈਆਂ ਗਈਆਂ।
ਮੀਟਿੰਗ ਵਿੱਚ ਮੈਨੇਜਿੰਗ ਡਾਇਰੈਕਟਰ ਸ. ਗੁਰਲਵਲੀਨ ਸਿੰਘ ਸਿੱਧੂ, ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਅਮਿਤ ਬੈਂਬੀ ਸਮੇਤ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਡਾਇਰੈਕਟਰਜ ਸ੍ਰੀ ਕਮਲ ਦੇਵ ਜੋਸ਼ੀ, ਸ੍ਰੀ ਪੁਸਪਿੰਦਰ ਅੱਤਰੀ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਰਘੂਵੀਰ ਸਿੰਘ ਤੇ ਸ੍ਰੀ ਸੁਭਾਸ ਸੂਦ ਵੀ ਹਾਜਰ ਸਨ।

