ਪੰਜਾਬਪਟਿਆਲਾ

ਮਾਲ ਅਧਿਕਾਰੀਆਂ ਵੱਲੋਂ ਮੈਜਿਸਟਰੀਅਲ ਤੇ ਪ੍ਰੋਟੋਕੋਲ ਡਿਊਟੀਆਂ ਦਾ ਬਾਇਕਾਟ

ਮੋਰਿੰਡਾ ਦੇ ਤਹਿਸੀਲਦਾਰ ਦੇ ਮਾਮਲੇ ਸਬੰਧੀ ਰੂਪਨਗਰ ਦੇ ਜ਼ਿਲ੍ਹਾ ਪੁਲੀਸ ਮੁਖੀ ਖਿਲਾਫ ਕਾਨੂੰਨੀ ਕਾਰਵਾਈ ਤੇ ਤਬਾਦਲੇ ਦੀ ਕੀਤੀ ਮੰਗ
ਲੋਕਾਂ ਨੂੰ ਦਿੱਕਤ ਨਾ ਆਉਣ ਦੇਣ ਲਈ ਮਿਊਟੇਸ਼ਨ, ਇੰਸਪੈਕਸ਼ਨ, ਸਰਟੀਫਿਕੇਸ਼ਨ ਅਤੇ ਰਜਿਸਟਰੇਸ਼ਨ ਦਾ ਕੰਮ ਰੱਖਣਗੇ ਜਾਰੀ
ਡਿਪਟੀ ਕਮਿਸ਼ਨਰ ਨੂੰ ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦੇ ਮਤੇ ਦੀ ਕਾਪੀ ਸੌਂਪ ਕੇ ਰੱਖੀ ਮੰਗ
ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਰੂਪਨਗਰ, ਸਵਪਨ ਸ਼ਰਮਾ ਵੱਲੋਂ ਮੋਰਿੰਡਾ ਦੇ ਤਹਿਸੀਲਦਾਰ ਅਮਨਦੀਪ ਸਿੰਘ ਚਾਵਲਾ ਨੂੰ ਕਥਿਤ ਤੌਰ ‘ਤੇ ਅਪਸ਼ਬਦ ਆਖਣ ਦੇ ਮਾਮਲੇ ਸਬੰਧੀ ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਵੱਲੋਂ ਇਸ ਮਾਮਲੇ ਸਬੰਧੀ ਪਾਸ ਕੀਤੇ ਮਤੇ ਦੀ ਕਾਪੀ ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੂੰ ਸੌਂਪ ਕੇ ਦੱਸਿਆ ਗਿਆ ਜਦੋਂ ਤੱਕ ਇਸ ਮਾਮਲੇ ਸਬੰਧੀ ਰੂਪਨਗਰ ਦੇ ਜ਼ਿਲ੍ਹਾ ਪੁਲੀਸ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਉਨ੍ਹਾਂ ਦਾ ਤਬਾਦਲਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮਾਲ ਅਧਿਕਾਰੀਆਂ ਵੱਲੋਂ ਮੈਜਿਸਟਰੀਅਲ ਤੇ ਪ੍ਰੋਟੋਕੋਲ ਡਿਊਟੀਆਂ ਦਾ ਬਾਇਕਾਟ ਰੱਖਿਆ ਜਾਵੇਗਾ।

ਐਸੋਸੀਏਸ਼ਨ ਦੇ ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਡਿਵਿਜ਼ਨਲ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਜਾਂਚ 10 ਦਿਨਾਂ ਵਿੱਚ ਮਕੁੰਮਲ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਜਦੋਂ ਤੱਕ ਇਸ ਮਾਮਲੇ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਦੋਂ ਤੱਕ ਮਾਲ ਅਧਿਕਾਰੀ ਸੀਨੀਅਰ ਅਧਿਕਾਰੀਆਂ ਨਾਲ ਕਿਸੇ ਕਿਸਮ ਦਾ ਸੰਚਾਰ ਨਹੀਂ ਕਰਨਗੇ ਅਤੇ ਨਾ ਹੀ ਸੀਨੀਅਰ ਅਧਿਕਾਰੀਆਂ ਵੱਲੋਂ ਮੰਗੀ ਕੋਈ ਰਿਪੋਰਟ ਭੇਜਣਗੇ ਤੇ ਨਾ ਹੀ ਹਾਸਲ ਕਰਨਗੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ, ਇਸ ਲਈ ਮਾਲ ਅਧਿਕਾਰੀ ਮਿਊਟੇਸ਼ਨ, ਇੰਸਪੈਕਸ਼ਨ, ਸਰਟੀਫਿਕੇਸ਼ਨ ਅਤੇ ਰਜਿਸਟਰੇਸ਼ਨ ਆਦਿ ਦਾ ਕੰਮ ਜਾਰੀ ਰੱਖਣਗੇ।
ਮਾਲ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਨੇ ਮੁੱਖ ਸਕੱਤਰ ਨੂੰ ਵੀ ਪੱਤਰ ਲਿਖ ਕੇ ਜ਼ਿਲ੍ਹਾ ਪੁਲੀਸ ਮੁਖੀ ਰੂਪਨਗਰ, ਸਵਪਨ ਸ਼ਰਮਾ ਵੱਲੋਂ ਮੋਰਿੰਡਾ ਦੇ ਤਹਿਸੀਲਦਾਰ ਅਮਨਦੀਪ ਸਿੰਘ ਚਾਵਲਾ ਨੂੰ ਕਥਿਤ ਤੌਰ ‘ਤੇ ਅਪਸ਼ਬਦ ਆਖਣ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਐਸੋਸੀਏਸ਼ਨ ਨੇ ਦੋਸ਼ ਲਾਇਆ ਹੈ ਕਿ ਸ਼੍ਰੀ ਅਮਨਦੀਪ ਸਿੰਘ ਚਾਵਲਾ ਦੀ 02 ਸਤੰਬਰ ਨੂੰ ਇਕ ਪਿੰਡ ਵਿਖੇ ਡਿਊਟੀ ਮੈਜਿਸਟਰੇਟ ਵਜੋਂ ਡਿਊਟੀ ਲਾਈ ਗਈ ਸੀ ਤੇ ਕਿਸੇ ਕਾਰਨ ਉਹ ਡਿਊਟੀ ‘ਤੇ ਨਹੀਂ ਪੁੱਜ ਸਕੇ ਤੇ ਨਾਇਬ ਤਹਿਸੀਲਦਾਰ ਮੋਰਿੰਡਾ ਡਿਊਟੀ ਮੈਜਿਸਟਰੇਟ ਵਜੋਂ ਉਥੇ ਪੁੱਜ ਗਏ। ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪੁਲੀਸ ਮੁਖੀ ਨੇ ਅਮਨਦੀਪ ਸਿੰਘ ਨੂੰ ਕਥਿਤ ਤੌਰ ‘ਤੇ ਫੋਨ ਉਤੇ ਅਪਸ਼ਬਦ ਆਖੇ ਤੇ ਆਪਣੇ ਦਫ਼ਤਰ ਬੁਲਾ ਕੇ ਲੰਮਾ ਸਮਾਂ ਉਥੇ ਬਿਠਾ ਕੇ ਰੱਖਿਆ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਵੀ ਕਥਿਤ ਤੌਰ ‘ਤੇ ਬੁਰਾ ਭਲਾ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਥਿਤ ਤੌਰ ‘ਤੇ ਆਪਣੀ ਹੱਦ ਪਾਰ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਅਮਨਦੀਪ ਖਿਲਾਫ ਸ਼ਿਕਾਇਤ ਵਿੱਤੀ ਕਮਿਸ਼ਨਰ, ਮਾਲ ਨੂੰ ਕਰ ਦਿੱਤੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕਥਿਤ ਤੌਰ ‘ਤੇ ਰੋਪੜ ਦੇ ਨਾਇਬ ਤਹਿਸੀਲਦਾਰ ਨਾਲ ਵੀ ਅਜਿਹਾ ਸਲੂਕ ਕੀਤਾ ਸੀ ਅਤੇ ਬਠਿੰਡਾ ਦੇ ਜ਼ਿਲ੍ਹਾ ਪੁਲੀਸ ਮੁਖੀ ਹੁੰਦਿਆਂ ਵੀ ਕਥਿਤ ਤੌਰ ‘ਤੇ ਸੀਨੀਅਰ ਸਿਵਲ ਅਧਿਕਾਰੀਆਂ ਨਾਲ ਅਜਿਹਾ ਹੀ ਸਲੂਕ ਕੀਤਾ ਸੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇਕਰ ਕੋਈ ਅਧਿਕਾਰੀ ਕੋਈ ਕੁਤਾਹੀ ਵੀ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਸਮਰੱਥ ਅਧਿਕਾਰੀ ਵੱਲੋਂ ਹੀ ਕੀਤੀ ਜਾਣੀ ਬਣਦੀ ਹੈ। ਐਸੋਸੀਏਸ਼ਨ ਨੇ ਜ਼ਿਲ੍ਹਾ ਪੁਲੀਸ ਮੁਖੀ ਦੇ ਕਥਿਤ ਮਾੜੇ ਰਵੱਈਏ ਦੀ ਨਿਖੇਧੀ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਦੇ ਤਬਾਦਲੇ ਦੀ ਮੰਗ ਕੀਤੀ ਹੈ। ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਮਤੇ ਦੀ ਕਾਪੀ ਸੌਂਪਣ ਮੌਕੇ ਜ਼ਿਲ੍ਹਾ ਮਾਲ ਅਫਸਰ ਸ੍ਰੀ ਅਮਰਦੀਪ ਥਿੰਦ, ਤਹਿਸੀਲਦਾਰ ਗੁਰਜਿੰਦਰ ਸਿੰਘ ਸਮੇਤ ਮਾਲ ਵਿਭਾਗ ਦੇ ਵੱਖ ਵੱਖ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *