ਜਿੰਨਾ ਵਿਰੋਧ ਕਰਨਾ ਹੈ ਕਰ ਲਓ, ਸੀਏਏ ਵਾਪਸ ਨਹੀਂ ਹੋਵੇਗਾ : ਅਮਿਤ ਸ਼ਾਹ
ਨਵੀਂ ਦਿੱਲੀ 21 ਜਨਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ‘ਚ ਅੱਜ ਲਖਨਊ ਦੇ ਬੰਗਲਾ ਬਾਜ਼ਾਰ ‘ਚ ਸਥਿਤ ਰਾਮਕਥਾ ਪਾਰਕ ‘ਚ ਇੱਕ ਰੈਲੀ ਕੀਤੀ। ਇਸ ਮੌਕੇ ਰੈਲੀ ‘ਚ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਭਾਜਪਾ ਸੂਬਾ ਪ੍ਰਧਾਨ ਸਵਤੰਤਰ ਦੇਵ ਸਮੇਤ ਸਾਰੇ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ, ”ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਕਾਰਨ ਦੇਸ਼ ਦੇ ਮੁਸਲਮਾਨਾਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ। ਮਮਤਾ ਦੀਦੀ, ਰਾਹੁਲ ਬਾਬਾ, ਅਖਿਲੇਸ਼ ਯਾਦਵ ਚਰਚਾ ਕਰਨ ਲਈ ਜਨਤਕ ਸਟੇਜ਼ ਦੀ ਭਾਲ ਕਰ ਲਓ। ਸਾਡਾ ਸਵਤੰਤਰ ਦੇਵ ਚਰਚਾ ਕਰਨ ਲਈ ਤਿਆਰ ਹੈ। ਸੀਏਏ ਦੀ ਕੋਈ ਵੀ ਧਾਰਾ ਭਾਵੇਂ ਮੁਸਲਮਾਨ ਜਾਂ ਘੱਟਿਣਗਤੀ, ਕਿਸੇ ਦੀ ਨਾਗਰਿਕਤਾ ਨਹੀਂ ਖੋਹ ਸਕਦੀ।”
ਅਮਿਤ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਲਗਾਤਾਰ ਕਹਿ ਰਿਹਾ ਸੀ ਕਿ ਟ੍ਰਿਪਲ ਤਾਲਕ ਨੂੰ ਖਤਮ ਕਰ ਦਿੱਤਾ ਜਾਵੇ। ਪਰ ਵਿਰੋਧੀ ਪਾਰਟੀਆਂ ਵੋਟ ਬੈਂਕ ਕਾਰਨ ਇਹ ਫੈਸਲਾ ਨਹੀਂ ਲੈ ਸਕੀਆਂ। ਅੱਜ ਨਰਿੰਦਰ ਮੋਦੀ ਸਰਕਾਰ ਨੇ ਮੁਸਲਿਮ ਔਰਤਾਂ ਨਾਲ ਇਨਸਾਫ ਕੀਤਾ ਹੈ। ਜਦੋਂ 40 ਤੋਂ ਵੱਧ ਦੇਸ਼ਾਂ ‘ਚ ਤਿੰਨ ਤਲਾਕ ਨਹੀਂ ਹੈ ਤਾਂ ਇਹ ਭਾਰਤ ‘ਚ ਕਿਉਂ ਹੋਵੇ?

