ਨਜਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ਼ ਚੱਲਿਆ ਨਿਗਮ ਦਾ ਹਥੌੜਾ, ਕਬਜ਼ੇ ਮੁੜ ਬਰਕਰਾਰ
ਦਵਾਈ ਵਿਕਰੇਤਾਵਾਂ ਨੇ ਸਰਕਾਰ ਤੇ ਨਿਗਮ ਪ੍ਰਸ਼ਾਸਨ ਖਿਲਾਫ਼ ਧਰਨਾ ਲਗਾਕੇ ਕੀਤੀ ਨਾਅਰੇਬਾਜ਼ੀ
ਪਟਿਆਲਾ 22 ਜਨਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ) ਨਗਰ ਨਿਗਮ ਵੱਲੋਂ ਸ਼ਹਿਰ ‘ਚ ਦੁਕਾਨਾਂ ਦੇ ਬਾਹਰ ਕੀਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ਼ ਪਟਿਆਲਾ ਸੰਗਰੂਰ ਰੋਡ ‘ਤੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ, ਜਿਸ ਦੇ ਚੱਲਦਿਆਂ ਨਿਗਮ ਟੀਮ ਨੇ ਜਿਥੇ ਨਜਾਇਜ਼ ਕਬਜ਼ੇ ਹਟਾਏ, ਉਥੇ ਹੀ ਦਵਾਈ ਵਿਕਰੇਤਾਵਾਂ ਨੇ ਰੋਸ ਵਜੋਂ ਰੋਡ ‘ਤੇ ਚੱਕਾ ਜਾਮ ਕਰਕੇ ਨਿਗਮ ਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਦਿਲਚਸਪ ਗੱਲ ਹੈ ਕਿ ਨਿਗਮ ਟੀਮ ਦੇ ਪਰਤਣ ਬਾਅਦ ਕੁਝ ਹੀ ਘੰਟਿਆਂ ‘ਚ ਦਵਾਈ ਵਿਕਰੇਤਾਵਾਂ ਨੇ ਮੁੜ ਦੁਕਾਨਾਂ ਦੇ ਬਾਹਰ ਕਬਜ਼ੇ ਬਰਕਰਾਰ ਕਰ ਲਏ।
ਧਰਨੇ ‘ਤੇ ਦੇ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਿਗਮ ਦੀ ਟੀਮ ਵਲੋਂ ਉਨ੍ਹਾਂ ਦੀਆਂ ਕੁੱਝ ਕੁ ਹੀ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਦੋਂਕਿ ਜਿਨ੍ਹਾਂ ਦੇ ਨਿਗਮ ਅਧਿਕਾਰੀਆਂ ਨਾਲ ਰਸੂਖ਼ ਹਨ, ਉਨ੍ਹਾਂ ਦੁਕਾਨਾਂ ‘ਤੇ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਹੈ। ਧਰਨੇ ਸਬੰਧੀ ਮਿਲੀ ਸੂਚਨਾ ਉਪਰੰਤ ਪੁੱਜੇ ਪੁਲਿਸ ਅਧਿਕਾਰੀਆਂ ਵਲੋਂ ਮਿਲੇ ਭਰੋਸੇ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 11 ਵਜੇ ਦੇ ਕਰੀਬ ਨਗਰ ਦੀ ਟੀਮ ਵਲੋਂ ਅਚਾਨਕ ਦਵਾਈ ਵਿਕਰੇਤਾ ਤੇ ਹੋਰਨਾਂ ਦੁਕਾਨਕਾਰਾਂ ਖਿਲਾਫ਼ ਕਾਰਵਾਈ ਗਈ। ਇਸ ਦੌਰਾਨ ਨਿਗਮ ਦੇ ਲੈਂਡ ਇੰਸਪੈਕਟਰ ਅਜੈਬ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਤੇ ਪੁਲਿਸ ਟੀਮ ਨੇ ਦੁਕਾਨਦਾਰਾਂ ਵਲੋਂ ਫ਼ੁੱਟਪਾਥਾਂ ‘ਤੇ ਰੱਖੇ ਸਮਾਨ ਤੇ ਛੱਤਾਂ ਨੂੰ ਹਟਾਇਆ ਗਿਆ। ਇਸ ਮੌਕੇ ਇੰਸਪੈਕਟਰ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਜਿਨ੍ਹਾਂ ਫ਼ੁੱਟਪਾਥਾਂ ‘ਤੇ ਉਨ੍ਹਾਂ ਵਲੋਂ ਕਬਜ਼ਾ ਕੀਤਾ ਗਿਆ ਹੈ। ਉਹ ਸਿਰਫ਼ ਲੋਕਾਂ ਦੇ ਪੈਦਲ ਲਾਂਘੇ ਦੀ ਥਾਂ ਹੈ। ਜੇਕਰ ਆਉਣ ਵਾਲੇ ਸਮੇਂ ਵਿਚ ਇਥੇ ਮੁੜ ਕਬਜ਼ਾ ਕੀਤਾ ਗਿਆ ਤਾਂ ਉਨ੍ਹਾਂ ਖਿਲਾਫ਼ ਨਿਗਮ ਵਲੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਨਿਗਮ ਟੀਮ ਵਲੋਂ ਕਾਰਵਾਈ ਉਪਰੰਤ ਜਾਂਦਿਆਂ ਹੀ ਦੁਕਾਨਦਾਰਾਂ ਵਲੋਂ ਰੋਡ ਜਾਮ ਕਰਕੇ ਉਥੇ ਹੀ ਧਰਨਾ ਲੱਗਾ ਦਿੱਤਾ। ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਨਿਗਮ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਨਿਗਮ ਦੀ ਟੀਮ ਵਲੋਂ ਵਾਰ-ਵਾਰ ਬੇਵਜਾਹ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਦੇ ਚੱਲਦਿਆਂ ਦੁਕਾਨਦਾਰਾਂ ਦਾ ਕੰਮ ਵੀ ਭਾਰੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਮ ਵਲੋਂ ਸਿਰਫ਼ ਉਨ੍ਹਾਂ ਦੀਆਂ ਕੁੱਝ ਕੁ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਦੋਂਕਿ ਹਸਪਤਾਲ ਦੇ ਆਸ-ਪਾਸ ਬਣੀਆਂ ਰਸੂਖ਼ਦਾਰਾਂ ਦੀਆਂ ਦੁਕਾਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਹੋਰਨਾਂ ਦੁਕਾਨਾਂ ਵਲੋਂ ਕੀਤੇ ਗਏ ਕਬਜ਼ਿਆਂ ਨੂੰ ਵੀ ਹਟਾਇਆ ਜਾਵੇ। ਧਰਨੇ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੀ ਥਾਣਾ ਸਿਵਲ ਲਾਇਨ ਪੁਲਿਸ ਨੇ ਦੁਕਾਨਦਾਰਾਂ ਨੂੰ ਸ਼ਾਂਤ ਕਰਵਾਇਆ। ਇਸ ਉਪਰੰਤ ਦੁਕਾਨਦਾਰਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਜਿਸ ਦੇ ਕੁੱਝ ਸਮੇਂ ਬਾਅਦ ਹੀ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਵੀ ਰੋਡ ‘ਤੇ ਕਾਬਜ਼ ਕਰ ਲਿਆ।

