ਜਸਵੰਤ ਸਿੰਘ ਕੰਵਲ ਤੇ ਡਾ. ਦਲੀਪ ਕੌਰ ਟਿਵਾਣਾ ਦਾ ਚਲਾਣਾ ਸਾਹਿਤ ਜਗਤ ਲਈ ਵੱਡਾ ਘਾਟਾ-ਡਾ. ਰੂਪ ਸਿੰਘ
ਅੰਮ੍ਰਿਤਸਰ, 1 ਫ਼ਰਵਰੀ (ਸੋਨੂੰ ਨਰੂਲਾ) ਪੰਜਾਬੀ ਜ਼ੁਬਾਨ ਦੇ ਪ੍ਰਸਿੱਧ ਲੇਖਕ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਤੇ ਸਿੱਖ ਚਿੰਤਕ ਡਾ. ਰੂਪ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਅਦਬ ਦੀਆਂ ਦੋਹਾਂ ਸ਼ਖ਼ਸੀਅਤਾਂ ਦੇ ਤੁਰ ਜਾਣ ਨੂੰ ਉਨ੍ਹਾਂ ਸਾਹਿਤ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ।
ਡਾ. ਰੂਪ ਸਿੰਘ ਨੇ ਆਖਿਆ ਕਿ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੀ ਲੇਖਣੀ ਨੇ ਜਿਥੇ ਸਮਾਜ ਸੁਧਾਰ ਲਈ ਵੱਡੀ ਭੂਮਿਕਾ ਅਦਾ ਕੀਤੀ, ਉਥੇ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਸਰੋਕਾਰਾਂ ਨੂੰ ਉਭਾਰਿਆ। ਇਨ੍ਹਾਂ ਦੀ ਸਾਹਿਤਕ ਦੇਣ ਆਪਣੇ ਆਪ ਵਿਚ ਇਤਿਹਾਸਕ ਹੈ। ਕਈ ਵੱਡੇ ਲੇਖਕ ਇਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਇਸ ਖੇਤਰ ਵਿਚ ਆਏ ਅਤੇ ਆਪਣੀ ਲੇਖਣੀ ਲਈ ਦਿਸ਼ਾ ਨਿਰਧਾਰਿਤ ਕੀਤੀ। ਦੋਹਾਂ ਸ਼ਖ਼ਸੀਅਤਾਂ ਨੇ ਵਿਅਕਤੀਗਤ ਤੌਰ ‘ਤੇ ਸੰਸਥਾਵਾਂ ਦੀ ਤਰ੍ਹਾਂ ਕੰਮ ਕੀਤਾ। ਇਨ੍ਹਾਂ ਨੇ ਪੰਜਾਬੀ ਸਾਹਿਤਕ ਕਿਰਤਾਂ ਦੇ ਨਾਲ-ਨਾਲ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਵੀ ਅਹਿਮ ਰੋਲ ਨਿਭਾਇਆ। ਉਨ੍ਹਾਂ ਕਿਹਾ ਕਿ ਸ. ਕੰਵਲ ਵੱਲੋਂ ਮੁੱਢਲੇ ਦਿਨਾਂ ਦੌਰਾਨ ਸ਼੍ਰੋਮਣੀ ਕਮੇਟੀ ਵਿਚ ਵੀ ਕੁਝ ਸਮਾਂ ਨਿਭਾਈ ਅਤੇ ਫਿਰ ਸਾਹਿਤਕ ਖੇਤਰ ਅੰਦਰ ਸਰਗਰਮ ਹੋਏ।
ਡਾ. ਰੂਪ ਸਿੰਘ ਨੇ ਕਿਹਾ ਕਿ ਲੇਖਕ ਦੀ ਕਲਮ ਸਮਾਜ ਦਾ ਸ਼ੀਸ਼ਾ ਮੰਨੀ ਜਾਂਦੀ ਹੈ ਅਤੇ ਪ੍ਰਬੁੱਧ ਸਾਹਿਤਕਾਰਾਂ ਦੀ ਸ਼੍ਰੇਣੀ ਵਿਚ ਸ਼ਾਮਲ ਸ. ਜਸਵੰਤ ਸਿੰਘ ਕੰਵਲ ਅਤੇ ਡਾ. ਬੀਬੀ ਦਲੀਪ ਕੌਰ ਟਿਵਾਣਾ ਦਾ ਸੰਸਾਰ ਤੋਂ ਰੁਖ਼ਸਤ ਹੋ ਜਾਣਾ ਇਸ ਖੇਤਰ ਵਿਚ ਇਕ ਖਲਾਅ ਦੀ ਤਰ੍ਹਾਂ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਸਖ਼ਤ ਤਪੱਸਿਆ ਅਤੇ ਇਕ ਕਰਮਯੋਗੀ ਵਾਂਗ ਸਾਹਿਤ ਚਿੰਤਨ ਅਤੇ ਮੰਥਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ, ਇਨ੍ਹਾਂ ਦੋਹਾਂ ਸਾਹਿਤਕਾਰਾਂ ਦਾ ਖਾਸਾ ਰਿਹਾ ਹੈ। ਡਾ. ਟਿਵਾਣਾ ਦੀ ‘ਇਹੁ ਹਮਾਰਾ ਜੀਵਣਾ’ ਅਤੇ ਸ. ਕੰਵਲ ਨੇ ਨਾਵਲਾਂ ਤੋਂ ਇਲਾਵਾ ਪੰਜਾਬ ਨੂੰ ਉਭਾਰਨ ਵਾਲੀਆਂ ਕਈ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਲਿਖਤਾਂ ਪਾਠਕਾਂ ਨੂੰ ਅੱਖਰ ਗਿਆਨ ਅਤੇ ਬੌਧਿਕਤਾ ਨਾਲ ਜੋੜਨ ਲਈ ਵਡੇਰੀ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ ਅਤੇ ਭਵਿੱਖ ਵਿਚ ਵੀ ਇਹ ਲਿਖਤਾਂ ਨਵੇਂ ਲੇਖਕਾਂ ਅਤੇ ਪਾਠਕਾਂ ਲਈ ਚਾਨਣ-ਮੁਨਾਰਾ ਬਣੀਆਂ ਰਹਿਣਗੀਆਂ। ਡਾ. ਰੂਪ ਸਿੰਘ ਨੇ ਦੋਹਾਂ ਸ਼ਖ਼ਸੀਅਤਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।

