ਡਾ. ਟਿਵਾਣਾ ਦੇ ਦੇਹਾਂਤ ਨਾਲ ਪੰਜਾਬ ਜਗਤ ‘ਚ ਫੈਲਿਆ ਸੋਗ
ਪਟਿਆਲਾ, 1 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਵਿਚ ਨਾਰੀ ਹੋਂਦ ਤੇ ਹੋਣੀ ਦੀ ਤਸਵੀਰਕਸ਼ੀ ਕਰਨ ਵਾਲੇ, ਪੰਜਾਬੀ ਸਮਾਜ ਦੇ ਤ੍ਰਾਸਦਿਕ ਅਨੁਭਵ ਨੂੰ ਆਵਾਜ਼ ਦੇਣ ਵਾਲੇ ਅਤੇ ਆਮ ਪੰਜਾਬੀ ਬੰਦੇ ਦੀਆਂ ਦਾਰਸ਼ਨਿਕ ਜਗਿਆਸਾਵਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਸੰਬੋਧਿਤ ਹੋਣ ਵਾਲੇ ਪੰਜਾਬੀ ਦੇ ਮਹਾਨ ਲੇਖਕ ਡਾ. ਦਲੀਪ ਕੌਰ ਟਿਵਾਣਾ ਅੱਜ 31 ਜਨਵਰੀ 2020 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 13 ਜਨਵਰੀ ਤੋਂ ਲਗਾਤਾਰ ਮੈਕਸ ਹਸਪਤਾਲ ਮੋਹਾਲੀ ਵੇਖੇ ਜ਼ੇਰੇ ਇਲਾਜ ਸਨ।
ਡਾ. ਟਿਵਾਣਾ ਦੇ ਅਕਾਲ ਚਲਾਣੇ ਉੱਪਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅੱਜ ਪੰਜਾਬੀ ਯੂਨੀਵਰਸਿਟੀ ਨੇ ਇਕ ਪੰਜਾਬੀ ਸਾਹਿਤ ਦੀ ਮਹਾਨ ਸ਼ਖਸੀਅਤ, ਜੋ ਕਿ ਆਪਣੇ ਆਪ ਵਿਚ ਇਕ ਸੰਸਥਾ ਅਤੇ ਪੰਜਾਬੀ ਭਾਸ਼ਾ ਦੀ ਰਤਨ ਸਨ, ਨੂੰ ਸਦਾ ਲਈ ਖੋ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਕਾਸ ਵਿਚ ਉਨ੍ਹਾਂ ਜੋ ਯੋਗਦਾਨ ਪਾਇਆ ਉਹ ਆਪਣੇ ਆਪ ਵਿਚ ਇਤਿਹਾਸਕ ਹੈ। ਉਨ੍ਹਾਂ ਦੀਆਂ ਲਿਖਤਾਂ ਵਿਚ ਜੋ ਪੰਜਾਬ ਦੇ ਸਮਾਜਿਕ, ਆਰਥਿਕ ਹਾਲਾਤ ਅਤੇ ਬਾਕੀ ਸਮੱਸਿਆਵਾਂ ਦੀ ਪੇਸ਼ਕਾਰੀ ਹੋਈ ਹੈ, ਉਹ ਆਪਣੇ ਆਪ ਵਿਚ ਬੇਮਿਸਾਲ ਹੈ। ਔਰਤ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਡਾ. ਟਿਵਾਣਾ ਵੱਲੋਂ ਬਹੁਤ ਹੀ ਸੂਖਮਤਾ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਵੱਲੋਂ ਰਚਿਤ ‘ਇਹੋ ਹਮਾਰਾ ਜੀਵਣਾ’ ਨਾਵਲ ਪੰਜਾਬੀ ਸਾਹਿਤ ਵਿਚ ਉੱਚ ਕੋਟੀ ਦੀ ਰਚਨਾ ਹੈ ਜਿਸ ਲਈ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ ਸੀ। ਭਾਰਤ ਸਰਕਾਰ ਨੇ ਡਾ. ਟਿਵਾਣਾ ਨੂੰ ਪਦਮ ਸ਼੍ਰੀ ਸਨਮਾਨ ਨਾਲ ਵੀ ਨਿਵਾਜਿਆ ਸੀ ਜਿਸ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਵੱਕਾਰ ਵਿਚ ਵੀ ਵਾਧਾ ਹੋਇਆ।
ਡਾ. ਘੁੰਮਣ ਨੇ ਕਿਹਾ ਕਿ ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਹ ਸੰਕਲਪ ਲੈਂਦੀ ਹੈ ਕਿ ਉਹ ਡਾ. ਟਿਵਾਣਾ ਦੀ ਸੋਚ ਤੇ ਹਮੇਸ਼ਾ ਪਹਿਰਾ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਇਹੋ ਅਰਦਾਸ ਹੈ ਕਿ ਇਸ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
ਜ਼ਿਕਰਯੋਗ ਹੈ ਕਿ ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਸਮੇਂ ਤੋਂ ਹੀ ਪੰਜਾਬੀ ਵਿਭਾਗ ਨਾਲ ਜੁੜੇ ਹੋਏ ਸਨ। ਉਨ੍ਹਾਂ ਇਸੇ ਵਿਭਾਗ ਤੋਂ ਆਪਣਾ ਅਧਿਆਪਨ ਕਰੀਅਰ ਲੈਕਚਰਾਰ ਦੇ ਤੌਰ ‘ਤੇ ਸ਼ੁਰੂ ਕੀਤਾ ਜਿੱਥੇ ਉਹ 1983 ਤੋਂ 1986 ਤਕ ਮੁੱਖੀ ਦੇ ਅਹੁਦੇ ਉੱਤੇ ਰਹੇ। ਉਹ 1994 ਵਿਚ ਪੰਜਾਬੀ ਵਿਭਾਗ ਤੋਂ ਸੇਵਾ ਮੁਕਤ ਹੋਏ ਪਰ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਆਜੀਵਨ ਫ਼ੈਲੋਸ਼ਿੱਪ ਸਮੇਤ ਕੈਂਪਸ ਵਿਖੇ ਸਥਾਈ ਨਿਵਾਸ (ਰਾਈਟਰ ਇਨ ਰੈਜ਼ੀਡੈਂਸ) ਪ੍ਰਦਾਨ ਕੀਤਾ ਤਾਂ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਪਾਠਕ, ਲੇਖਕ ਅਤੇ ਵਿਦਿਆਰਥੀ ਉਨ੍ਹਾਂ ਨਾਲ ਸੰਪਰਕ ਰੱਖ ਸਕਣ ਅਤੇ ਸਮੇਂ ਸਮੇਂ ਮਿਲ ਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰ ਸਕਣ। ਉਨ੍ਹਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾਂ ਆਮ ਪਾਠਕਾਂ, ਵਿਦਿਆਰਥੀਆਂ, ਖੋਜੀਆਂ ਅਤੇ ਅਧਿਆਪਕਾਂ ਲਈ ਖੁੱਲ੍ਹੇ ਰਹੇ ਹਨ।
ਡਾ. ਟਿਵਾਣਾ ਦੀਆਂ ਲਿਖਤਾਂ ਨੂੰ ਅਨੇਕਾਂ ਇਨਾਮ/ਸਨਮਾਨ ਹਾਸਿਲ ਹੋਏ। ਉਨ੍ਹਾਂ ਦੇ ਨਾਵਲ ‘ਇਹੋ ਹਮਾਰਾ ਜੀਵਣਾ’ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਪੁਰਸਕਾਰ ਬਹੁਤ ਛੋਟੀ ਉਮਰ ਵਿਚ ਹੀ ਹਾਸਿਲ ਹੋ ਗਿਆ ਸੀ। ਉਸ ਨਾਵਲ ਨੇ ਪੰਜਾਬੀ ਪਾਠਕ ਦੀ ਕਲਪਨਾ ਨੂੰ ਨਵੇਂ ਦਿਸਹੱਦੇ ਦਿੱਤੇ। ਇਸੇ ਤਰ੍ਹਾਂ ਉਨ੍ਹਾਂ ਦੇ ਵੱਡ ਆਕਾਰੀ ਨਾਵਲ ‘ਕਥਾ ਕਹੋ ਊਰਵਸ਼ੀ’ ਨੂੰ ਵੱਕਾਰੀ ‘ਸਰਸਵਤੀ ਪੁਰਸਕਾਰ’ ਵੀ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਭਾਰਤ ਦੀਆਂ ਭਾਸ਼ਾਵਾਂ ਵਿਚੋਂ ਕਿਸੇ ਇੱਕ ਭਾਸ਼ਾ ਦੇ ਲਿਖਾਰੀ ਨੂੰ ਹਰ ਸਾਲ ਪ੍ਰਦਾਨ ਕੀਤਾ ਜਾਂਦਾ ਹੈ।
ਉਨ੍ਹਾਂ ਦੇ ਹੁਣ ਤਕ 42 ਨਾਵਲ, 5 ਕਹਾਣੀ ਸੰਗ੍ਰਹਿ, 4 ਸਵੈਜੀਵਨੀਆਤਮਕ ਲਿਖਤਾਂ, ਰੇਖਾ-ਚਿੱਤਰਾਂ ਦੇ ਇੱਕ ਸੰਗ੍ਰਹਿ ਤੋਂ ਇਲਾਵਾ ਬਹੁਤ ਸਾਰੀਆਂ ਲਿਖਤਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉੱਤੇ ਪ੍ਰਕਾਸ਼ਿਤ ਹੋਈਆਂ ਹਨ। ਉਨ੍ਹਾਂ ਦੀਆਂ ਲਿਖਤਾਂ ਦੇ ਅਨੁਵਾਦ ਵਿਸ਼ਵ ਦੀਆਂ ਮੁੱਖ ਭਾਸ਼ਾਵਾਂ ਵਿਚ ਛਪੀਆਂ ਹਨ ਅਤੇ ਵਿਸ਼ਵ ਸਾਹਿਤ ਦਾ ਮਾਣਯੋਗ ਸਰਮਾਇਆ ਮੰਨੀਆਂ ਜਾਂਦੀਆਂ ਹਨ।
ਡਾ. ਦਲੀਪ ਕੌਰ ਟਿਵਾਣਾ ਇਕ ਟਰਮ ਲਈ ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਅਤੇ ਇਵੇਂ ਹੀ ਇੱਕ ਟਰਮ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੇ ਤੌਰ ‘ਤੇ ਕਾਰਜਸ਼ੀਲ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਉੱਪਰ ਉਨ੍ਹਾਂ ਦੇ ਹਜ਼ਾਰਾਂ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਲੱਖਾਂ ਪਾਠਕ ਅਤੇ ਪ੍ਰਸੰਸਕ ਗਹਿਰੇ ਸਦਮੇ ਵਿਚ ਹਨ। ਉਨ੍ਹਾਂ ਦੇ ਸਹਿਯੋਗੀ ਰਹੇ ਅਧਿਆਪਕਾਂ ਦੀਆਂ ਅੱਖਾਂ ਵੀ ਨਮ ਹਨ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮੂਹ ਅਧਿਆਪਕ ਅਤੇ ਪੰਜਾਬੀ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ, ਹਰਮਨਪਿਆਰੇ ਅਧਿਆਪਕ ਡਾ. ਦਲੀਪ ਕੌਰ ਟਿਵਾਣਾ ਦੇ ਸਦੀਵੀ ਵਿਛੋੜੇ ਸਮੇਂ ਉਨ੍ਹਾਂ ਦੇ ਪਤੀ ਡਾ. ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਇੰਜ. ਸਿਰਮਨਜੀਤ ਸਿੰਘ ਨਾਲ ਗਹਿਰੀ ਹਮਦਰਦੀ ਪ੍ਰਗਟ ਕਰਦੇ ਹਨ।
ਉਨ੍ਹਾਂ ਦੀ ਮ੍ਰਿਤਕ ਦੇਹ ਕੱਲ੍ਹ ਮਿਤੀ 1 ਫ਼ਰਵਰੀ 2020 ਨੂੰ 8.30 ਵਜੇ ਮੋਹਾਲੀ ਦੇ ਮੈਕਸ ਹਸਪਤਾਲ ਤੋਂ ਉਨ੍ਹਾਂ ਦੇ ਨਿਵਾਸ ਬੀ-13, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਪਹੁੰਚੇਗੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਪੁਰਾ ਰੋਡ ‘ਤੇ 12 ਵਜੇ ਬੀਰ ਜੀ ਸ਼ਮਸ਼ਾਨਘਾਟ ਵਿਖੇ ਹੋਵੇਗਾ।

