ਕੇਂਦਰੀ ਬਜਟ ਵਿੱਚ ਕੋਈ ਠੋਸ ਨਹੀਂ ਸਿਰਫ ਸ਼ੋਸ਼ੇਬਾਜ਼ੀ ਐਲਾਨ ਹੀ ਹਨ: ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 1 ਫਰਵਰੀ (ਜਤਿੰਦਰ ਸਿੰਘ/ਮਧੂਸਾਰ ਬਿਊਰੋ) ਕੇਂਦਰੀ ਬਜਟ ‘ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਸ ਵਿੱਚ ਕੁੱਝ ਠੋਸ ਨਹੀਂ ਹੈ ਸਿਰਫ ਸੋਸ਼ੇਬਾਜ਼ੀ ਦੇ ਐਲਾਨ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਸਾਫ ਕਰ ਦਿੱਤਾ ਕਿ ਆਰਥਿਕਤਾ ਉਨ੍ਹਾਂ ਦੀ ਪਹਿਲ ਨਹੀਂ ਹੈ ਸਗੋਂ ਉਨ੍ਹਾਂ ਦਾ ਏਜੰਡਾ ਨਕਰਾਤਮਿਕਤਾ ਤੇ ਵੰਡ ਪਾਊ ਹੈ।
ਉਨ੍ਹਾਂ ਕਿਹਾ ਕਿ ਬਜਟ ਵਿੱਚ ਕੁੱਝ ਨਹੀਂ ਹੈ ਜਿਹੜਾ ਆਰਥਿਕ ਸੁਧਾਰਾਂ ਦਾ ਰਾਹ ਪੱਧਰਾ ਕਰੇ ਜਾਂ ਜਨਤਕ ਖਪਤ ਨੂੰ ਵਧਾ ਸਕੇ ਜਿਸ ਨਾਲ ਆਰਥਿਕਤਾ ਮੁੜ ਲੀਹਾਂ ਉਤੇ ਖੜ੍ਹੀ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਬਿਆਨਬਾਜ਼ੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ ਜਿਹੜਾ ਸਮਾਜ ਦੇ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੋਵੇ, ਚਾਹੇ ਉਹ ਕਿਸਾਨ, ਨੌਜਵਾਨ, ਵਪਾਰੀ ਜਾਂ ਮੱਧ ਵਰਗੀ ਤੇ ਗਰੀਬ ਲੋਕ ਹੋਣ।
ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਬਜਟ ਵਪਾਰੀਆਂ ਦੀਆਂ ਭਾਵਨਾਨਾਂ ਨੂੰ ਮੁੜ ਸੁਰਜੀਤ ਕਰਨ ਦੀ ਬਜਾਏ ਦਿਸ਼ਾ ਤੇ ਸੋਚ ਰਹਿਤ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਇੱਛਾਵਾਂ ਅਤੇ ਲੋੜਾਂ ਦੀ ਕੋਈ ਪ੍ਰਵਾਹ ਨਹੀਂ ਹੈ ਜਿਸ ਕਰਕੇ ਇਹ ਅਰਥਵਿਵਸਥਾ ਨੂੰ ਹੋਰ ਨੀਵਾਣ ਵੱਲ ਲੈ ਕੇ ਜਾਵੇਗਾ।
ਵਿੱਤ ਮੰਤਰੀ ਦੀ 2019-20 ਦੀ ਆਰਥਿਕ ਮੰਦਹਾਲੀ ਦਾ ਜ਼ਿਕਰ ਕਰਨ ਵਿੱਚ ਅਸਫਲਤਾ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿੱਧ ਕਰਦਾ ਹੈ ਕਿ ਕੇਂਦਰ ਦੀ ਅਰਥ ਵਿਵਸਥਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਜਿੱਠਣ ਦਾ ਕੋਈ ਇਰਾਦਾ ਨਹੀਂ ਹੈ। ਬਜਟ ਨੇ ਹਰੇਕ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ। ਜਿਹੜੇ ਕਿਸਾਨ ਕਰਜ਼ੇ ਅਤੇ ਪਰਾਲੀ ਸਾੜਨ ਦੀ ਚੁਣੌਤੀ ਦੇ ਟਾਕਰੇ ਲਈ ਕੋਈ ਹੱਲ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਪੱਲੇ ਨਿਰਾਸ਼ਾ ਪਈ। ਉਦਯੋਗ ਅਣਗੌਲੇ ਗਏ, ਨੌਜਵਾਨ ਵੀ ਹਨੇਰੇ ਵਿੱਚੋਂ ਆਸ ਦੀ ਕਿਰਨ ਦੇਖਦਾ ਰਹਿ ਗਿਆ ਜਿਸ ਨੂੰ ਸਰਕਾਰ ਨੇ ਹੋਰ ਵੀ ਹਨੇਰੇ ਵਿੱਚ ਸੁੱਟ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਲਈ 16 ਸੂਤਰੀ ਐਕਸ਼ਨ ਪਲਾਨ ਵਿੱਚ ਕਿਤੇ ਵੀ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸਕੀਮ ਸ਼ੁਰੂ ਕਰਨ ਜਾਂ ਪ੍ਰੋਤਸਾਹਨ ਦੇਣ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਨਾਜ ਦੇ ਬਫਰ ਭੰਡਾਰ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਪਹਿਲਾਂ ਹੀ ਕਿਸਾਨਾਂ ਉਤੇ ਦਬਾਅ ਪਾ ਰਹੇ ਹਨ। ਕਿਸਾਨਾਂ ਲਈ ਇਹ ਬਜਟ ਪੂਰੀ ਤਰ੍ਹਾਂ ਨਿਰਾਸ਼ਾ ਵਾਲਾ ਹੈ।

