ਪੁਲਵਾਮਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲਾ, 3 ਅੱਤਵਾਦੀਆਂ ਦਾ ਖ਼ਾਤਮਾ
ਪੁਲਵਾਮਾ (ਜੰਮੂ-ਕਸ਼ਮੀਰ) (ਅਸ਼ੋਕ ਵਾਸਿਸ਼ਠ/ਮਧੂਸਾਰ ਬਿਊਰੋ) ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਤ੍ਰਾਲ ਇਲਾਕੇ ‘ਚ ਸੁਰੱਖਿਆ ਬਲਾਂ ਨੇ ਮੰਗਲਵਾਰ ਦੇਰ ਰਾਤੀਂ ਤਿੰਨ ਅੱਤਵਾਦੀਆਂ ਦਾ ਖ਼ਾਤਮਾ ਕਰ ਦਿੱਤਾ। ਇਹ ਖ਼ਬਰ ਲਿਖੇ ਜਾਣ ਤੱਕ ਮਾਰੇ ਗਏ ਅੱਤਵਾਦੀਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਸਥਾਨਕ ਅੱਤਵਾਦੀ ਸਨ ਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ।
ਮੰਗਲਵਾਰ ਸ਼ਾਮੀਂ ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐੱਫ਼ ਅਤੇ ਫ਼ੌਜ ਦੀ ਇੱਕ ਸਾਂਝੀ ਟੀਮ ਨੇ ਤ੍ਰਾਲ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਸੁਰੱਖਿਆ ਬਲਾਂ ਨੇ ਇਸ ਤੋਂ ਬਾਅਦ ਇਲਾਕੇ ਨੂੰ ਘੇਰ ਲਿਆ। ਅੱਤਵਾਦੀਆਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਚੁਪਾਸਿਓਂ ਘੇਰਾ ਪੈ ਗਿਆ ਹੈ, ਤਦ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਉੱਥੇ ਮੁਕਾਬਲਾ ਸ਼ੁਰੂ ਹੋ ਗਿਆ।
ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਕੋਈ ਹਮਲਾ ਕਰਨਾ ਦੀ ਸਾਜ਼ਿਸ਼ ਰਚ ਰਹੀ ਹੈ। ਦਰਅਸਲ ਆਈਐਸਆਈ ਹੁਣ ਪੁਲਵਾਮਾ ਜਿਹਾ ਕੋਈ ਵੱਡਾ ਹਮਲਾ ਕਰਨ ਦੀ ਤਾਕ ‘ਚ ਹੈ।
ਆਈਐਸਆਈ ਨੇ ਸਾਰੇ ਅੱਤਵਾਦੀ ਗੁੱਟਾਂ ਨਾਲ ਮਿਲ ਕੇ ਇੱਕ ਨਵਾਂ ਗਰੁੱਪ ਬਣਾਇਆ ਹੈ, ਜਿਸ ਦੀ ਅਗਵਾਈ ਜੈਸ਼-ਏ-ਮੁਹੰਮਦ ਕਰ ਰਿਹਾ ਹੈ। ਗਰੁੱਪ ਨੂੰ ‘ਗ਼ਜ਼ਨਵੀ ਫ਼ੋਰਸ’ ਦਾ ਨਾਂਅ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਹਿਜ਼ਬੁਲ, ਜੈਸ਼, ਲਸ਼ਕਰ ਅਤੇ ਅੰਸਾਰ ਗਜ਼ਾਵਤ-ਉਲ-ਹਿੰਦ ਨਾਂਅ ਦਾ ਇਹ ਨਵਾਂ ਗੁੱਟ ਕਸ਼ਮੀਰ ‘ਚ ਸੁਰੱਖਿਆ ਬਲਾਂ ਉੱਤੇ ਕਿਸੇ ਦੇਸੀ ਬੰਬਾਂ ਨਾਲ ਹਮਲਾ ਕਰ ਸਕਦਾ ਹੈ।
