ਅੰਮ੍ਰਿਤਸਰ ਅਦਾਲਤ ਵੱਲੋਂ ਸਾਬਕਾ ਡੀਆਈਜੀ ਤੇ ਮੌਜੂਦਾ ਡੀਐਸਪੀ ਨੂੰ 8 ਤੇ 4 ਸਾਲ ਕੈਦ ਦੀ ਸਜ਼ਾ
ਅੰੰਮ੍ਰਿਤਸਰ 19 ਫਰਵਰੀ (ਸੋਨੂੰ ਨਰੂਲਾ/ਮਧੂ ਰਾਜਪੂਤ/ਮਧੂਸਾਰ ਬਿਊਰੋ) ਸੇਵਾ-ਮੁਕਤ ਡੀਆਈਜੀ (497) ਕੁਲਤਾਰ ਸਿੰਘ ਨੂੰ ਅੱਜ ਅਦਾਲਤ ਨੇ 8 ਸਾਲ ਅਤੇ ਡੀਐੱਸਪੀ ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਅੰਮ੍ਰਿਤਸਰ ਦੇ ਚੌਕ-ਮੁਨੀ ਇਲਾਕੇ ‘ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਵੱਲੋਂ ਕੀਤੀ ਗਈ ਸਮੂਹਕ ਖ਼ੁਦਕੁਸ਼ੀ ਦੇ ਮਾਮਲੇ ‘ਚ ਉਦੋਂ ਦੇ ਐੱਸਐੱਸਪੀ ਤੇ ਡੀਆਈ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਕੁਲਤਾਰ ਸਿੰਘ, ਡੀਐੱਸਪੀ ਹਰਦੇਵ ਸਿੰਘ ਸਮੇਤ ਛੇ ਜਣਿਆਂ ਨੂੰ ਅਦਾਲਤ ਨੇ ਦੋ ਦਿਨ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਸੀ।
ਅਦਾਲਤੀ ਹੁਕਮ ਤੋਂ ਬਾਅਦ ਕੱਲ੍ਹ ਸਾਰੇ ਦੋਸ਼ੀ 17 ਫ਼ਰਵਰੀ ਤੋਂ ਹੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਸਨ। ਚਾਰ ਰਿਸ਼ਤੇਦਾਰਾਂ ਸਬਰੀਨ, ਪਰਮਿੰਦਰ ਕੌਰ, ਮਹਿੰਦਰ ਤੇ ਪਲਵਿੰਦਰਪਾਲ ਸਿੰਘ ਨੂੰ ਵੀ ਅਦਾਲਤ ਨੇ 8-8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਕਤੂਬਰ 2005 ‘ਚ ਇੱਕ ਵਿਅਕਤੀ ਨੇ ਆਪਣੀ ਪਤਨੀ, ਪੁੱਤਰ, ਧੀ ਤੇ ਮਾਂ ਸਮੇਤ ਖ਼ੁਦਕੁਸ਼ੀ ਕਰ ਲਈ ਸੀ। ਇਸ ਪਰਿਵਾਰ ਨੇ ਆਪਣੀ ਖ਼ੁਦਕੁਸ਼ੀ ਦਾ ਕਾਰਨ ਆਪਣੇ ਘਰ ਦੀਆਂ ਕੰਧਾਂ ‘ਤੇ ਲਿਖ ਦਿੱਤਾ ਸੀ। ਉਨ੍ਹਾਂ ਆਪਣੀ ਖ਼ੁਦਕੁਸ਼ੀ ਪਿੱਛੇ ਐੱਸਐੱਸਪੀ ਕੁਲਤਾਰ ਸਿੰਘ ਸਮੇਤ ਆਪਣੇ ਚਾਰ ਰਿਸ਼ਤੇਦਾਰਾਂ ਸਬਰੀਨ, ਪਰਮਿੰਦਰ ਕੌਰ, ਮਹਿੰਦਰ ਤੇ ਪਲਵਿੰਦਰਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ।

