ਪਟਿਆਲਾ

ਸਕੱਤਰ ਸਕੂਲ ਸਿੱਖਿਆ ਵਲੋਂ ਪਟਿਆਲਾ ਜਿਲ੍ਹੇ ਦੇ ਸਕੂਲ ਮੁੱਖੀਆਂ ਨਾਲ ਮੀਟਿੰਗ

ਪਟਿਆਲਾ 29 ਫਰਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ)
ਸਰਕਾਰੀ ਸਕੂਲਾਂ ਦੇ ਮੁੱਖੀਆਂ ਨੂੰ ਮੋਟੀਵੇਟ ਕਰਨ ਦਾ ਕੋਈ ਮੌਕਾ ਵੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਈ.ਏ.ਐਸ. ਆਪਣੇ ਹੱਥੋਂ ਜਾਣ ਨਹੀਂ ਦਿੰਦੇ । ਗੱਲ ਭਾਵੇਂ ਮਿਸ਼ਨ ਸੌ ਫੀਸਦੀ ਦੀ ਹੋਵੇ ਜਾਂ ਸਮਾਰਟ ਸਕੂਲਾਂ ਦੀ ਤੇ ਭਾਵੇਂ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਦੀ । ਉਹ ਆਪ ਸਕੂਲ ਮੁੱਖੀਆਂ ਨੂੰ ਹਰ ਵਾਰ ਨਵੇਂ ਗੁਰ ਦਿੰਦੇ ਹਨ ।

ਆਗਾਮੀ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਸਮੇਤ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਉਹ ਲਗਾਤਾਰ ਵੱਖ ਵੱਖ ਜਿਲ੍ਹਿਆਂ ਦੇ ਦੌਰੇ ਕਰ ਰਹੇ ਹਨ । ਇਸੇ ਲੜੀ ਤਹਿਤ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਇੰਸ ਆਡੀਟੋਰੀਅਮ ਵਿਚ ਜਿਲ੍ਹਾ ਪਟਿਆਲਾ ਦੇ ਸਕੂਲ ਮੁਖੀਆਂ ਨਾਲ ਕ੍ਰਿਸ਼ਨ ਕੁਮਾਰ ਜੀ ਵਲੋਂ ਮਿਸ਼ਨ ਸੌ ਫੀਸਦੀ ਅਧੀਨ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਵਿਚ ਸਿੱਖਿਆ ਸਕੱਤਰ ਨੇ ਕਿਹਾ ਕਿ ਸਕੂਲ ਮੁੱਖੀ ਆਪਣੇ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਉਤਸ਼ਾਹ ਭਰਪੂਰ ਮਾਹੌਲ ਸਿਰਜਣ ਲਈ ਪ੍ਰੇਰਣਾਸਰੋਤ ਬਣਨ । ਉਨ੍ਹਾਂ ਨੇ ਸਕੂਲਾਂ ਦੇ ਪ੍ਰੀ ਬੋਰਡ ਦੇ ਨਤੀਜਿਆਂ ਦਾ ਸੰਖਿਆ ਵਿਸ਼ਲੇਸ਼ਣ ਵੀ ਕੀਤਾ । ਉਨ੍ਹਾਂ ਨੇ ਸਕੂਲ ਮੁੱਖੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜ਼ਰੂਰਤਮੰਦ ਵਿਦਿਆਰਥੀਆਂ ਦੀ ਜ਼ਰੂਰੀ ਕੌਂਸਲਿੰਗ ਕਰਨ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ਼ ਦੀ ਭਾਵਨਾ ਵੱਧਦੀ ਹੈ ਤੇ ਉਹ ਬਿਨਾਂ ਮਾਨਸਿਕ ਦਬਾਅ ਦੇ ਪ੍ਰੀਖਿਆਵਾਂ ਦੇਣ ਲਈ ਤਿਆਰ ਹੋ ਜਾਂਦੇ ਹਨ । ਉਨ੍ਹਾਂ ਕਿਹਾ ਕਿ ਇਸ ਵਾਰ ਅਧਿਆਪਕਾਂ ਨੇ ਵਾਧੂ ਜਮਾਤਾਂ ਲੈ ਕੇ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਹੈ ਜਿਸ ਨਾਲ ਮਿਸ਼ਨ ਸੌ ਫੀਸਦੀ ਦੀ ਪ੍ਰਾਪਤੀ ਹਰ ਹੀਲੇ ਹੋਵੇਗੀ । ਇਨ੍ਹਾਂ ਵਾਧੂ ਜਮਾਤਾਂ ਨਾਲ ਵਿਦਿਆਰਥੀਆਂ ਦਾ ਮਨੋਬਲ ਬਹੁਤ ਵਧਿਆ ਹੈ ਤੇ ਬਹੁਤ ਸਾਰੇ ਵਿਦਿਆਰਥੀ ਮੈਰਿਟ ਸੂਚੀ ਵਿਚ ਆਪਣੀ ਥਾਂ ਬਣਾਉਣਗੇ । ਉਨ੍ਹਾਂ ਨਾਲ ਹੀ ਸਕੂਲ ਮੁੱਖੀਆਂ ਨੂੰ ਇਹ ਵੀ ਕਿਹਾ ਕਿ ਨਕਲ ਰਹਿਤ ਪ੍ਰੀਖਿਆਵਾਂ ਨੇਪਰੇ ਚਾੜ੍ਹਨਾ ਵੀ ਉਨ੍ਹਾਂ ਦੀ ਡਿਊਟੀ ਹੈ । ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰ. ਕੁਲਭੂਸ਼ਨ ਸਿੰਘ ਬਾਜਵਾ ਨੇ ਬੋਲਦਿਆਂ ਕਿਹਾ ਕਿ ਸਕੂਲ ਮੁੱਖੀ ਵਿਦਿਆਰਥੀਆਂ ਲਈ ਬੈਠਣ ਵਾਲੇ ਕਮਰਿਆਂ ਵਿਚ ਰੌਸ਼ਨੀ ਦੇ ਪ੍ਰਬੰਧ ਦਾ ਪੂਰਨ ਧਿਆਨ ਰੱਖਣ ਅਤੇ ਨਾਲ ਹੀ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਆਗਿਆ ਸਕੂਲ ਅੰਦਰ ਦਾਖਲ ਨਾ ਹੋਣ ਦੇਣ । ਕਿਸੇ ਵੀ ਸਮੱਸਿਆ ਦੀ ਸੂਰਤ ਵਿਚ ਸਕੂਲ ਮੁੱਖੀ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ । ਉਨ੍ਹਾਂ ਸਕੱਤਰ ਸਕੂਲ ਸਿੱਖਿਆ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪਟਿਆਲਾ ਦਾ ਇਸ ਵਾਰ ਨਤੀਜਾ ਸੌ ਫੀਸਦੀ ਹੀ ਆਵੇਗਾ । ਇਸ ਮੌਕੇ ਡਾ. ਜਰਨੈਲ ਸਿੰਘ ਧਾਲੀਵਾਲ ਸਹਾਇਕ ਡਾਇਰੈਕਟਰ ਟ੍ਰੇਨਿੰਗਜ਼, ਸੰਜੀਵ ਕੁਮਾਰ ਡਿਪਟੀ ਐਸ.ਪੀ.ਡੀ., ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮਨਜੀਤ ਸਿੰਘ, ਸੁਖਵਿੰਦਰ ਕੁਮਾਰ ਖੋਸਲਾ, ਰਾਜਿੰਦਰ ਸਿੰਘ ਚਾਨੀ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *