ਪੰਜਾਬ ਸਰਕਾਰ ਫਿਲਮ ‘ਸ਼ੂਟਰ’ ‘ਤੇ ਪਾਬੰਦੀ ਲਾਉਣ ਤੋਂ ਪਹਿਲਾਂ ਸੈਂਸਰ ਬੋਰਡ ਕੋਲ ਇਤਰਾਜ਼ ਉਠਾਉਂਦੀ : ਦੀਪ ਸਿੱਧੂ
ਸ਼ੂਟਰ ਫਿਲਮ ‘ਤੇ ਪਾਬੰਦੀ ਅਤੇ ਨਿਰਮਾਤਾ ‘ਤੇ ਪਰਚ ਦਰਜ ਕਰਨਾ ਸਰਾਸਰ ਗਲਤ
ਪਟਿਆਲਾ 2 ਮਾਰਚ (ਰਮਨਦੀਪ ਕੌਰ/ਮਧੂਸਾਰ ਬਿਊਰੋ) ਪੰਜਾਬੀ ਫਿਲਮ ‘ਸ਼ੂਟਰ’ ‘ਤੇ ਸਰਕਾਰ ਵੱਲੋਂ ਲਗਾਈ ਪਾਬੰਦੀ ਅਤੇ ਨਿਰਮਾਤਾਵਾਂ ‘ਤੇ ਦਰਜ ਕੀਤੇ ਜਾ ਰਹੇ ਪਰਚਿਆਂ ਨੂੰ ਬੇਲੋੜੀ ਕਾਰਵਾਈ ਕਰਾਰ ਦਿੰਦਿਆਂ ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ‘ਸ਼ੁਟਰ’ ਫਿਲਮ ‘ਤੇ ਪਾਬੰਦੀ ਲਾਉਣ ‘ਤੇ ਪਹਿਲਾਂ ਆਪਣੇ ਇਤਰਾਜ਼ ਸੈਂਸਰ ਬੋਰਡ ਕੋਲ ਉਠਾਉਣੇ ਚਾਹੀਦੇ ਸੀ। ਅਦਾਕਾਰ ਦੀਪ ਸਿੱਧੂ ਪੰਜਾਬੀ ਫਿਲਮ ਜ਼ੋਰਾ-2 ਦੀ ਪਰਮੋਸ਼ਨ ਲਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਇਕ ਸਵਾਲ ਦੇ ਜਵਾਬ ‘ਚ ਦੀਪ ਸਿਧੂ ਨੇ ਕਿਹਾ ਕਿ ਸਰਕਾਰ ਵੱਲੋਂ ਫਿਲਮ ਸ਼ੂਟਰ ‘ਤੇ ਰੋਕ ਲਗਾਉਣ ਲਈ ਅਪਣਾਈ ਗਈ ਕਾਨੂੰਨੀ ਪ੍ਰਕਿਰਿਆ ਤੋਂ ਪਹਿਲਾਂ ਸੈਂਸਰ ਬੋਰਡ ਕੋਲ ਜੇ ਸਰਕਾਰ ਆਪਣਾ ਪੱਖ ਰੱਖਦੀ ਤਾਂ ਜ਼ਿਆਦਾ ਠੀਕ ਹੁੰਦਾ, ਜਦਕਿ ਪੰਜਾਬੀ ਸੱਭਿਆਚਾਰ, ਸਿੱਖ ਇਤਿਹਾਸ ਤੋਂ ਇਲਾਵਾ ਸੱਚ ‘ਤੇ ਅਧਾਰਤ ਕਹਾਣੀਆਂ ‘ਤੇ ਬਣਦੀਆਂ ਫਿਲਮਾਂ ਸਮਾਜ ਨੂੰ ਸ਼ੀਸ਼ਾ ਵਿਖਾਉਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ੂਟਰ ਫਿਲਮ ‘ਚ ਗੈਂਗਸਟਰ ਨਾਲ ਜੁੜੀ ਕਹਾਣੀ ਸੱਚ ‘ਤੇ ਅਧਾਰਤ ਸੀ, ਜੋ ਉਨ੍ਹਾਂ ਰਾਜਨੀਤਕ ਚਿਹਰਿਆਂ ਨੂੰ ਬੇਨਕਾਬ ਕਰਦੀ ਸੀ, ਜਿਨਾਂ ਕਰਕੇ ਸਮਾਜ ‘ਚ ਗੈਂਗਸਟਰ ਪੈਦਾ ਹੁੰਦੇ ਹਨ। ਦੀਪ ਸਿੱਧੂ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਸ਼ੂਟਰ ਫਿਲਮ ਰਾਹੀਂ ਸੁੱਖਾ ਕਾਹਲਵਾਂ ਨੂੰ ਗੈਂਗਸਟਰ ਬਣਾਉਣ ਵਾਲੇ ਸਿਆਸੀ ਚਿਹਰੇ ਬੇਨਕਾਬ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਜ਼ੋਰਾ-2 ਵੀ ਅਜੌਕੇ ਸਮੇਂ ਵਿਚ ਗੰਦੀ ਰਾਜਨੀਤੀ ਦੇ ਆਲੇ ਦੁਆਲੇ ਘੁੰਮਦੀ ਉਹ ਕਹਾਣੀ ਹੈ, ਜੋ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰੇਗੀ।
ਦੀਪ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਅਤੇ ਸੱਚ ਨਾਲ ਜੁੜੀਆਂ ਕਹਾਣੀਆਂ ਨੂੰ ਪਰਮੋਟ ਕਰਦੀਆਂ ਫਿਲਮਾਂ ‘ਤੇ ਰੋਕ ਲਾਉਣ ਜਾਂ ਕਾਨੂੰਨੀ ਪੈਰਵਾਈ ਤੋਂ ਪਹਿਲਾਂ ਸਿੱਧੀ ਦਖਲਅੰਦਾਜ਼ੀ ਛੱਡਕੇ ਸੈਂਸਰ ਬੋਰਡ ਕੋਲ ਆਪਣੇ ਇਤਰਾਜ਼ ਉਠਾਉਣ ਚਾਹੀਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪੂ ਸਿੱਧੂ ਨਾਲ ਅਦਾਕਾਰਾ ਜਪੁਜੀ ਖਹਿਰਾ, ਯਾਦ ਗਰੇਵਾਲ, ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਨਿਰਮਾਤਾ ਵਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ।

