ਪੰਜਾਬਪਟਿਆਲਾ

ਸਕੂਲਾਂ ਵਿੱਚ ਝੂਲਿਆਂ ਦੀ ਖ਼ਰੀਦ ਵਿੱਚ ਘਪਲ਼ੇਬਾਜ਼ੀ ਦਾ ਮਾਮਲਾ ਗਰਮਾਇਆ!

ਉੱਚ-ਅਧਿਕਾਰੀਆਂ ਦੇ ਘਿਰਾਓ ਲਈ ਕੀਤੀ ਯੋਜਨਾਬੰਦੀ-ਸੰਘਰਸ਼ੀ ਆਗੂ
ਅਕਾਲੀ ਸਰਕਾਰ ਵੇਲ਼ੇ ਵੀ ਸਿਆਸੀ ਸਰਪ੍ਰਸਤੀ ਕਾਰਨ ਬਚਦੀ ਰਹੀ ਹੈ, ਬਲਾਕ ਅਫ਼ਸਰ-ਸੰਘਰਸ਼ੀ ਆਗੂ
ਸਿੱਖਿਆ ਸਕੱਤਰ ਤੋਂ ਹੈ, ਇਨਸਾਫ਼ ਦੀ ਉਮੀਦ-ਸੰਘਰਸ਼ੀ ਆਗੂ
ਪਟਿਆਲਾ 4 ਮਾਰਚ (ਮਧੂਸਾਰ ਬਿਊਰੋ) ਅਧਿਆਪਕ ਸੰਘਰਸ਼ ਕਮੇਟੀ, ਪਟਿਆਲਾ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇੱਕ ਜ਼ਰੂਰੀ ਮੀਟਿੰਗ ਪਰਮਜੀਤ ਸਿੰਘ, ਮਨੋਜ ਘਈ ਅਤੇ ਗੁਰਪ੍ਰੀਤ ਸਿੰਘ ਗੁਰੂ ਦੀ ਅਗਵਾਈ ਵਿੱਚ ਨਹਿਰੂ ਪਾਰਕ ਪਟਿਆਲਾ ਵਿਖੇ ਕੀਤੀ ਗਈ।

ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਬਲਾਕ ਭਾਦਸੋਂ-2 ਵਿੱਚ ਝੂਲਿਆਂ ਦੀ ਖ਼ਰੀਦ ਵਿੱਚ ਬਲਾਕ ਅਧਿਕਾਰੀ ਵੱਲੋਂ ਕੀਤੀ ਘਪਲੇਬਾਜ਼ੀ ਦੇ ਮਾਮਲੇ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ।ਪਰ ਜਾਂਚ ਅਧਿਕਾਰੀ ਵੱਲੋਂ ਮਾਮਲਾ ਲਟਕਾਇਆ ਜਾ ਰਿਹਾ ਹੈ।ਜਿਸ ਕਾਰਨ ਅਧਿਆਪਕ ਪ੍ਰੇਸ਼ਾਨ ਹਨ ਅਤੇ ਭ੍ਰਿਸ਼ਟ ਅਧਿਕਾਰੀ ਬੇਫ਼ਿਕਰ ਹੈ।ਜਥੇਬੰਦੀਆਂ ਵੱਲੋਂ ਵਾਰ-ਵਾਰ ਬਲਾਕ ਅਫ਼ਸਰ ਬਲਕਾਰ ਕੌਰ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਦੀ ਕਰਨ ਦੀ ਅਤੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਅਧਿਆਪਕਾਂ ਵੱਲੋਂ ਪੂਰੇ ਤਣਾਅ ਦੇ ਮਾਹੌਲ ਵਿੱਚ ਜਾਂਚ ਵਿੱਚ ਆਪਣਾ ਪੱਖ ਰੱਖਿਆ ਗਿਆ।ਪਰ ਹੁਣ ਜਿਉਂ-ਜਿਉਂ ਬਲਾਕ ਅਧਿਕਾਰੀ ਖਿਲਾਫ਼ ਕਾਰਵਾਈ ਨੂੰ ਸਮਾਂ ਬੀਤਦਾ ਜਾ ਰਿਹਾ ਹੈ, ਉਵੇਂ-ਉਵੇਂ ਅਧਿਆਪਕਾਂ ਦੀ ਬੇਚੈਨੀ ਅਤੇ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ।ਇਸ ਅਧਿਕਾਰੀ ਦੇ ਭ੍ਰਿਸ਼ਟਤੰਤਰ ਅਤੇ ਤਾਨਾਸ਼ਾਹੀ ਤੋਂ ਬਲਾਕ ਦੇ ਮਿਹਨਤੀ ਅਧਿਆਪਕ ਪ੍ਰੀਖਿਆ ਦੇ ਦਿਨਾਂ ਵਿੱਚ ਬੱਚਿਆਂ ਵੱਲ ਧਿਆਨ ਦੇਣ ਦੀ ਥਾਂ ਖ਼ੁਦ ਪ੍ਰੇਸ਼ਾਨ ਹਨ।
ਆਗੂਆਂ ਨੇ ਅੱਗੇ ਦੱਸਿਆ ਕਿ ਬਲਾਕ ਦੀਆਂ ਖੇਡਾਂ (2018-19) ਲਈ ਸਾਰਾ ਪ੍ਰਬੰਧ (ਵਿੱਤੀ) ਸੀ.ਐੱਚ.ਟੀ./ਐੱੱਚ.ਟੀ./ਟੀਚਰਜ਼ ਤੋਂ ਕਰਵਾਇਆ ਗਿਆ ਅਤੇ ਜ਼ਿਲ੍ਹੇ ਵੱਲੋਂ ਪ੍ਰਾਪਤ ਫ਼ੰਡ ਸੈਂਟਰ ਸਕੂਲਾਂ ਨੂੰ ਵੰਡਣ ਦੀ ਥਾਂ ਆਪਣੇ ਨਿੱਜੀ ਖ਼ਾਤੇ ਵਿੱਚ ਜਮ੍ਹਾਂ ਕਰਵਾਇਆ ਹੈ।ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਬਲਾਕ ਦਫ਼ਤਰ ਨੂੰ ਆਉਣ ਵਾਲ਼ੇ ਹੋਰ ਫ਼ੰਡਾਂ ਦੀ ਦੁਰਵਰਤੋਂ ਵੀ ਅਧਿਕਾਰੀ ਵੱਲੋਂ ਜ਼ਰੂਰ ਕੀਤੀ ਜਾਏਗੀ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਤੋਂ ਤੁਰੰਤ ਇਨਸਾਫ਼ ਦੀ ਮੰਗ ਕੀਤੀ ਹੈ।ਕਿਉਂਕਿ ਬਲਾਕ ਅਫ਼ਸਰ ਅਕਾਲੀ ਸਰਕਾਰ ਵੇਲ਼ੇ ਵੀ ਸਿਆਸੀ ਸਰਪ੍ਰਸਤੀ ਕਾਰਨ ਬਚਦੀ ਰਹੀ ਹੈ।ਅਧਿਕਾਰੀ ਦਾ ਅਕਸ ਪਹਿਲਾਂ ਤੋਂ ਹੀ ਮਾੜਾ ਰਿਹਾ ਹੈ।ਬਲਾਕ ਅਫ਼ਸਰ ਆਪਣੇ ਤਾਨਾਸ਼ਾਹੀ ਵਤੀਰੇ ਕਾਰਨ ਹਮੇਸ਼ਾ ਚਰਚਾ ਦਾ ਵਿਸ਼ਾ ਅਤੇ ਵਿਭਾਗ ਲਈ ਬਦਨਾਮੀ ਦਾ ਕਾਰਨ ਬਣਦੀ ਰਹੀ ਹੈ।ਜਿਸ ਕਰਕੇ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਬਲਾਕ ਅਧਿਕਾਰੀ ਨੂੰ ਪ੍ਰਬੰਧਕੀ ਬਦਲੀਆਂ, ਤਾੜਨਾ ਪੱਤਰ ਅਤੇ ਦੋਸ਼ ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।ਹੁਣ ਵੀ ਬੀਪੀਈਓ ਵੱਲੋਂ ਅਧਿਆਪਕਾਂ ਨਾਲ਼ ਧੱਕੇਸ਼ਾਹੀ ਅਤੇ ਕਰੱਪਸ਼ਨ ਕਰਕੇ ਪ੍ਰੀਖਿਆ ਦੇ ਦਿਨਾਂ ਵਿੱਚ ਬਲਾਕ ਅਤੇ ਜ਼ਿਲ੍ਹੇ ਦਾ ਮਹੌਲ ਖ਼ਰਾਬ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਪਟਿਆਲਾ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਅਗਰ ਵਿਭਾਗ ਵੱਲੋਂ ਆਉਣ ਵਾਲ਼ੇ ਦਿਨਾਂ ਵਿੱਚ ਭ੍ਰਿਸ਼ਟ ਅਧਿਕਾਰੀ ਖ਼ਿਲਾਫ਼ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ, ਤਾਂ ਇਸ ਖਿਲਾਫ਼ ਅਧਿਆਪਕ ਸੰਘਰਸ਼ ਕਮੇਟੀ ਪਟਿਆਲਾ ਵੱਲੋਂ ਯੋਜਨਾਬੰਦੀ ਕਰ ਲਈ ਗਈ ਹੈ।ਬਲਾਕ, ਜ਼ਿਲ੍ਹੇ ਦਾ ਮਾਹੌਲ ਖ਼ਰਾਬ ਹੋਣ ਲਈ ਵਿਭਾਗ ਅਤੇ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ।ਇਸ ਸਮੇਂ ਦੀਦਾਰ ਸਿੰਘ, ਅਵਤਾਰ ਮਾਨ, ਕੁਲਦੀਪ ਪਟਿਆਲਵੀ, ਤਰਸੇਮ ਸਿੰਘ, ਬਿਕਰਮਜੀਤ ਸਿੰਘ, ਹਰਬਲਾਸ ਸਿੰਘ, ਅਤੇ ਹਰਪ੍ਰੀਤ ਸਿੰਘ ਡਕੌਂਦਾ ਹਾਜ਼ਰ ਸਨ।

Leave a Reply

Your email address will not be published. Required fields are marked *