ਪਟਿਆਲਾ

ਕਰਾਫ਼ਟ ਮੇਲੇ ਦੇ 12 ਵੇਂ ਦਿਨ ਲੋਕ ਗੀਤਾਂ ਨੇ ਬੰਨਿਆਂ ਰੰਗ

ਸ਼ੀਸ਼ ਮਹਿਲ ਵਿਖੇ ਲੋਕ ਗੀਤਾਂ ਦੇ ਅੰਤਰ ਕਾਲਜ ਮੁਕਾਬਲੇ ਹੋਏ
ਪਟਿਆਲਾ, 4 ਮਾਰਚ (ਮਧੂਸਾਰ ਬਿਊਰੋ) ਸ਼ੀਸ਼ ਮਹਿਲ ਦੇ ਵਿਹੜੇ ਵਿੱਚ 12 ਦਿਨਾਂ ਤੋਂ ਚੱਲ ਰਹੇ ਕਰਾਫ਼ਟ ਮੇਲੇ ‘ਚ ਅੱਜ ਅੰਤਰ ਕਾਲਜ ਲੋਕ ਗੀਤ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ –ਕਮ- ਮੇਲੇ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕਰਾਫ਼ਟ ਮੇਲੇ ‘ਚ ਪਿਛਲੇ 11 ਦਿਨਾਂ ਤੋਂ ਰੋਜ਼ਾਨਾ ਹੀ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਸਮੇਤ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਭਿਆਚਾਰਕ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਅੱਜ ਮੇਲੇ ਦੇ 12ਵੇਂ ਦਿਨ ਅੰਤਰ ਕਾਲਜ ਲੋਕ ਗੀਤ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ, ਸਰਕਾਰੀ ਮਹਿੰਦਰਾ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਖਾਲਸਾ ਕਾਲਜ, ਫਿਜ਼ੀਕਲ ਐਜੂਕੇਸ਼ਨ ਕਾਲਜ, ਸਟੇਟ ਕਾਲਜ ਆਫ਼ ਐਜੂਕੇਸ਼ਨ, ਸਰਕਾਰੀ ਰਿਪੁਦਮਨ ਕਾਲਜ, ਸਰਕਾਰੀ ਬਹੁਤਕਨੀਕੀ ਕਾਲਜ, ਪਬਲਿਕ ਕਾਲਜ ਸਮਾਣਾ ਅਤੇ ਥਾਪਰ ਬਹੁਤਕਨੀਕੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਲੋਕ ਤੱਥਾਂ ਅਤੇ ਲੋਕ ਗੀਤਾਂ ਰਾਹੀਂ ਮੇਲਾ ਦੇਖਣ ਆਏ ਲੋਕਾਂ ਦਾ ਖੂਬ ਮਨੋਰੰਜ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਮਿਰਜ਼ਾ, ਜੁਗਨੀ, ਮਿੱਟੀ ਦਾ ਬਾਵਾ, ਮਾਹੀਆਂ, ਟੱਪੇ ਅਤੇ ਜਿੰਦੂਆਂ ਦੀ ਪੇਸ਼ਕਾਰੀ ਕਰਕੇ ਲੋਕਾਂ ਨੂੰ ਤਾਲੀਆਂ ਮਾਰਨ ਲਈ ਮਜਬੂਰ ਕਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਗੀਤਾਂ ਦੇ ਹੋਏ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਮੁਲਤਾਨੀ ਮੱਲ ਮੋਦੀ ਕਾਲਜ ਦੀ ਵਿਦਿਆਰਥਣ ਕਵਿਤਾ ਸ਼ਰਮਾ ਨੇ ਹਾਸਲ ਕੀਤਾ ਅਤੇ ਦੂਜਾ ਸਥਾਨ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਅਮਨਦੀਪ ਸਿੰਘ ਅਤੇ ਤੀਜਾ ਸਥਾਨ ਪਬਲਿਕ ਕਾਲਜ ਸਮਾਣਾ ਤੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ‘ਤੇ ਕ੍ਰਮਵਾਰ ਰੱਜਸ ਸਿੰਘ ਅਤੇ ਮਨਜੀਤ ਕੌਰ ਨੇ ਹਾਸਲ ਕੀਤਾ। ਇਸ ਮੌਕੇ ਲੋਕ ਗੀਤ ਦੀ ਵਧੀਆਂ ਪੇਸ਼ਕਾਰੀ ਲਈ ਖਾਲਸਾ ਕਾਲਜ ਦੀ ਵਿਦਿਆਰਥਣ ਸ਼ਬਨਮ ਨੂੰ ਵੀ ਪੁਰਸਕਾਰ ਦਿੱਤਾ ਗਿਆ।
ਇਸ ਮੌਕੇ ਸਭਿਆਚਾਰਕ ਪ੍ਰੋਗਰਾਮਾਂ ਦੇ ਕੋਆਰਡੀਨੇਟਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਉਘੀ ਗਾਇਕਾਂ ਲਾਚੀ ਬਾਵਾ ਅਤੇ ਮਨਪ੍ਰੀਤ ਅਖਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੋਕ ਗੀਤਾਂ ਦੇ ਮੁਕਾਬਲਿਆਂ ਦੀ ਜੱਜਮੈਂਟ ਸ. ਹਰਜੀਤ ਸਿੰਘ ਅਤੇ ਉਜਾਗਰ ਅਨਟਾਲ ਨੇ ਨਿਭਾਈ।

Leave a Reply

Your email address will not be published. Required fields are marked *