ਪਟਿਆਲਾ

ਸ਼ਹੀਦ ਬਾਬਾ ਜੈ ਸਿੰਘ ਖਲਕਟ 267ਵਾਂ ਸ਼ਹੀਦੀ ਸਮਾਗਮ ਸਮਾਪਤ

‘ਜਿਨ੍ਹਾਂ ਪੁੱਠੀਆਂ ਖੱਲ੍ਹਾਂ ਉਤ੍ਰਵਾਈਆਂ‘ ਲਾਈਨ ਮੁੜ ਅਰਦਾਸ ਵਿਚ ਪਾਉਣ ਦੀ ਮੰਗ ਉੱਠੀ
ਸ਼ਹੀਦੀ ਸਥਾਨ ਦੇ ਬਿਲਕੁਲ ਮੂਹਰੇ ਗੰਦਗੀ ਦਾ ਛੱਪੜ ਪੁੱਟਣਾ ਪਿੰਡ ਵਾਲਿਆਂ ਦੀ ਵੱਡੀ ਗ਼ਲਤੀ : ਸੰਤ ਬਾਬਾ ਟਿਬੇਵਾਲੇ
ਪਟਿਆਲਾ, 6 ਮਾਰਚ (ਮਧੂਸਾਰ ਬਿਊਰੋ) ਪਿੰਡ ਬਾਰਨ ਵਿਚ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਸ਼ਹੀਦੀ ਸਥਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਾਇਆ ਤਿੰਨ ਦਿਨਾਂ ਸ਼ਹੀਦੀ ਸਮਾਗਮ ਕੀਰਤਨ ਦੀਵਾਨ ਦੀ ਅੱਜ ਸਮਾਪਤੀ ਹੋ ਗਈ ਹੈ।

ਤਿੰਨੇ ਦਿਨ ਇੱਥੇ ਕੀਰਤਨੀ ਜਥਿਆਂ, ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਹਾਜ਼ਰੀ ਭਰੀ। ਅੱਜ ਅਖਿਰੀ ਦਿਨ ਬਾਬਾ ਸੁਖਵਿੰਦਰ ਸਿੰਘ ਟਿਬੇਵਾਲਿਆਂ, ਭਾਈ ਧਰਮਪਾਲ ਸਿੰਘ ਸੰਗੋਵਾਲੀਆ ਆਦਿ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ। ਅੱਜ ਦੇ ਆਖ਼ਰੀ ਦੀਵਾਨ ਵਿਚ ਪੁੱਜੇ ਸਿਆਸੀ ਤੇ ਧਾਰਮਿਕ ਤੇ ਸਮਾਜਕ ਆਗੂਆਂ ਨੇ ਮਤਾ ਪਾਇਆ ਕਿ ਸਿੱਖ ਕੌਮ ਦੀ ਅਰਦਾਸ ਵਿਚੋਂ ‘ਜਿਨ੍ਹਾਂ ਪੁੱਠੀਆਂ ਖੱਲ੍ਹਾਂ ਉਤ੍ਰਵਾਈਆਂ‘ ਲਾਈਨ ਕਿਸੇ ਕਾਰਨ ਕੱਟ ਦਿੱਤੀ ਗਈ ਸੀ, ਉਹ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਵਿਚ ਦੁਬਾਰਾ ਪਾਈ ਜਾਵੇ, ਇਹ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪੁੱਜਦਾ ਕਰਨ ਦਾ ਵੀ ਐਲਾਨ ਕੀਤਾ ਗਿਆ।
ਅੱਜ ਦੇ ਹੋਏ ਸਨਮਾਨ ਵਿਚ ਆਪ ਆਗੂ ਕਰਨਵੀਰ ਸਿੰਘ ਟਿਵਾਣਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਤਵੀਰ ਸਿੰਘ ਖੱਟੜਾ, ਹਰਮੇਲ ਸਿੰਘ ਟੌਹੜਾ, ਮੈਂਬਰ ਸ਼੍ਰੋਮਣੀ ਕਮੇਟੀ ਜਰਨੈਲ ਸਿੰਘ ਕਰਤਾਰਪੁਰ, ਕਰਨੈਲ ਸਿੰਘ ਨਾਭਾ, ਹੈੱਡ ਗ੍ਰੰਥੀ ਸੁਖਦੇਵ ਸਿੰਘ,ਦਲਿਤ ਫ਼ਰੰਟ ਦੇ ਆਗੂ ਜੋਗਿੰਦਰ ਸਿੰਘ ਪੰਛੀ, ਸਰਪੰਚ ਰਾਮ ਸਿੰਘ ਤੇ ਹਰਚੰਦ ਸਿੰਘ ਬਾਰਨ ਦਾ ਵੀ ਸਨਮਾਨ ਕੀਤਾ ਗਿਆ, ਇਸ ਵੇਲੇ ਗੱਲ ਕਰਦਿਆਂ ਆਪ ਆਗੂ ਕਰਨਵੀਰ ਸਿੰਘ ਟਿਵਾਣਾ ਨੇ ਕਿਹਾ ਸ਼ਹੀਦਾਂ ਦੀ ਧਰਤੀ ਤੇ ਮੇਲੇ ਲੱਗਦੇ ਹਨ ਪਰ ਸ਼ਹੀਦਾਂ ਦੀ ਧਰਤੀ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਪਿੰਡ ਦੇ ਕੁਝ ਲੋਕਾਂ ਨੇ ਸ਼ਹੀਦਾਂ ਦੇ ਇਸ ਗੁਰੂ ਘਰ ਦੇ ਸਾਹਮਣੇ ਗੰਦੇ ਪਾਣੀ ਦਾ ਛੱਪੜ ਬਣਾ ਦਿੱਤਾ ਹੈ ਇਹ ਗ਼ਲਤ ਗੱਲ ਹੈ, ਇਹ ਰਵੀ ਦਾਸੀਆਂ ਕੌਮ ਨਾਲ ਸਬੰਧਿਤ ਸ਼ਹੀਦ ਹੈ,ਜਿਸ ਦੇ ਦੋ ਪੁੱਤਰ ਖੜਕ ਸਿੰਘ ਦੇ ਕੜਾਕਾ ਸਿੰਘ, ਪਤਨੀ ਮਾਤਾ ਧੰਨ ਕੌਰ, ਇਕ ਨੂੰਹ ਮਾਤਾ ਅਮਰ ਕੌਰ ਸ਼ਹੀਦ ਹੋਏ ਸਨ, ਮੁਗ਼ਲ ਅਬਦੁਸ਼ ਸਮੁੰਦ ਖ਼ਾਨ ਨੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਨੂੰ ਤੰਬਾਕੂ ਦਾ ਬੋਝਾ ਨਾ ਚੁੱਕਣ ਕਰਕੇ ਜੌੜੇ ਪਿੱਪਲਾਂ ਦੇ ਪੁੱਠਾ ਲਟਕਾ ਖੱਲ ਲਾਹ ਦਿੱਤੀ ਸੀ। ਮੁੜ ਅਕਾਲੀ ਦਲ ਵਿਚ ਸ਼ਾਮਲ ਹੋਏ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਅਜਾਇਬ ਘਰ ਵਿਚ ਤਸਵੀਰ ਲਗਾ ਦਿੱਤੀ ਗਈ ਹੈ, ਪਰ ਹੁਣ ਜੋ ਅਰਦਾਸ ਵਿਚ ‘ਜਿਨ੍ਹਾਂ ਪੁੱਠੀਆਂ ਖੱਲ੍ਹਾਂ ਉਤ੍ਰਵਾਈਆਂ‘ ਲਾਈਨ ਕੱਟੀ ਗਈ ਹੈ, ਉਹ ਮੁੜ ਅਰਦਾਸ ਵਿਚ ਪਵਾਉਣ ਦੀ ਚਾਰਾਜੋਈ ਕਰਾਂਗੇ, ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਾਰੇ ਪਿੰਡ ਦਾ ਗੰਦਾ ਪਾਣੀ ਛੱਪੜ ਬਣਾ ਕੇ ਖੜ੍ਹਾ ਕਰਨਾ ਬਿਲਕੁਲ ਹੀ ਗ਼ਲਤ ਹੈ, ਪਿੰਡ ਦੀ ਪੰਚਾਇਤ ਨੂੰ ਇਸ ਸਬੰਧੀ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਸ ਵੇਲੇ ਕਥਾ ਕਰਨ ਆਏ ਭਾਈ ਸੁਖਵਿੰਦਰ ਸਿੰਘ ਟਿੱਬੇਵਾਲਿਆਂ ਨੇ ਵੀ ਕਿਹਾ ਕਿ ਸ਼ਹੀਦਾਂ ਦੀ ਧਰਤੀ ਅੱਗੇ ਸਫ਼ਾਈ ਰੱਖਣੀ ਚਾਹੀਦੀ ਹੈ ਪਰ ਇੱਥੇ ਗੰਦਗੀ ਸੁੱਟੀ ਜਾ ਰਹੀ ਹੈ ਜੋ ਪਿੰਡ ਦੀ ਪੰਚਾਇਤ ਨੇ ਗ਼ਲਤ ਕੰਮ ਕੀਤਾ ਹੈ। ਗ਼ਰੀਬ ਕੌਮ ਦੇ ਸ਼ਹੀਦਾਂ ਅੱਗੇ ਇਸ ਤਰ੍ਹਾਂ ਗੰਦਗੀ ਫੈਲਾਉਣੀ ਚੰਗੀ ਗੱਲ ਨਹੀਂ ਹੈ। ਇਸ ਵੇਲੇ ਕੀਰਤਨ ਕਰਨ ਵਾਲੇ ਧਰਮਪਾਲ ਸਿੰਘ ਸੰਗੋਵਾਲੀਆ ਦਾ ਵੀ ਸਨਮਾਨ ਕੀਤਾ ਗਿਆ। ਕਮੇਟੀ ਆਗੂਆਂ ਵਿਚ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਰੌਸ਼ਨ ਸਿੰਘ, ਖ਼ਜ਼ਾਨਚੀ ਕਰਮ ਸਿੰਘ ਦੀ ਅਗਵਾਈ ਵਿਚ ਤਿੰਨ ਦਿਨਾਂ ਦੀਵਾਨ ਸੰਪੰਨ ਹੋਏ। ਪਹਿਲੇ ਦਿਨ ਸੰਤ ਬਾਬਾ ਨਛੱਤਰ ਸਿੰਘ ਕਲਰਭੈਣੀ ਵਾਲੇ,ਕਥਾਵਾਚਕ ਰਾਜਿੰਦਰ ਸਿੰਘ ਨਾਭੇ ਵਾਲੇ, ਕਥਾ ਵਾਚਕ ਅਮਰੀਕ ਸਿੰਘ ਬੋਹੜ ਪੁਰ, ਬਾਬਾ ਰਣਜੀਤ ਸਿੰਘ ਨੱਥੂਮਾਜਰਾ ਵਾਲਿਆਂ ਨੇ ਧਾਰਮਿਕ ਦੀਵਾਨ ਸਜਾਏ, ਦੂਜੇ ਦਿਨ ਬਾਬਾ ਜਗਤਾਰ ਸਿੰਘ ਕਾਠਗੜ੍ਹ ਵਾਲੇ, ਕਥਾਵਾਚਕ ਭਾਈ ਪਿ੍ਰਤਪਾਲ ਸਿੰਘ, ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲਿਆਂ ਨੇ ਸੰਗਤਾਂ ਨੂੰ ਧਾਰਮਿਕ ਬਿਰਤੀਆਂ ਨਾਲ ਜੋੜਿਆ ਜਦ ਕਿ ਤੀਜੇ ਤੇ ਆਖ਼ਰੀ ਦਿਨ ਧਰਮਪਾਲ ਸਿੰਘ ਸੰਗੋਵਾਲੀਆ, ਬਾਬਾ ਸੁਖਵਿੰਦਰ ਸਿੰਘ ਟਿਬੇਵਾਲਿਆਂ ਨੇ ਸੰਗਤਾਂ ਨੂੰ ਗੁਰੂ ਰਸ ਨਾਲ ਸਰਸ਼ਾਰ ਕੀਤਾ।

Leave a Reply

Your email address will not be published. Required fields are marked *