ਲੰਗਰ ਸੇਵਾ ਨਿਰੰਤਰ ਜਾਰੀ, ਸਮਰੱਥਾ ਅਨੁਸਾਰ ਸੰਗਤ ਰਸਦ ਪੁੱਜਦੀ ਕਰੇ : ਕਰਨੈਲ ਸਿੰਘ ਪੰਜੌਲੀ
ਲਾਕਡਾਊਨ ਦੌਰਾਨ ਲੰਗਰ ਸੇਵਾ ਦੀ ਅੰਤਰ ਰਾਸ਼ਟਰੀ ਪੱਧਰ ‘ਤੇ ਹੋ ਰਹੀ ਚਰਚਾ
ਪਟਿਆਲਾ 27 ਅਪ੍ਰੈਲ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ‘ਚ ਪ੍ਰਬੰਧ ਅਧੀਨ ਗੁਰਦੁਆਰਿਆਂ ‘ਚ ਲੰਗਰ ਸੇਵਾ ਨਿਰੰਤਰ ਜਾਰੀ ਹੈ ਅਤੇ ਗੁਰੂ ਘਰ ਦੀ ਲੰਗਰ ਪ੍ਰੰਪਰਾ ਭਵਿੱਖ ‘ਚ ਇਸੇ ਤਰ੍ਹਾਂ ਜਾਰੀ ਰਹੇਗੀ ਹਾਲਾਂਕਿ ਲਾਕਡਾਊਨ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਹਿਰਾਂ, ਪਿੰਡਾਂ ਅਤੇ ਬਸਤੀਆਂ ਤੱਕ ਲੰਗਰ ਸੇਵਾ ਕੀਤੇ ਜਾਣ ਦੀ ਚਰਚਾ ਅੰਤਰ ਰਾਸ਼ਟਰੀ ਪੱਧਰ ‘ਤੇ ਹੋ ਰਹੀ ਹੈ, ਜਦਕਿ ਕੁਝ ਪੰਥਕ ਧਿਰਾਂ ਨੂੰ ਸਿਰਮੌਰ ਸੰਸਥਾ ਪ੍ਰਤੀ ਕੂੜ ਪ੍ਰਚਾਰ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੱਲਬਾਤ ਕਰਦਿਆਂ ਕੀਤਾ।
ਸ਼੍ਰੋਮਣੀ ਕਮੇਟੀ ਮੈਂਬਰ ਨੇ ਅਪੀਲ ਬਾਰੇ ਸੰਗਤਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਕਣਕ ਬਾਰੇ ਅਪੀਲ ਹਰ ਸਾਲ ਸੰਸਥਾ ਵੱਲੋਂ ਇਸ਼ਤਿਹਾਰ ਦੇ ਰੂਪ ‘ਚ ਪ੍ਰਬੰਧ ਨੂੰ ਹੋਰ ਸੁਚਾਰੂ ਰੱਖਣ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੀਤੀ ਅਪੀਲ ਦੇ ਚੱਲਦਿਆਂ ਅੱਜ ਸੰਗਤਾਂ ਫਰਜ਼ ਬਣਦਾ ਹੈ ਜਿਥੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਲਈ ਸਮਰਥਾ ਅਨੁਸਾਰ ਰਸਦ ਪਹੁੰਚਾਈ ਜਾ ਰਹੀ ਹੈ, ਉਥੇ ਹੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਪਾਤਸ਼ਾਹੀ ਨੌਵੇਂ ਬਹਾਦਰਗੜ੍ਹ, ਗੁਰਦੁਆਰਾ ਕਰਹਾਲੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਧਾਰਮਿਕ ਅਸਥਾਨ ਵਿਖੇ ਆਪਣਾ ਯੋਗਦਾਨ ਪਾ ਸਕਦੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਕਾਰਨ ਅੱਜ ਲੋਕ ਮਾਨਸਿਕ, ਸਰੀਰਕ ਅਤੇ ਆਰਥਿਕ ਸੰਕਟ ਜੂਝ ਰਹੇ ਹਨ, ਉਥੇ ਇਸ ਦਾ ਅਸਰ ਵੱਖ-ਵੱਖ ਸੰਸਥਾਵਾਂ ‘ਤੇ ਵੀ ਪਿਆ ਹੈ, ਪਰ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਹਾਲਾਤਾਂ ‘ਚ ਲੰਗਰ ਸੇਵਾ ਦੌਰਾਨ ਨਿਭਾਈ ਭੂਮਿਕਾ ਦੀ ਚਰਚਾ ਰਾਸ਼ਟਰੀ ਅਤੇ ਅੰਤਰ ਰਾਸ਼ਟਰ ਪੱਧਰ ‘ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਅਕਾਦਮਿਕ ਅਤੇ ਮੈਡੀਕਲ ਦੇ ਖੇਤਰ ‘ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਰਨ ਦੁਨੀਆ ਭਰ ‘ਚ ਗੌਰਵਮਈ ਸੰਸਥਾ ਨੂੰ ਵੱਡਾ ਸਤਿਕਾਰ ਮਿਲਿਆ ਹੈ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ।

