ਕਰੋਨਾ ਮਹਾਂਮਾਰੀ ਦੌਰਾਨ ਮਾਸਕ ਬਣਾਕੇ ਸੇਵਾ ਦੇ ਨਾਲ ਨਾਲ ਸਵੈ ਰੋਜ਼ਗਾਰ ਦਾ ਸੁਨੇਹਾ
ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਤੋਂ ਪਾਸ ਵਿਦਿਆਰਥਣਾਂ ਨੇ ਸਵੈ ਸਹਾਇਤਾ ਗਰੁੱਪ ਬਣਾਕੇ ਤਿਆਰ ਕੀਤੇ ਮਾਸਕ
ਪਟਿਆਲਾ, 29 ਅਪ੍ਰੈਲ (ਮਧੂਸਾਰ ਬਿਊਰੋ) ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਅਧੀਨ ਚੱਲ ਰਹੇ ਕਮਿਊਨਿਟੀ ਪੌਲੀਟੈਕਨਿਕ ਸਕੀਮ ਦੇ ਸਿਲਾਈ ਕਢਾਈ ਕੋਰਸ ਦੀਆਂ ਟ੍ਰੇਨਿੰਗ ਲੈ ਚੁੱਕੀਆਂ ਵਿਦਿਆਰਥਣਾਂ ਵੱਲੋਂ ਸੁਪਰ 10 ਨਾਮ ਦੇ ਸਵੈ ਸਹਾਇਤਾ ਗਰੁੱਪ ਰਾਹੀਂ ਕਰੋਨਾ ਵਾਇਰਸ ਮਹਾਂਮਾਰੀ ਸਮੇਂ ਦੌਰਾਨ ਫੇਸ ਮਾਸਕ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਕਮਿਊਨਿਟੀ ਪੌਲੀਟੈਕਨਿਕ ਸਕੀਮ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਕੋਆਰਡੀਨੇਟਰ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਸ. ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ਵਿਚ ਭਾਰਤ ਸਰਕਾਰ ਦੇ ਹੁਨਰ ਵਿਕਾਸ ਮੰਤਰਾਲੇ ਵੱਲੋਂ ਇਸ ਸਕੀਮ ਅਧੀਨ ਛੇ-ਛੇ ਮਹੀਨੇ ਦੇ ਸਿਲਾਈ ਕਢਾਈ, ਬਿਊਟੀਸ਼ੀਅਨ ਕਾਰਪੈਂਟਰ ਵੈਲਡਰ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ। ਇਹਨਾਂ ਵਿੱਚੋਂ ਸਿਲਾਈ ਕਢਾਈ ਦਾ ਕੋਰਸ ਕਰਨ ਵਾਲੀਆਂ 10 ਸਿਖਿਆਰਥਣਾਂ ਦਾ ਸਵੈ ਸਹਾਇਤਾ ਸੁਪਰ 10 ਗਰੁੱਪ ਬਣਾਇਆ ਗਿਆ ਅਤੇ ਨਗਰ ਨਿਗਮ ਪਟਿਆਲਾ ਵਿੱਚ ਇਸਨੂੰ ਸੂਚੀਬੱਧ ਕਰਵਾਇਆ ਗਿਆ ਸੀ। ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਐਨ.ਯੂ.ਐਲ.ਐਮ. ਦੇ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਦੇ ਦਿਸ਼ਾ-ਨਿਰਦੇਸ਼ ਤਹਿਤ ਇਹਨਾਂ ਸੁਹਾਣੀਆਂ ਨੂੰ ਕੱਪੜਾ ਅਤੇ ਰੀਲਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵਾਜਬ ਉਜਰਤ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਗਰੁੱਪ ਦੀ ਮੈਂਬਰ ਕੋਮਲ ਨੇ ਦੱਸਿਆ ਕਿ ਇਸ ਨਾਲ ਜਿਥੇ ਸਾਨੂੰ ਇਸ ਔਖ ਦੀ ਘੜੀ ਵਿੱਚ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲ ਰਿਹਾ ਉਥੇ ਘਰ ਵਿੱਚ ਹੀ ਰੋਜ਼ਗਾਰ ਪ੍ਰਾਪਤ ਹੋਇਆ ਹੈ, ਅਤੇ ਅਸੀਂ ਲੌਕ ਡਾਊਨ ਦੇ ਸਮੇਂ ਘਰ ਬੈਠੇ ਹੀ ਕਮਾਈ ਕਰ ਰਹੀਆਂ ਹਾਂ।
ਪ੍ਰੋ ਅਨਟਾਲ ਨੇ ਦੱਸਿਆ ਕਿ ਉਪਰੋਕਤ ਮਾਸਕ ਸੂਤੀ ਕੱਪੜੇ ਤੋਂ ਤਿਆਰ 3 ਪਰਤਾਂ ਦੇ ਮਾਸਕ ਹਨ ਅਤੇ ਇਸ ਕਾਰਜ ਲਈ ਐਨ.ਯੂ.ਐਲ.ਐਮ. ਦੇ ਪਟਿਆਲਾ ਸਰਕਲ ਦੇ ਇੰਚਾਰਜ ਅਵਿਨਾਸ਼ ਵੱਲੋਂ ਸਮੇਂ ਸਮੇਂ ਗਰੁੱਪ ਦੀਆਂ ਮਹਿਲਾਵਾਂ ਨੂੰ ਦਿਸ਼ਾ-ਨਿਰਦੇਸ਼ ਅਤੇ ਕੱਪੜਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਤਿਆਰ ਸਮਾਨ ਨੂੰ ਘਰ ਤੋਂ ਇਕੱਤਰ ਕਰਵਾ ਲਿਆ ਜਾਂਦਾ ਹੈ। ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਵੱਲੋਂ ਵਿਦਿਆਰਥਣਾਂ ਦੇ ਇਸ ਉੱਦਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਉੱਦਮ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਸਕੀਮ ਅਧੀਨ ਨਵੀਂ ਸਵੇਰ ਦਾ ਸੁਨੇਹਾ ਹੈ। ਉਨ੍ਹਾਂ ਸਿਖਿਆਰਥਣਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਇਸ ਕਾਰਜ ਨੂੰ ਪੰਜਾਬ ਦੇ ਲਘੂ ਉਦਯੋਗ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਦੱਸਿਆ।

