ਸਰਕਾਰ ਨੇ ਕੀਤਾ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ 18 ਪ੍ਰਤੀਸ਼ਤ ਦਾ ਵਾਧਾ
ਪਟਿਆਲਾ 29 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਕੋਰੋਨਾ ਵਾਈਰਸ (ਕੋਵਿਡ-19) ਦੀ ਜੰਗ ਲੜ ਰਹੇ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਕਰਮਚਾਰੀ ਜੋ ਕਿ 27 ਅਪ੍ਰੈਲ ਤੋਂ ਪੰਜਾਬ ਸਰਕਾਰ ਪ੍ਰਤੀ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਜਾਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੁਲਰ ਕੀਤਾ ਜਾਵੇ। ਇਸ ਸੰਬੰਧੀ ਸਿਹਤ ਮੰਤਰੀ ਪੰਜਾਬ ਨੇ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਸ. ਅਮਰਜੀਤ ਸਿੰਘ ਨੂੰ ਸਮੇਤ ਸਟੇਟ ਬਾਡੀ ਬੀਤੀ ਰਾਤ ਆਪਣੀ ਰਿਹਾਇਸ਼ ਚੰਡੀਗੜ੍ਹ ਵਿਖੇ ਬੁਲਾਇਆ।
ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਜੀ ਨੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ 13500 ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ 18 ਪ੍ਰਤੀਸ਼ਤ ਵਾਧੂ ਵਾਧਾ ਦੇ ਕੇ ਤਨਖਾਹਾਂ ਵਧਾ ਦਿੱਤੀਆਂ ਗਈਆਂ ਜਿਸ ਵਿੱਚ ਕਰਮਚਾਰੀਆਂ ਨੂੰ ਮਿਲਣ ਵਾਲਾ ਸਲਾਨਾ ਵਾਧਾ 6 ਪ੍ਰਤੀਸ਼ਤ ਵੀ ਸ਼ਾਮਿਲ ਹੈ। ਇਸ ਤੇ ਯੂਨੀਅਨ ਦੇ ਆਗੂਆਂ ਨੇ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ, ਮਿਸ਼ਨ ਡਾਇਰੈਕਟਰ ਸ਼੍ਰੀ ਕੁਮਾਰ ਰਾਹੁਲ, ਡਾਇਰੈਕਟਰ ਐਨ.ਐਚ.ਐਮ ਸ਼੍ਰੀ ਪਰਵਿੰਦਰਪਾਲ ਸਿੰਘ ਸਿੱਧੂ, ਡਾਇਰੈਕਟਰ ਫਾਇਨਾਂਸ ਸ਼੍ਰੀ ਨੀਰਜ ਸਿੰਗਲਾ ਅਤੇ ਐਚ.ਐਰ. ਮੈਨੇਜਰ ਸ਼੍ਰੀਮਤੀ ਦੀਪਸ਼ਿਖਾ ਦਾ ਬਹੁਤ ਧੰਨਵਾਦ ਕੀਤਾ। ਇਸ ਵਾਧੇ ਤੋਂ ਬੇਸ਼ੱਕ ਘੱਟ ਤਨਖਾਹਾਂ ਵਾਲੇ ਕਰਮਚਾਰੀਆਂ ਨੂੰ ਬਹੁਤ ਹੀ ਘੱਟ ਫਾਇਦਾ ਹੋਇਆ ਹੈ ਤੇ ਉਨ੍ਹਾਂ ਵਿੱਚ ਨਿਰਾਸ਼ਾ ਪਾਈ ਗਈ ਹੈ। ਘੱਟ ਤਨਖਾਹਾਂ ਵਧਣ ਵਾਲੇ ਕਰਮਚਾਰੀਆਂ ਲਈ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਜੇਕਰ ਐਨ.ਐਚ.ਐਮ. ਕਰਮਚਾਰੀ ਕੋਰੋਨਾ ਦੀ ਜੰਗ ਵਿੱਚ ਜਿੱਤ ਜਾਂਦੇ ਹਨ ਅਤੇ ਕੋਰੋਨਾ ਨੂੰ ਪੰਜਾਬ ਵਿੱਚੋਂ ਮੁਕੰਮਲ ਖਤਮ ਕਰ ਦਿੰਦੇ ਹਨ ਤਾਂ ਇਨਾਮ ਵਜੋਂ ਇਨ੍ਹਾਂ ਦੀਆਂ ਸੇਵਾਵਾਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇਗਾ ਜਿਸ ਨਾਲ ਇਨ੍ਹਾਂ ਦੀ ਨਿਰਾਸ਼ਾ ਵੀ ਦੂਰ ਕਰ ਦਿੱਤੀ ਜਾਵੇਗੀ । ਮੈਡਮ ਦੀਪਸ਼ਿਖਾ ਐਚ.ਆਰ. ਮੈਨੇਜਰ ਨੇ ਦੱਸਿਆ ਕਿ ਸਟੇਟ ਪੱਧਰ ਤੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਠੇਕੇ ਤੇ ਭਰਤੀ ਕੀਤੇ ਮੁਲਾਜਮਾ ਲਈ ਇੱਕ ਐਚ.ਆਰ. ਪਾਲਿਸੀ ਬਣ ਰਹੀ ਹੈ ਜਿਸ ਵਿੱਚ ਕਰਮਚਾਰੀਆਂ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ, ਕਮਾਈ ਛੁੱਟੀ ਤੋਂ ਇਲਾਵਾ ਹੋਰ ਕਾਫੀ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਵਾਹੀਦ, ਅਵਤਾਰ ਸਿੰਘ ਚੀਫ ਓਰਗਨਾਈਜ਼ਰ, ਡਾ. ਇੰਦਰਜੀਤ ਰਾਣਾ, ਕਿਰਨਜੀਤ ਕੌਰ, ਡਾ. ਹਰਨਵ ਸਿੱਧੂ (ਪੈਰਾਮੈਡੀਕਲ ਯੂਨੀਅਨ), ਰਮਨਪ੍ਰੀਤ ਕੌਰ, ਮਨਿੰਦਰ ਸਿੰਘ, ਰਵਿੰਦਰ ਕੁਮਾਰ, ਸੁਖਜੀਤ ਸਿੰਘ, ਰਾਜਵਿੰਦਰ ਕੌਰ, ਜਸਵੀਰ ਸਿੰਘ, ਡਾ. ਪ੍ਰਿਅੰਕਾ ਭੰਡਾਰੀ, ਅਰੁਣ ਦੱਤ ਆਦਿ ਹਾਜਰ ਸਨ।

