ਪੰਜਾਬਪਟਿਆਲਾ

ਕੋਟ ਖ਼ਾਲਸਾ ਵਿਖੇ ਪਾਵਨ ਗੁਰਬਾਣੀ ਪੋਥੀਆਂ ਦੀ ਬੇਅਦਬੀ ਮਾਮਲੇ ‘ਚ ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ 3 ਮਈ (ਸੋਨੂੰ ਨਰੂਲਾ/ਸੁਖਬੀਰ/ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਥਾਨਕ ਕੋਟ ਖ਼ਾਲਸਾ ਇਲਾਕੇ ਅੰਦਰ ਪੈਂਦੇ ਮੁਹੱਲਾ ਗੁਰੂ ਨਾਨਕ ਪੁਰਾ ਵਿਖੇ ਗੁਰਬਾਣੀ ਦੀਆਂ ਪਾਵਨ ਪੋਥੀਆਂ ਤੇ ਗੁਟਕਾ ਸਾਹਿਬ ਦੀ ਦੀ ਕੀਤੀ ਗਈ ਬੇਅਦਬੀ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਕਿ ਦੋਸ਼ੀ ਪਰਿਵਾਰ ਖ਼ਿਲਾਫ਼ ਪਰਚਾ ਦਰਜ ਕਰਦਿਆਂ ਗ੍ਰਿਫ਼ਤਾਰੀ ਕੀਤੀ ਗਈ ਹੈ । ਫਿਰ ਵੀ ਇਸ ਹਿਰਦੇਵੇਧਕ ਘਟਨਾ ਪਿੱਛੇ ਕਾਰਜਸ਼ੀਲ ਸ਼ਕਤੀਆਂ ਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ। ਇਸ ਘਟਨਾ ‘ਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਹਿਰਦੇਵੇਧਕ ਘਟਨਾਵਾਂ ਦਾ ਕਿਸੇ ਨਾ ਕਿਸੇ ਰੂਪ ‘ਚ ਜਾਰੀ ਰਹਿਣਾ ਬੇਹੱਦ ਦੁਖਦਾਈ ਹੈ । ਸਿੱਖ ਹਿਰਦੇ ਵਾਰ ਵਾਰ ਵਲੂੰਧਰੇ ਜਾ ਰਹੇ ਹਨ। ਬੇਅਦਬੀਆਂ ਲਈ ਦੋਸ਼ੀਆਂ ਪ੍ਰਤੀ ਸਰਕਾਰ ਦੀ ਢਿੱਲਮੱਠ ਵਾਲੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਸਰਕਾਰ ਸ਼ਰਾਰਤੀ ਅਨਸਰਾਂ ਦੇ ਹੌਸਲੇ ਤੋੜਨ ‘ਚ ਨਾਕਾਮ ਰਹੀ। ਦਮਦਮੀ ਟਕਸਾਲ ਮੁਖੀ ਨੇ ਮੁਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਬੇਅਦਬੀ ਦੀਆਂ ਅਫ਼ਸੋਸਨਾਕ ਘਟਨਾਵਾਂ ਨੇ ਰਾਜ ਦੇ ਅਮਨ ਕਾਨੂੰਨ ਅਤੇ ਸਿਆਸੀ ਫ਼ਿਜ਼ਾ ਨੂੰ ਹਿਲਾ ਕੇ ਰੱਖ ਦਿਤਾ ਸੀ। ਉਨ੍ਹਾਂ ਸਰਕਾਰ ਨੂੰ ਧਾਰਮਿਕ ਮਾਮਲਿਆਂ ਪ੍ਰਤੀ ਸਖ਼ਤ ਰਵਈਆ ਅਪਣਾਉਣ ਅਤੇ ਸਿੱਖ ਸੰਗਤਾਂ ਨੂੰ ਪਾਵਨ ਗੁਰਬਾਣੀ ਪੋਥੀਆਂ ਦੀ ਸੇਵਾ ਸੰਭਾਲ ਵੱਲ ਵਿਸ਼ੇਸ਼ ਤਵੱਜੋ ਦੇਣ, ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਤੋਂ ਇਲਾਵਾ ਸੂਬੇ ‘ਚ ਅਮਨ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਬਣਾਈ ਰਖਣ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *