ਪਟਿਆਲਾ ਜ਼ਿਲ੍ਹੇ ਤੋਂ ਆਪਣੇ ਪਿਤਰੀ ਰਾਜਾਂ ਨੂੰ ਵਾਪਸ ਜਾਣ ਲਈ ਹੁਣ ਤੱਕ 20 ਹਜ਼ਾਰ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ
ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਵਾਸੀਆਂ ਨੂੰ ਵਾਪਸ ਭੇਜਿਆ-ਡਿਪਟੀ ਕਮਿਸ਼ਨਰ
ਪਟਿਆਲਾ 4 ਮਈ (ਰਮਨਦੀਪ/ਮਧੂਸਾਰ ਬਿਉਰੋ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਨਾਲ ਕੀਤੇ ਗਏ ਤਾਲਮੇਲ ਬਾਅਦ ਦੇਸ਼ ਵਿਆਪੀ ਲਾਕ ਡਾਊਨ ਅਤੇ ਕਰਫਿਊ ਕਰਕੇ ਹੋਰਨਾਂ ਰਾਜਾਂ ਦੇ ਪੰਜਾਬ ‘ਚ ਫਸੇ ਅਤੇ ਵਾਪਸੀ ਦੇ ਚਾਹਵਾਨ ਵਿਅਕਤੀਆਂ ਨੂੰ ਪਟਿਆਲਾ ਜ਼ਿਲ੍ਹੇ ਵਿੱਚੋਂ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਦੋਂਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਲਿੰਕ http://www.covidhelp.punjab.gov.in/PunjabOutRegistration.aspx ‘ਤੇ ਜ਼ਿਲ੍ਹੇ ਅੰਦਰ ਹੁਣ ਤੱਕ ਕੋਈ 20 ਹਜ਼ਾਰ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਜੰਮੂ ਤੇ ਕਸ਼ਮੀਰ ਦੇ 500 ਅਤੇ ਰਾਜਸਥਾਨ ਦੇ 145 ਬਸ਼ਿੰਦਿਆਂ ਨੂੰ ਬੱਸਾਂ ਰਾਹੀਂ ਵਾਪਸ ਭਿਜਵਾਇਆ ਗਿਆ ਹੈ। ਇਨ੍ਹਾਂ ਦੀ ਅੱਜ ਸਮਾਣਾਂ ਤੇ ਪਾਤੜਾਂ ਤੋਂ ਰਵਾਨਗੀ ਕਰਵਾਈ ਗਈ ਅਤੇ ਇਸ ਤੋਂ ਪਹਿਲਾਂ ਬੱਸਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਤੇ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕਰਕੇ ਸਰਟੀਫਿਕੇਟ ਜਾਰੀ ਕੀਤੇ ਗਏ। ਜਾਣ ਤੋਂ ਪਹਿਲਾਂ ਇਨ੍ਹਾਂ ਨੂੰ ਭੋਜਨ ਦੇ ਪੈਕੇਟ ਅਤੇ ਪਾਣੀ ਵੀ ਪ੍ਰਦਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਕੀ ਸਬੰਧਤ ਰਾਜਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਕਿ ਦੂਸਰੇ ਰਾਜਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਪਿੱਤਰੀ ਰਾਜਾਂ ਨੂੰ ਭੇਜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਲਈ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਅਗਵਾਈ ਆਬਕਾਰੀ ਤੇ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੈ ਕਰ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ‘ਚ ਦਾਖਲੇ ਲਈ ਪਟਿਆਲਾ ਜ਼ਿਲ੍ਹੇ ਅੰਦਰ 4 ਦਾਖਲਾ ਨਾਕੇ ਹਨ, ਜਿੱਥੋਂ ਪਿਛਲੇ 4 ਦਿਨਾਂ ‘ਚ 12 ਹਜ਼ਾਰ ਲੋਕ ਪੰਜਾਬ ਆਏ ਹਨ ਅਤੇ ਇਨ੍ਹਾਂ ਵਿੱਚੋਂ 3000 ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਜਾਂ ਸਰਕਾਰੀ ਇਕਾਂਤਵਾਸ ਕੇਂਦਰਾਂ ‘ਚ ਕਵਾਰੰਟਾਈਨ ਕੀਤਾ ਗਿਆ ਹੈ।
ਉਨ੍ਹਾਂ ਹੋਰ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਰਹਿ ਰਹੇ ਅਜਿਹੇ ਵਿਅਕਤੀਆਂ ਦੀ ਸਹੂਲਤ ਲਈ ਹੈਲਪਲਾਈਨ ਸ਼ੁਰੂ ਕੀਤੀ ਗਈ ਸੀ ਜਿਸ ਦੇ ਫੋਨ ਨੰਬਰ ਪਟਿਆਲਾ ਅਤੇ ਦੂਧਨ ਸਾਧਾਂ ਲਈ 0175-2355800, 0175-5191263, ਸਮਾਣਾ ਅਤੇ ਪਾਤੜਾਂ ਲਈ 0175-2358560, ਨਾਭਾ ਲਈ 0175-2353523 ਤੇ ਰਾਜਪੁਰਾ ਲਈ 0175-2311315 ਜਾਰੀ ਕੀਤੇ ਗਏ ਸਨ।

