ਪੰਜਾਬਪਟਿਆਲਾ

ਲਾਕਡਾਊਨ-4 : ਹਿਜਰਤ ਕਰਨ ਵਾਲੇ ਪਰਵਾਸੀਆਂ ਲਈ ਲੰਗਰ ਲੈ ਕੇ ਪੁੱਜੇ ਸ਼੍ਰੋਮਣੀ ਕਮੇਟੀ ਮੁਲਾਜ਼ਮ

ਕਰਫਿਊ ਅਤੇ ਲਾਕਡਾਊਨ ਦੌਰਾਨ ਪਟਿਆਲਾ ਅਧੀਨ ਵੱਖ-ਵੱਖ ਥਾਵਾਂ ‘ਤੇ ਰੋਜ਼ਾਨਾ 5000 ਵਿਅਕਤੀਆਂ ਤੱਕ ਪਹੁੰਚਾਇਆ ਲੰਗਰ
ਪਟਿਆਲਾ 21 ਮਈ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ‘ਚ ਲੰਗਰ ਸੇਵਾ ਨਿਰਵਿਘਨ ਜਾਰੀ ਹੈ, ਜਿਸ ਤਹਿਤ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਬਿਹਾਰ, ਯੂਪੀ., ਮਹਾਂਰਾਸ਼ਟਰ ਤੋਂ ਇਲਾਵਾ ਵੱਖ-ਵੱਖ ਪਿੱਤਰੀ ਰਾਜਾਂ ਲਈ ਭੇਜੇ ਜਾ ਰਹੇ ਪਰਵਾਸੀ ਮਜ਼ਦੂਰਾਂ ਨੂੰ ਲੰਗਰ ਛਕਾਉਣ ਲਈ ਮੁੜ ਤੋਂ ਫਰੰਟ ਲਾਈਨ ‘ਤੇ ਆ ਕੇ ਲੰਗਰ ਸੇਵਾਵਾਂ ਲਈ ਆ ਡਟੇ ਹਨ।

ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਆਪੋ-ਆਪਣੇ ਰਾਜਾਂ ਲਈ ਹਿਜਰਤ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਲੰਗਰ ਛਕਾਉਣ ਲਈ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਮੁੜ ਕਮਾਨ ਸੰਭਾਲੀ ਹੈ, ਜਿਨਾਂ ਨੇ ਵੱਡੀ ਗਿਣਤੀ ‘ਚ ਇਕੱਤਰ ਪਰਵਾਸੀ ਮਜ਼ਦੂਰਾਂ ‘ਚ ਸ਼ਾਮਲ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਲੰਗਰ ਛਾਇਆ। ਅੱਜ ਸਵੇਰੇ ਪਰਵਾਸੀ ਮਜ਼ਦੂਰਾਂ ਨੂੰ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਪੀਆਰਟੀਸੀ ਬੱਸਾਂ ਰਾਹੀਂ ਲਿਆਂਦੇ ਗਏ ਪਰਵਾਸੀਆਂ ਨੂੰ ਬੱਸਾਂ ਅੰਦਰ ਲੰਗਰ ਪਹੁੰਚਾਉਣ ਤੋਂ ਇਲਾਵਾ ਓਵਰ ਬ੍ਰਿਜ ਹੇਠ ਬੈਠੇ ਪਰਵਾਸੀਆਂ ਨੂੰ ਕਤਾਰਾਂ ‘ਚ ਬਿਠਾ ਕੇ ਲੰਗਰ ਛਕਾਇਆ ਗਿਆ।
ਕੋਰੋਨਾ ਮਹਾਂਮਾਰੀ ਸੰਕਟ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਹਿਰਾਂ ਪਿੰਡਾਂ ਤੋਂ ਇਲਾਵਾ ਝੁੱਗੀ-ਝੌਂਪੜੀਆਂ ਅਤੇ ਬਸਤੀਆਂ ‘ਚ ਲੋੜਵੰਦਾਂ ਤੱਕ ਲੰਗਰ ਦੀ ਸੇਵਾ ਜਾਰੀ ਰਹੀ ਹੈ। ਕਰਫਿਊ ਅਤੇ ਲਾਕਡਾਊਨ ਤੋਂ ਬਾਅਦ 22 ਮਾਰਚ ਤੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਵੱਖ-ਵੱਖ ਥਾਵਾਂ ਲਈ ਰੋਜ਼ਾਨਾ 5000 ਵਿਅਕਤੀਆਂ ਤੱਕ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਰਿਹਾ ਹੈ। ਪਟਿਆਲਾ ਖੇਤਰ ਅਧੀਨ ਕਾਲੋਨੀਆਂ ਤੋਂ ਇਲਾਵਾ ਰਾਜਪੁਰਾ ਨੇੜੇ ਪਿੰਡ ਨੀਰਪੁਰ, ਪਿੰਡ ਜਨਸੂਆ, ਪਿੰਡ !ਲਸੁਈ, ਗਿੱਲ ਢਾਬਾ ਨੇੜੇ ਝੁੱਗੀਆਂ, ਨਿਊ ਮਹਿਦਰਾ ਕਾਲੋਨੀ, ਊਧਮ ਸਿੰਘ ਨਗਰ, ਬਲੌਮ ਇਨਕਲਵੇ ਨਾੜਾ ਰੋਡ ਤੋਂ ਇਲਾਵਾ ਸ਼ਹਿਰ ਦੇ 50 ਦੇ ਕਰੀਬ ਵੱਖ-ਵੱਖ ਥਾਵਾਂ ‘ਤੇ ਲੰਗਰ ਸੇਵਾ ਨਿਰਵਿਘਨ ਜਾਰੀ ਰੱਖੀ ਗਈ ਹੈ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ, ਮਨੁੱਖਤਾ ਦਾ ਕਲਿਆਣ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹੈ ਅਤੇ ਅੱਜ ਸੰਕਟ ਦੇ ਇਸ ਦੌਰ ‘ਚ ਸ਼੍ਰੋਮਣੀ ਕਮੇਟੀ ਚਿੰਤਤ ਹੀ ਨਹੀਂ ਯਤਨਸ਼ੀਲ ਵੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਅਮਰਪਾਲ ਸਿੰਘ, ਕਰਤਾਰ ਸਿੰਘ, ਆਤਮ ਪ੍ਰਕਾਸ਼ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *