ਅਮਰ ਰਹੇ ਸ਼ਹੀਦ ਮਨਦੀਪ ਸਿੰਘ ਨੂੰ ਪਿੰਡ ਸੀਲ ‘ਚ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਰਾਜਨੀਤਕ, ਸਮਾਜਕ, ਧਾਰਮਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਿੱਤੀ ਸ਼ਰਧਾਂਜਲੀ
ਸੜਕ ਕਿਨਾਰੇ ਖੜੇ ਲੋਕਾਂ ਨੇ ਜੈ ਭਾਰਤ ਮਾਤਾ ਅਤੇ ਅਮਰ ਰਹੇ ਸ਼ਹੀਦ ਮਨਦੀਪ ਸਿੰਘ ਦੇ ਲਗਾਏ ਨਾਅਰੇ
ਪਟਿਆਲਾ 18 ਜੂਨ (ਰਮਨਦੀਪ ਸਿੰਘ/ਮਧੂਸਾਰ ਬਿਊਰੋ) ਭਾਰਤ-ਚੀਨ ਕੰਟਰੋਲ ਰੇਖਾ ਵਿਖੇ ਗਲਵਾਨ ‘ਚ ਹੋਈ ਮੁੱਠਭੇੜ ਦੌਰਾਨ ਚੀਨੀ ਸੈਨਿਕਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੀ ਅੱਜ ਬਾਅਦ ਦੁਪਹਿਰ ਪਟਿਆਲਾ ਪੁੱਜੀ। ਚੀਫ ਆਫ ਆਰਮੀ ਸਟਾਫ ਵੱਲੋਂ ਬ੍ਰਿਗੇਡੀਅਰ ਅਤੁੱਲ ਭੱਟ ਦੀ ਅਗਵਾਈ ‘ਚ ਫੌਜੀ ਜਵਾਨਾਂ ਵੱਲੋਂ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਰਾਸ਼ਟਰੀ ਝੰਡੇ ‘ਚ ਲਪੇਟ ਕੇ ਪੂਰੇ ਸਨਮਾਨ ਨਾਲ ਪਿੰਡ ਸੀਲ ਲਿਆਂਦਾ ਗਿਆ, ਜਿਥੇ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਨੂੰ ਹਜ਼ਾਰਾਂ ਨਮ ਅੱਖਾਂ ਨੇ ਸ਼ਹੀਦ ਦੇ ਜੱਦੀ ਪਿੰਡ ਸੀਲ ਪਹੁੰਚ ਕੇ ਸ਼ਰਧਾਂਜਲੀ ਅਰਪਿਤ ਕੀਤੀ। ਸ਼ਹੀਦ ਜਵਾਨ ਦੀ ਮ੍ਰਿਤਕ ਦੇ ਪਿੰਡ ਪੁੱਜਣ ਦੀ ਉਡੀਕ ਵਿਚ ਪਿੰਡ ਸੀਲ ਤੱਕ ਸੜਕ ਕਿਨਾਰੇ ਖੜੇ ਲੋਕਾਂ ਨੇ ਫੁੱਲਾਂ ਦੀ ਵਰਖਾ ਅਤੇ ਜੈ ਭਾਰਤ ਮਾਤਾ ਅਤੇ ਅਮਰ ਸ਼ਹੀਦ ਮਨਦੀਪ ਸਿੰਘ ਦਾ ਨਾਅਰੇ ਲਗਾਕੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹੀਦ ਮਨਦੀਪ ਸਿੰਘ ਨੂੰ ਮਾਤਾ ਸ਼ਕੁੰਤਲਾ, ਪਤਨੀ ਗੁਰਦੀਪ ਕੌਰ, ਬੇਟਾ ਜੋਬਨਪ੍ਰੀਤ ਸਿੰਘ, ਬੇਟੀ ਮਹਿਕਮਪ੍ਰੀਤ ਕੌਰ ਨੇ ਨਮ ਅੱਖਾਂ ਨਾਲ ਸਲੂਟ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਅਤੇ ਬੇਟੇ ਜੋਬਨਪ੍ਰੀਤ ਸਿੰਘ ਨੇ ਆਪਣੀ ਪਿਤਾ ਦੀ ਚਿਖਾ ਨੂੰ ਅਗਨੀ ਵਿਖਾਈ।
ਪਿੰਡ ਵਿਖੇ ਮ੍ਰਿਤਕ ਦੇਹ ਦੇ ਪੁੱਜਣ ਤੋਂ ਪਹਿਲਾਂ ਹੀ ਰਾਜਨੀਤਕ, ਸਮਾਜਕ, ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਪੁੱਜੇ ਹੋਏ ਸਨ। ਇਸ ਮੌਕੇ ਹਰ ਅੱਖ ਨਮ ਨਜ਼ਰ ਆ ਰਹੀ ਸੀ। ਸ਼ਹੀਦ ਮਨਦੀਪ ਸਿੰਘ ਦੇ ਘਰ ਰਿਸ਼ਤੇਦਾਰ, ਸਕੇ ਸਬੰਧੀਆਂ ਜਿਥੇ ਵਿਰਲਾਪ ਕਰ ਰਹੇ ਸਨ, ਉਥੇ ਹੀ ਸਮੁੱਚਾ ਪਿੰਡ ਹੀ ਸੋਗ ‘ਚ ਡੁੱਬਾ ਰਿਹਾ। ਨਾਇਬ ਸੂਬੇਦਾਰ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਬਾਅਦ ਦੁਪਹਿਰ 3.00 ਵਜੇ ਫੌਜੀ ਜਵਾਨਾਂ ਵੱਲੋਂ ਸਰਕਾਰੀ ਸਨਮਾਨ ਨਾਲ ਪਿੰਡ ਲਿਆਂਦਾ ਗਿਆ। ਪਿੰਡ ਪੁੱਜਣ ‘ਤੇ ਸ਼ਹੀਦ ਜਵਾਨ ਮਨਦੀਪ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਸਾਰੇ ਪਿੰਡ ਗੂੰਜ ਉਠਿਆ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨਿਕ ਵੱਲੋਂ ਸਮਾਜਕ ਦੂਰੀ ਬਣਾਈ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਰਾਜਨੀਤਕ ਸਖਸ਼ੀਅਤਾਂ ‘ਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਦੇ ਵਿਧਾਇਕ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਵਿਧਾਇਕ ਸਾਧੂ ਸਿੰਘ ਧਰਮਸੋਤ, ਨਾਭਾ ਦੇ ਇੰਚਾਰਜ ਕਬੀਰਦਾਸ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸਡੀਐਮ ਚਰਨਜੀਤ ਸਿੰਘ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਅਸ਼ਵਨੀ ਭੱਤਾ ਚੇਅਰਮੈਨ, ਮੈਨੇਜਰ ਕਰਨੈਲ ਸਿੰਘ, ਹਰਵਿੰਦਰ ਹਰਪਾਲ ਪੁਰ ਆਦਿ ਹਾਜ਼ਰ ਸਨ।
ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਦਾ ਸਾਥ ਦੇਵੇਗੀ ਸਰਕਾਰ : ਮਦਨ ਲਾਲ ਜਲਾਲਪਰ
ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਨੇ ਝੜੱਪ ਦੌਰਾਨ ਚੀਨੀ ਸੈਨਿਕਾਂ ਨੂੰ ਬਹਾਦਰੀ ਅਤੇ ਦਲੇਰੀ ਨਾਲ ਮੂੰਹ ਤੋੜ ਕੇ ਜਵਾਬ ਦਿੱਤਾ ਅਤੇ ਆਪਣੀ ਸ਼ਹਾਦਤ ਦਿੱਤੀ, ਜੋ ਕਿਸੇ ਵੀ ਕੀਮਤ ਵਿਚ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਘਾਟਾ ਸਿਰਫ ਕੇਵਲ ਪਰਿਵਾਰ ਲਈ ਨਹੀਂ ਬਲਕਿ ਸਮੁੱਚੇ ਦੇਸ਼ ਨੂੰ ਪਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਹਾਦਰ ਜਵਾਨ ਨਾਇਬ ਸੂਬੇਦਾਰ ਮਨਦੀਪ ਸਿੰਘ ‘ਤੇ ਪੂਰਾ ਰਾਸ਼ਟਰ ਮਾਣ ਕਰ ਰਿਹਾ ਹੈ। ਵਿਧਾਇਕ ਜਲਾਲਪੁਰ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨਾਲ ਕੇਵਲ ਹਲਕਾ ਵਿਧਾਇਕ ਹੋਣ ਦੇ ਨਾਤੇ ਹਰ ਸੰਭਵ ਮਦਦ ਕਰਾਂਗੇ ਅਤੇ ਪੰਜਾਬ ਸਰਕਾਰ ਵੀ ਪਰਿਵਾਰ ਦਾ ਹਰ ਸੰਭਵ ਸਾਥ ਦੇਵੇਗੀ।

