ਪੰਜਾਬਪਟਿਆਲਾ

ਮਾਮਲਾ ਸਮਾਰਟ ਫੋਨ ਵੰਡਣ ਦਾ : ਜਾਨਾਂ ਨਾਲ ਖਿਲਵਾੜ ਕਰਨ ਵਾਲੇ ਹੈਰੀਮਾਨ ਤੇ ਧਰਮਸੋਤ ਖਿਲਾਫ਼ ਹੋਵੇ ਸਖਤ ਕਾਰਵਾਈ : ਵਿਧਾਇਕ ਚੰਦੂਮਾਜਰਾ

ਹੈਰੀਮਾਨ ਅਤੇ ਸਾਧੂ ਸਿੰਘ ਧਰਮਸੋਤ ਸਮੇਤ ਸਕੂਲ ਦੇ ਹੈਡ ਟੀਚਰ ਅਤੇ ਡੀਈਓ ਖਿਲਾਫ਼ ਹੋਵੇ ਸਖਤ ਕਾਰਵਾਈ
ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਆਪਣਾ ਸਪੱਸ਼ਟੀਕਰਨ ਦੇਣ
ਸਰਕਾਰੀ ਸਕੂਲਾਂ ‘ਚ ਸਮਾਰਟ ਫੋਨ ਵੰਡੇ ਜਾਣ ਦਾ ਮਾਮਲਾ ਗਰਮਾਇਆ
ਪਟਿਆਲਾ 16 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੋਰੋਨਾ ਮਹਾਂਮਾਰੀ ਕਾਰਨ ਜ਼ਿਲ੍ਹਾ ਪਟਿਆਲਾ ‘ਚ ਦਿਨ-ਬ-ਦਿਨ ਲਗਾਤਾਰ ਵੱਧ ਰਹੇ ਕੇਸਾਂ ਦੇ ਵੱਧਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ, ਉਥੇ ਹੀ ਸਨੌਰ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਇਕੱਠ ਕਰਕੇ ਸਮਾਰਟ ਫੋਨ ਵੰਡੇ ਜਾਣ ਨੂੰ ਹੋਛੀ ਤੇ ਝੂਠੀ ਸਿਆਸਤ ਕਰਾਰ ਦਿੱਤਾ।

ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਤਿਆਦ ਵਜੋਂ ਹਰ ਰੋਜ਼ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਵੀ ਪਾਲਣਾ ਕਰ ਰਿਹਾ ਹੈ, ਪਰ ਦੂਜੇ ਪਾਸੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹੋਟੀ ਤੇ ਝੂਠੀ ਸਿਆਸਤ ਕਰਨ ਲਈ ਸਕੂਲੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਕੇ ਬੱਚਿਆਂ ਦੀ ਜਾਨਾਂ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ।
ਵਿਧਾਇਕ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਸਰਕਾਰੀ ਕੰਨਿਆ ਹਾਈ ਸਕੂਲ ‘ਚ ਵਿਦਿਆਰਥੀਆਂ ਨੂੰ ਬੁਲਾ ਕੇ ਸਮਾਰਟ ਫੋਨ ਵੰਡੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਕੋਰੋਨਾ ਕਹਿਰ ਦੇ ਚੱਲਦਿਆਂ ਪੰਜਾਬ ਭਰ ‘ਚ ਸਰਕਾਰੀ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਤ ਹੋ ਰਹੀ ਹੈ, ਉਥੇ ਕਾਂਗਰਸੀ ਆਗੂ ਸਕੂਲਾਂ ‘ਚ ਸਮਾਗਮ ਰੱਖ ਕੇ ਬੱਚਿਆਂ ਦੀ ਜਾਨਾਂ ਨਾਲ ਖਿਲਵਾੜ ਕਰਦੇ ਹੋਏ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਵੀ ਉਡਾ ਰਹੇ ਹਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਜਦਕਿ ਸਕੂਲੀ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਵੰਡ ਲਈ ਪ੍ਰਸ਼ਾਸਨ ਨੂੰ ਚੰਗੀ ਵਿਉਂਤਬੰਦੀ ਦਾ ਸਹਾਰਾ ਲੈਣਾ ਚਾਹੀਦਾ ਸੀ, ਪਰ ਕਾਂਗਰਸੀ ਆਗੂ ਕੋਰੋਨਾ ਕਹਿਰ ਦੀ ਪ੍ਰਵਾਹ ਨਾ ਕਰਦੇ ਹੋਏ ਸਕੂਲਾਂ ‘ਚ ਸਮਾਗਮ ਰੱਖਕੇ ਸੌੜੀ ਤੇ ਘਟੀਆ ਸਿਆਸਤ ਲਈ ਵੱਡੇ ਇਕੱਠ ਕਰਨ ਨੂੰ ਤਰਜੀਹ ਦੇ ਰਹੇ ਹਨ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੌਰ ‘ਚ ਕੋਰੋਨਾ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਥੋੜ੍ਹੇ ਦਿਨ ਪਹਿਲਾਂ ਹੀ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਦਾ ਕੋਰੋਨਾ ਪਾਜ਼ੀਟਿਵ ਪਾਇਆ ਜਾਣ ਨਾਲ ਹਾਲਾਤ ਹੋਰ ਵੀ ਚਿੰਤਾਜਨਕ ਹੋ ਰਹੇ ਹਨ, ਪਰ ਦੂਜੇ ਪਾਸੇ ਕਾਂਗਰਸੀ ਸਮਾਰਟ ਫੋਨ ਅਤੇ ਰਾਸ਼ਨ ਦੀ ਵੰਡ ਸਮਾਗਮਾਂ ‘ਚ ਫੋਟੋਆਂ ਖਿਚਵਾਉਣ ਅਤੇ ਵੱਡੇ ਇਕੱਠ ਨੂੰ ਤਰਜੀਹ ਦੇ ਕੇ ਲੋਕਾਂ ਤੇ ਬੱਚਿਆਂ ਦੀ ਜਾਨਾਂ ਨਾਲ ਖਿਲਵਾੜ ਕਰਨ ਨੂੰ ਪਹਿਲ ਦਿੰਦੇ ਹਨ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਕਾਂਗਰਸੀ ਆਗੂਆਂ ਸਮੇਤ ਸਕੂਲ ਦੇ ਹੈਡ ਟੀਚਰ ਅਤੇ ਡੀਈਓ ਖਿਲਾਫ਼ ਸਖਤ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਜਾਂ ਪ੍ਰਸ਼ਾਸਨ ਨੇ ਗੈਰ ਜ਼ਿੰਮੇਵਾਰਦਾਨਾ ਭੂਮਿਕਾ ਨਿਭਾਉਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸਖਤ ਐਕਸ਼ਨ ਵੀ ਉਲੀਕ ਸਕਦਾ ਹੈ।

Leave a Reply

Your email address will not be published. Required fields are marked *