ਸਵਰਗਵਾਸੀ ਪ੍ਰੋਫੈਸਰ ਦੀ ਪਤਨੀ ਵੱਲੋਂ ਕਾਲਜ ਬੁੱਕ ਬੈਂਕ ਲਈ ਕਿਤਾਬਾਂ ਭੇਂਟ”
ਪਟਿਆਲਾ (ਮਧੂਸਾਰ ਬਿਊਰੋ) “ਇੱਕ ਸੱਚਾ ਅਧਿਆਪਕ ਹਮੇਸ਼ਾ ਲਈ ਅਧਿਆਪਕ ਹੁੰਦਾ ਹੈ”, ਇਸ ਵਾਕ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਵੇਖਣ ਨੂੰ ਮਿਲੀ ਜਦੋਂ ਸਵਰਗਵਾਸੀ ਪ੍ਰੋ. ਭਗਵਾਨ ਸਿੰਘ (ਸਾਬਕਾ ਮੁਖੀ ਜੋਗਰਫੀ ਵਿਭਾਗ) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ, ਦੀ ਪਤਨੀ ਅਤੇ ਪੁੱਤਰੀ ਵੱਲੋਂ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਕਾਲਜ ਦੇ ਜੋਗਰਫੀ ਵਿਭਾਗ ਦੇ ਬੁੱਕ ਬੈਂਕ ਲਈ ਕਿਤਾਬਾਂ ਦਾਨ ਕੀਤੀਆਂ।
ਮਾਤਾ ਸ੍ਰੀਮਤੀ ਜਸਵਿੰਦਰ ਕੌਰ, ਪਤਨੀ ਸਵਰਗਵਾਸੀ ਪ੍ਰੋਫੈਸਰ ਭਗਵਾਨ ਸਿੰਘ ਨੇ ਕਾਲਜ ਦੇ ਜੋਗਰਫੀ ਵਿਭਾਗ ਦੇ “ਬੁੱਕ ਬੈਂਕ”, ਜੋ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਅਧਿਆਪਕਾਂ, ਸਮਾਜ ਸੇਵੀਆਂ ਅਤੇ ਪੁਰਾਣੇ ਵਿਦਿਆਰਥੀਆਂ ਵੱਲੋਂ ਦਾਨ ਕੀਤੀਆਂ ਕਿਤਾਬਾਂ ਦਾ ਭੰਡਾਰ ਹੈ, ਲਈ ਪੁਸਤਕਾਂ ਦਾਨ ਕੀਤੀਆਂ ਜਾਂਦੀਆਂ ਹਨ, ਤਾਂ ਜੋ ਕੋਈ ਗਰੀਬ ਵਿਦਿਆਰਥੀ ਮਾਲੀ ਹਾਲਤਾਂ ਕਰਕੇ ਪੜ੍ਹਾਈ ਛੱਡਣ ਲਈ ਮਜ਼ਬੂਰ ਨਾ ਹੋਵੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਿਮਰਤ ਕੌਰ ਨੇ ਪ੍ਰੋ. ਭਗਵਾਨ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਪ੍ਰੋ. ਸਾਹਿਬ ਦੀ ਮਹਿੰਦਰਾ ਕਾਲਜ ਵਿਖੇ ਤਨਦੇਹੀ ਨਾਲ ਕੀਤੀ ਸੇਵਾ ਨੂੰ ਵਿਭਾਗ ਦੇ ਅਧਿਆਪਕ ਅਕਸਰ ਯਾਦ ਕਰਦੇ ਰਹਿੰਦੇ ਹਨ। ਉਹਨਾਂ ਨਾਲ ਹੀ ਪ੍ਰੋ. ਭਗਵਾਨ ਸਿੰਘ ਦੀ ਵਿਧਵਾ ਪਤਨੀ ਦੇ ਦਿਆਲੂ ਸੁਭਾਆ ਦੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਜੋਗਰਫੀ ਵਿਭਾਗ ਦੇ ਬੁੱਕ ਬੈਂਕ ਵਿੱਚ ਕਿਤਾਬਾਂ ਦਾ ਵਾਧਾ ਕਰਕੇ ਵਿਦਿਆਰਥੀਆਂ ਲਈ ਕਿਤਾਬਾਂ ਦੀ ਅਹਿਮਿਅਤ ਦੇ ਮੁੱਲ ਦੀ ਪਛਾਣ ਕੀਤੀ। ਵਿਭਾਗ ਦੇ ਮੁਖੀ ਪ੍ਰੋ. ਨਵਜੋਤ ਸਿੰਘ ਵੱਲੋਂ ਆਪਣੇ ਵਿਦਿਆਰਥੀ ਜੀਵਨ ਦੌਰਾਨ ਪ੍ਰੋ. ਭਗਵਾਨ ਸਿੰਘ ਪਾਸੋਂ ਹਾਸਿਲ ਕੀਤੇ ਵਿੱਦਿਅਕ ਗੁਰਾਂ ਦਾ ਜ਼ਿਕਰ ਕੀਤਾ। ਜਿਹਨਾਂ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਯੂਨੀਵਰਸਿਟੀ ਵਿੱਚ ਜੋਗਰਫੀ ਵਿਸ਼ੇ ਦੀ ਉਚੇਰੀ ਸਿੱਖਿਆ ਲਈ ਅਤੇ ਅੱਜ ਉਹ ਖੁਦ ਹੀ ਉਸੇ ਵਿਭਾਗ ਵਿੱਚ ਬਤੌਰ ਮੁਖੀ ਕੰਮ ਕਰ ਰਹੇ ਹਨ, ਜਿੱਥੇ ਉਹ ਵਿਦਿਆਰਥੀ ਰਹੇ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਰਜਿੰਦਰ ਸਿੰਘ ਟੌਹੜਾ ਤੋਂ ਇਲਾਵਾ ਕਾਲਜ ਲਾਇਬਰੇਰੀਅਨ ਸ੍ਰੀ ਸੁਭਾਸ ਮੋਂਗਾ ਵੀ ਹਾਜ਼ਿਰ ਰਹੇ।

