ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ : ਡਾ. ਟਿਵਾਣਾ
ਪਟਿਆਲਾ 17 ਅਗਸਤ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਵਾਈਸ-ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਲਗਾਇਆ ਗਿਆ ਧਰਨਾ 20ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਰੋਸ ਧਰਨੇ ਵਿਚ ਵਿਸ਼ੇਸ਼ ਤੌਰ ְਤੇ ਬਹੁ ਗਿਣਤੀ ਵਿਚ ਪੈਨਸ਼ਨਰਾਂ ਵਲੋਂ ਸ਼ਿਰਕਤ ਕੀਤੀ ਗਈ। ਕੁਝ ਗੈਰ-ਅਧਿਆਪਨ ਕਰਮਚਾਰੀ ਜਿਨ੍ਹਾਂ ਨੂੰ ਜੂਨ ਮਹੀਨੇ ਦੀ ਸਮੇਂ ਸਿਰ ਪੈਨਸ਼ਨ ਨਹੀਂ ਮਿਲੀ ਅਤੇ ਉਨ੍ਹਾਂ ਨੇ ਮਾਯੂਸ ਹੋ ਕੇ ਇਕ ਵੱਖਰੀ ਪੰਜਾਬੀ ਯੂਨੀਵਰਸਿਟੀ ਪੈਨਸ਼ਨਰ ਐਸੋਸ਼ੀਏਸ਼ਨ ਬਣਾਈ ਹੋਈ ਸੀ ਦੇ ਨੁਮਾਇੰਦੇ ਵੀ ਇਸ ਧਰਨੇ ਵਿਚ ਸ਼ਾਮਲ ਹੋਏ।
ਇਸ ਮੌਕੇ ਗੁਰਨੈਬ ਸਿੰਘ ਅਤੇ ਸ੍ਰੀ ਗੁਰਚਰਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਮੇਂ ਸਿਰ ਪੈਨਸ਼ਨ ਨਾ ਮਿਲਣ ਤੇ ਆਪਣਾ ਰੋਸ ਪ੍ਰਗਟ ਕੀਤਾ। ਇਸ ਮੌਕੇ ਡਾ: ਬਲਵਿੰਦਰ ਸਿੰਘ ਟਿਵਾਣਾ, ਪ੍ਰੋਫੈਸਰ ਰਿਟਾਇਰਡ, ਨੇ ਯੂਨੀਵਰਸਿਟੀ ਦੀ ਵਿਗੜਦੀ ਵਿੱਤੀ ਸਥਿਤੀ ਬਾਰੇ ਦੱਸਿਆ। ਡਾ. ਟਿਵਾਣਾ ਨੇ ਪੂਰੇ ਤੱਥਾਂ ਅਤੇ ਅੰਕੜਿਆਂ ਸਹਿਤ ਯੂਨੀਵਰਸਿਟੀ ਦੀ ਵਿੱਤੀ ਹਾਲਤ ਬਾਰੇ ਦੱਸਿਆ ਕਿ ਇਸ ਹਾਲਾਤ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਹੀ ਜ਼ੁੰਮੇਵਾਰ ਹਨ। ਜਿਨ੍ਹਾਂ ਨੇ ਵਿੱਦਿਆ ਦੇ ਵਿਕਾਸ ਲਈ ਦਿੱਤੀ ਜਾਂਦੀ ਗ੍ਰਾਂਟ ਹਰ ਸਾਲ ਘਟ ਕਰਕੇ ਇਹ ਵਿੱਤੀ ਸੰਕਟ ਪੈਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਲ 1991-92 ਵਿਚ ਰਾਜ ਸਰਕਾਰ ਦੀ ਯੂਨੀਵਰਸਿਟੀ ਨੂੰ ਫੰਡਿੰਗ 15.15 ਕਰੋੜ ਸੀ, ਜੋ ਕਿ ਵਧ ਕੇ ਮੌਜੂਦਾ ਬਜਟ, 2020-21 ‘ਚ 108.91 ਕਰੋੜ ਰੁਪਏ ਹੋ ਗਈ ਹੈ, ਜੋ ਕਿ ਸਿਰਫ 7.19 ਗੁਣਾ ਵਾਧਾ ਹੈ। ਇਸ ਦੇ ਨਾਲ ਹੀ, ਯੂਨੀਵਰਸਿਟੀ ਦੀ ਆਮਦਨੀ ਵਿਚ ਵਿਦਿਆਰਥੀਆਂ ਦੀ ਫੀਸ ਦਾ ਹਿੱਸਾ 112.83 ਗੁਣਾ ਵੱਧ ਕੇ 1991-92 ਵਿਚ 1.69 ਕਰੋੜ ਰੁਪਏ ਤੋਂ ਹਾਲ ਹੀ ਦੇ ਸਮੇਂ ਵਿਚ 190.68 ਕਰੋੜ ਰੁਪਏ ਪਹੁੰਚ ਗਿਆ ਹੈ। ਇਸ ਲਈ, ਰਾਜ ਸਰਕਾਰ ਨੂੰ ਵੀ ਇਸੇ ਯੂਨੀਵਰਸਿਟੀ ਦੇ ਅਨੁਪਾਤ ਨਾਲ ਇਸ ਯੂਨੀਵਰਸਿਟੀ ਨੂੰ ਫੰਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਉਤਸ਼ਾਹਤ ਕਰਨ ਲਈ ਸੁਹਿਰਦ ਨਹੀਂ ਹੈ ਕਿਉਂਕਿ ਪਿਛਲੇ 20 ਸਾਲਾਂ ਦੌਰਾਨ ਸਰਕਾਰੀ ਕਾਲਜਾਂ ਵਿੱਚ ਕੋਈ ਵੀ ਅਧਿਆਪਕ ਅਸਾਮੀ ਨਹੀਂ ਭਰੀ ਗਈ ਹੈ ਅਤੇ ਇਨ੍ਹਾਂ ਕਾਲਜਾਂ ਵਿੱਚ ਅਧਿਆਪਨ ਸਟਾਫ ਦੀ ਗਿਣਤੀ ਪਹਿਲੇ ਕੁੱਲ ਤੋਂ ਲਗਭਗ ਇੱਕ ਚੌਥਾਈ ਤੱਕ ਰਹਿ ਗਈ ਹੈ। ਉਨ੍ਹਾਂ ਦੁਹਰਾਇਆ ਕਿ ਯੂਨੀਵਰਸਿਟੀ ਦੇ ਕਰਮਚਾਰੀ ਪੰਜਾਬ ਸਰਕਾਰ ਦੁਆਰਾ ਯੂਨੀਵਰਸਿਟੀ ਦੇ ਮਾਮਲਿਆਂ ਵਿੱਚ ਨਿਯੁਕਤ ਕੀਤੇ ਅਖੌਤੀ ‘ਸਲਾਹਕਾਰ’ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਸੰਬੋਧਨ ਕਰਦਿਆਂ ਸੇਵਾਮੁਕਤ ਡਿਪਟੀ ਰਜਿਸਟਰਾਰ ਸ੍ਰੀ ਬਲਵੰਤ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦਾ ਹੱਕ ਹੈ ਕਿ ਉਹ ਆਪਣੀ ਪੈਨਸ਼ਨ ਸਮੇਂ ਸਿਰ ਪ੍ਰਾਪਤ ਕਰਨ ਕਿਉਂਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਇਸ ਯੂਨੀਵਰਸਿਟੀ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਧਰਨੇ ਵਿਚ ਬਹੁਤ ਹੀ ਬਜ਼ੁਰਗ ਪੈਨਸ਼ਨਰ ਜੋ ਕਿ ਸਿਹਤ ਪੱਖੋਂ ਵੀ ਠੀਕ ਨਹੀਂ ਸਨ, ਸ਼ਾਮਿਲ ਹੋਏ। ਧਰਨੇ ਵਿਚ ਅੱਜ ਸ਼ਾਮਿਲ ਹੋਏ ਪੈਨਸ਼ਨਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜੁਆਇੰਟ ਐਕਸ਼ਨ ਕਮੇਟੀ ਵਲੋਂ ਵਿਢੇ ਸੰਘਰਸ਼ ਵਿਚ ਰੋਜ਼ਾਨਾ ਵੱਡੇ ਪੱਧਰ ਤੇ ਸ਼ਾਮਲ ਹੋਇਆ ਕਰਨਗੇ। ਬੀ ਅਤੇ ਸੀ ਕਲਾਸ ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਿੰਦਰਪਾਲ ਸਿੰਘ ਬੱਬੀ ਨੇ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਕਰਮਚਾਰੀਆਂ ਦੀ ਸਾਂਝੀ ਅਤੇ ਪੂਰੀ ਤਾਕਤ ਹੀ ਇਸ ਸ਼ਾਨਾਮੱਤੀ ਯੂਨੀਵਰਸਿਟੀ ਨੂੰ ਮਾੜੇ ਸਮੇਂ ਤੋਂ ਬਚਾ ਸਕਦੀ ਹੈ। ਸ੍ਰੀ ਗੱਜਣ ਸਿੰਘ, ਸਾਬਕਾ ਡਿਪਟੀ ਰਜਿਸਟਰਾਰ ਨੇ ਇਕੱਠੇ ਹੋਏ ਪੈਨਸ਼ਨਰ ਨੂੰ ਯਕੀਨ ਦੁਆਇਆ ਕਿ ਜੁਆਇੰਟ ਐਕਸ਼ਨ ਕਮੇਟੀ ਉਨ੍ਹਾਂ ਨੂੰ ਸਮੇਂ ਸਿਰ ਪੈਨਸ਼ਨ ਦੀ ਅਦਾਇਗੀ ਕਰਾਉਣ ਲਈ ਪੂਰਾ ਯਤਨ ਕਰੇਗੀ। ਇਸ ਧਰਨੇ ਵਿਚ ਡਾ. ਅਮਰਪ੍ਰੀਤ ਸਿੰਘ, ਡਾ. ਸਰਬਜੀਤ ਸਿੰਘ, ਡਾ. ਨਿਸ਼ਾਨ ਸਿੰਘ ਦਿਓਲ, ਡਾ. ਖੁਸ਼ਦੀਪ ਗੋਇਲ, ਡਾ. ਭੁਪਿੰਦਰ ਸਿੰਘ ਵਿਰਕ (ਪੂਟਾ ਦੇ ਸਾਬਕਾ ਪ੍ਰਧਾਨ), ਡਾ. ਰਾਜਬੰਸ ਸਿੰਘ ਗਿੱਲ ਅਤੇ ਇੰਜ. ਚਰਨਜੀਤ ਸਿੰਘ ਨੌਰਾ,ਸ੍ਰੀ ਗੁਰਜੀਤ ਸਿੰਘ, ਸ੍ਰੀ ਹਰਮੇਸ਼ ਲਾਲ, ਸ੍ਰੀ ਵਿਜੇ ਕੁਮਾਰ (ਕਰਮਚਾਰੀ ਲੋਕਤੰਤਰ ਮੋਰਚਾ) ਆਦਿ ਸ਼ਾਮਲ ਹੋਏ।

