ਕੋਰੋਨਾ ਸੰਕਟ : ਆਂਗਨਵਾੜੀ ਵਰਕਰਾਂ-ਹੈਲਪਰਾਂ ਨੇ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਿਆ
ਪਟਿਆਲਾ, 17 ਅਗਸਤ (ਮਧੂਸਾਰ ਬਿਊਰੋ) ਸੰਸਾਰ ‘ਚ ਫੈਲੀ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਾਗਰੂਕਤਾ ਮੁਹਿੰਮ ਚਲਾਕੇ ਇਸ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਅਹਿਮ ਭੂਮਿਕਾ ਨਿਭਾਉਦਿਆਂ ਘਰ-ਘਰ ਜਾਕੇ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕਰ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 9 ਬਲਾਕ ਪੱਧਰੀ ਦਫ਼ਤਰ ਤੇ 1828 ਆਂਗਨਵਾੜੀ ਸੈਂਟਰ ਚਲ ਰਹੇ ਹਨ, ਇਨਾਂ ‘ਚ 9 ਸੀ.ਡੀ.ਪੀ.ਓਜ਼, 40 ਸੁਪਰਵਾਈਜ਼ਰਾਂ ਸਮੇਤ 3400 ਦੇ ਕਰੀਬ ਆਂਗਨਵਾੜੀ ਵਰਕਰਜ਼ ਅਤੇ ਹੈਲਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਵਾਧੂ ਚਾਰਜ) ਸ. ਗੁਰਮੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਆਂਗਨਵਾੜੀ ਵਰਕਰਾਂ ਨੇ ਡੋਰ ਟੂ ਡੋਰ ਮੁਹਿੰਮ ਚਲਾਈ ਅਤੇ ਆਮ ਜਨਤਾ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਦੇ ਉਪਾਵਾਂ ਸਬੰਧੀ ਜਾਣਕਾਰੀ ਦਿੰਦਿਆ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ, ਸਾਬਣ ਨਾਲ ਹੱਥ ਧੋਣ ਅਤੇ ਗੈਰ ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਨ ਸਬੰਧੀ ਜਾਗਰੂਕ ਕੀਤਾ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਵਾਧੂ ਚਾਰਜ ) ਸ. ਗੁਰਮੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਸਮੂਹ ਆਂਗਣਵਾੜੀ ਵਰਕਰਾਂ ਵਲੋਂ ਫਰੰਟ ਲਾਈਨ ਵਰਕਰਾਂ ਦੀ ਭੂਮਿਕਾ ਨਿਭਾਉਂਦੇ ਹੋਏ ਪਿੰਡ ਤੇ ਵਾਰਡ ਪੱਧਰ ‘ਤੇ ਮਹਾਂਮਾਰੀ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਕੋਵਾ ਐਪ ਅਤੇ ਮਿਸ਼ਨ ਫ਼ਤਿਹ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਚਲਾਈ ਜਾ ਰਹੀ ਸਕੀਮ ‘ਬੇਟੀ ਬਚਾਓ ਬੇਟੀ ਪੜ੍ਹਾਓ’ ਬਾਰੇ ਵੀ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਇਜ਼ਰਾਂ ਨੇ ਘਰ -ਘਰ ਜਾ ਕੇ ਜਾਗਰੂਕਤਾ ਫੈਲਾਈ ਅਤੇ ਇਸ ਸਕੀਮ ਦੇ ਮੰਤਵ ਬਾਰੇ ਦੱਸਦਿਆ ਡੀ.ਪੀ.ਓ. ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਲੜਕੀਆਂ ਪ੍ਰਤੀ ਸਕਰਾਤਮਕ ਸੋਚ ਪੈਦਾ ਕਰਕੇ, ਲਿੰਗ ਅਨੁਪਾਤ ਵਿੱਚ ਸੁਧਾਰ ਲੈ ਕੇ ਆਉਣਾ ਹੈ।

